ਇੰਦੌਰ – ਰੂਸ-ਯੂਕਰੇਨ ਜੰਗ ਕਾਰਨ ਪੜ੍ਹਾਈ ਛੱਡ ਕੇ ਆਪਣੇ ਦੇਸ਼ ਭਾਰਤ ਪਰਤੇ ਮੈਡੀਕਲ ਦੇ ਕਈ ਵਿਦਿਆਰਥੀਆਂ ਲਈ ਅਗਲਾ ਰਸਤਾ ਮੁਸ਼ਕਲ ਨਜ਼ਰ ਆ ਰਿਹਾ ਹੈ। ਯੂਕਰੇਨ ਦੀਆਂ ਕਈ ਯੂਨੀਵਰਸਿਟੀਆਂ ‘ਚ ਆਨਲਾਈਨ ਪੜ੍ਹਾਈ ਸ਼ੁਰੂ ਹੋ ਗਈ ਹੈ, ਪਰ ਕੁਝ ਅਧਿਆਪਕ ਭਾਰਤੀ ਵਿਦਿਆਰਥੀਆਂ ਨੂੰ ਇਹ ਕਹਿ ਕੇ ਆਨਲਾਈਨ ਕਲਾਸ ‘ਚ ਸ਼ਾਮਿਲ ਕਰਨ ਤੋਂ ਇਨਕਾਰ ਕਰ ਰਹੇ ਹਨ ਕਿ ਭਾਰਤ ਯੂਕਰੇਨ ਦਾ ਨਹੀਂ ਬਲਕਿ ਰੂਸ ਦਾ ਸਾਥ ਦੇ ਰਿਹਾ ਹੈ। ਦੁਸ਼ਮਣ ਦੇਸ਼ ਦਾ ਸਾਥ ਦੇਣ ਵਾਲੇ ਭਾਰਤ ਦੇ ਵਿਦਿਆਰਥੀਆਂ ਨੂੰ ਨਹੀਂ ਪੜ੍ਹਾਉਣਗੇ। ਇੰਦੌਰ ‘ਚ ਅਜਿਹੇ ਕਈ ਵਿਦਿਆਰਥੀ ਹਨ, ਜਿਹੜੇ ਆਨਲਾਈਨ ਕਲਾਸਾਂ ‘ਚ ਸ਼ਾਮਲ ਨਹੀਂ ਹੋ ਪਾ ਰਹੇ।
ਟਰਨੋਪੋਲ ਮੈਡੀਕਲ ਯੂਨੀਵਰਸਿਟੀ ਤੇ ਕੀਵ ਮੈਡੀਕਲ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਇੰਟਰਨੈੱਟ ਮੀਡੀਆ ਰਾਹੀਂ ਸੰਦੇਸ਼ ਭੇਜ ਕੇ ਪੜ੍ਹਾਉਣ ਤੋਂ ਇਨਕਾਰ ਕੀਤਾ ਹੈ। ਪਰੇਸ਼ਾਨ ਵਿਦਿਆਰਥੀਆਂ ਨੇ ਬੀਤੇ ਦਿਨੀਂ ਇੱਥੇ ਆਏ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੰਧੀਆਂ ਨਾਲ ਮੁਲਾਕਾਤ ਕਰ ਕੇ ਸਮੱਸਿਆ ਦਾ ਹੱਲ ਤੇ ਕਰਨਾਟਕ ਦੀ ਤਰਜ਼ ‘ਤੇ ਮੱਧ ਪ੍ਰਦੇਸ਼ ‘ਚ ਵੀ ਅਗਲੇਰੀ ਪੜ੍ਹਾਈ ਦੀ ਸਹੂਲਤ ਦੇਣ ਦੀ ਮੰਗ ਕੀਤੀ ਸੀ। ਇੰਦੌਰ ਨਿਵਾਸੀ ਮੈਡੀਕਲ ਵਿਦਿਆਰਥਣ ਗ੍ਰੇਸੀ ਅਰੋੜਾ ਮੁਤਾਬਕ ਯੂਕਰੇਨ ਤੋਂ ਆਏ ਸਾਡੇ ਕਈ ਸਾਥੀ ਇਸ ਨਵੀਂ ਪਰੇਸ਼ਾਨੀ ਨਾਲ ਜੂਝ ਰਹੇ ਹਨ। ਖ਼ਾਸ ਤੌਰ ‘ਤੇ ਟਰਨੋਪੋਲ ਮੈਡੀਕਲ ਯੂਨੀਵਰਸਿਟੀ ਤੇ ਕੀਵ ਮੈਡੀਕਲ ਯੂਨੀਵਰਸਿਟੀ ਦੇ ਵਿਦਿਆਰਥੀ ਜ਼ਿਆਦਾ ਪਰੇਸ਼ਾਨ ਹਨ। ਉੱਥੋਂ ਦੇ ਕੁਝ ਅਧਿਆਪਕਾਂ ਨੇ ਉਨ੍ਹਾਂ ਨੂੰ ਆਨਲਾਈਨ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਇਸ ਜੰਗ ‘ਚ ਭਾਰਤ ਦੇ ਰੁਖ਼ ਤੋਂ ਨਾਰਾਜ਼ ਹਨ। ਸਾਨੂੰ ਡਰ ਹੈ ਕਿ ਅਜੇ ਤਾਂ ਕੁਝ ਹੀ ਯੂਨੀਵਰਸਿਟੀਆਂ ‘ਚ ਪੜ੍ਹਾਈ ਹੋ ਰਹੀ ਹੈ ਪਰ ਜੇਕਰ ਯੂਕਰੇਨ ਦੇ ਸਾਰੇ ਅਧਿਆਪਕਾਂ ਨੇ ਇਸ ਤਰ੍ਹਾਂ ਦਾ ਫ਼ੈਸਲਾ ਕਰ ਲਿਆ ਤਾਂ ਸਾਡੀ ਪਰੇਸ਼ਾਨੀ ਹੋਰ ਵਧ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਇਕ ਅਧਿਆਪਕਾ ਓਕਸਾਨਾ, ਟਰਨੋਪੋਲ ਯੂਨੀਵਰਸਿਟੀ ਦੀ ਏਲੇਨਾ ਇਵਾਨੋ ਫ੍ਰੈਂਸਕਿਵਸਕ ਯੂਨੀਵਰਸਿਟੀ ਦੇ ਮੇਰੀਏਨ ਆਦਿ ਨੇ ਭਾਰਤੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਹੈ। ਦੋ ਹੋਰ ਵਿਦਿਆਰਥੀਆਂ ਨੇ ਨਾਂ ਨਾ ਪ੍ਰਕਾਸ਼ਿਤ ਕਰਨ ਦੀ ਬੇਨਤੀ ‘ਤੇ ਦੱਸਿਆ ਕਿ ਇੰਟਰਨੈੱਟ ਮੀਡੀਆ ‘ਤੇ ਹੋਈ ਗੱਲਬਾਤ ‘ਚ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਸਮਝਾਉਣ ਦਾ ਯਤਨ ਵੀ ਕੀਤਾ, ਪਰ ਉਹ ਨਹੀਂ ਮੰਨੇ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਈ-ਮੇਲ ਕਰ ਕੇ ਮਿਸਾਲਾਂ ਸਮੇਤ ਦੱਸਿਆ ਕਿ ਯੂਕਰੇਨ ਤੇ ਭਾਰਤ ਦਾ ਸਾਥ ਹਮੇਸ਼ਾ ਰਿਹਾ ਹੈ। ਕਸਮੀਰ ਤੋਂ ਧਾਰਾ 370 ਹਟਣ ‘ਤੇ ਸਭ ਤੋਂ ਪਹਿਲਾਂ ਵਿਦੇਸ਼ੀ ਦਲ ਯੂਕਰੇਨ ਦਾ ਹੀ ਆਇਆ ਸੀ।