ਨਵੀਂ ਦਿੱਲੀ – ਬਰਤਾਨੀਆ ਦੇ ਨੌਰਥੈਂਪਟਨਸ਼ਾਇਰ ਵਿੱਚ ਵਾਪਰੀ ਕਤਲ ਦੀ ਇਕ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲੀਸ ਨੂੰ ਸ਼ੱਕ ਹੈ ਕਿ ਭਾਰਤੀ ਮੂਲ ਦੀ ਹਰਸ਼ਿਤਾ ਬਰੇਲਾ ਦਾ ਕਤਲ ਨੇ ਉਸ ਦੇ ਪਤੀ 23 ਸਾਲਾ ਪੰਕਜ ਲਾਂਬਾ ਵੱਲੋਂ ਕਥਿਤ ਤੌਰ ’ਤੇ ਦਾਜ ਲਈ ਕੀਤਾ ਗਿਆ ਹੈ। ਹਰਸ਼ਿਤਾ ਦੀ ਵੱਡੀ ਭੈਣ ਸੋਨੀਆ ਬਰੇਲਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਲਾਂਬਾ ਪਰਿਵਾਰ ਵੱਲੋਂ ਉਨ੍ਹਾਂ ਤੋਂ ਦਾਜ ਦੀ ਮੰਗ ਕੀਤੀ ਜਾ ਰਹੀ ਸੀ, ਹਾਲਾਂਕਿ ਉਨ੍ਹਾਂ ਨੇ ਵਿਆਹ ਦੌਰਾਨ ਸੋਨਾ ਅਤੇ ਪੈਸੇ ਦਿੱਤੇ ਸਨ। ਸੋਨੀਆ ਨੇ ਦੋਸ਼ ਲਾਇਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੀ ਭੈਣ ਦਾ ਦਾਜ ਲਈ ਕਤਲ ਕੀਤਾ ਗਿਆ ਹੈ।ਉਸ ਨੇ ਕਿਹਾ, ‘‘ਹਰਸ਼ਿਤਾ ਦਾ ਵਿਆਹ ਇਸ ਸਾਲ 22 ਮਾਰਚ ਨੂੰ ਪੰਕਜ ਲਾਂਬਾ ਨਾਲ ਹੋਇਆ ਸੀ। ਪਰਿਵਾਰ ਵਾਲਿਆਂ ਨੇ ਪੰਕਜ ਨੂੰ ਕਾਫੀ ਦਾਜ ਦਿੱਤਾ ਸੀ ਪਰ ਫਿਰ ਵੀ ਉਹ ਕਥਿਤ ਤੌਰ ’ਤੇ ਖੁਸ਼ ਨਹੀਂ ਸੀ। ਉਹ ਸਾਡੇ ਤੋਂ ਦਾਜ ਦੀ ਮੰਗ ਕਰਦਾ ਰਿਹਾ।’’ਬਰੇਲਾ ਦੀ ਲਾਸ਼ ਨੂੰ 14 ਨਵੰਬਰ ਨੂੰ ਕਾਰ ਰਾਹੀਂ ਕਾਰਬੀ ਤੋਂ ਪੂਰਬੀ ਲੰਡਨ ਤੱਕ ਕਾਰ ਲਿਜਾਇਆ ਗਿਆ ਸੀ ਅਤੇ ਕਾਰ ਨੂੰ ਬਿ੍ਰਸਬੇਨ ਰੋਡ, ਇਲਫੋਰਡ ਵਿੱਚ ਪਾਰਕ ਕਰ ਕੇ ਛੱਡ ਦਿੱਤਾ ਗਿਆ ਸੀ। ਜਾਂਚ ਤੋਂ ਪਤਾ ਚੱਲਦਾ ਹੈ ਕਿ ਹਰਸ਼ਿਤਾ ਦੀ ਹੱਤਿਆ 10 ਨਵੰਬਰ ਨੂੰ ਕੀਤੀ ਗਈ। ਪੁਲੀਸ ਹੁਣ ਪੰਕਜ ਲਾਂਬਾ ਦੀ ਭਾਲ ਕਰ ਰਹੀ ਹੈ। ਪੁਲੀਸ ਮੁਤਾਬਕ ਉਹ ਇਸ ਕਤਲ ਬਾਰੇ ਲਾਂਬਾ ਨਾਲ ਗੱਲ ਕਰਨੀ ਚਾਹੁੰਦੇ ਹਨ।ਸੋਨੀਆ ਬਰੇਲਾ ਨੇ ਹੋਰ ਦੱਸਿਆ, ‘‘ਸਾਨੂੰ 15 ਨਵੰਬਰ ਨੂੰ ਦਿੱਲੀ ਵਿਚਲੇ ਪੁਲੀਸ ਸਟੇਸ਼ਨ ਤੋਂ ਫ਼ੋਨ ਆਇਆ ਕਿ ਹਰਸ਼ਿਤਾ ਦੀ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਦੂਤਾਵਾਸ ਨੇ ਸੂਚਿਤ ਕੀਤਾ ਹੋਵੇਗਾ। ਅਸੀਂ ਹੈਰਾਨ ਸਾਂ ਕਿ ਇਹ ਕਿਵੇਂ ਹੋਇਆ। ਜਦੋਂ ਅਸੀਂ ਹਰਸ਼ਿਤਾ ਅਤੇ ਲਾਂਬਾ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਦੇ ਦੋਵੇਂ ਫ਼ੋਨ ਬੰਦ ਸਨ। ਜਦੋਂ ਅਸੀਂ ਪੰਕਜ ਦੇ ਪਰਿਵਾਰ ਨੂੰ ਦੱਸਿਆ ਤਾਂ ਜਾਪਦਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ਾਸ ਚਿੰਤਾ ਸੀ। ਸਾਨੂੰ ਲੱਗਾ ਕਿ ਕਤਲ ਤੋਂ ਬਾਅਦ ਪੰਕਜ ਨੇ ਆਪਣੇ ਪਰਿਵਾਰ ਨੂੰ ਸਭ ਕੁਝ ਦੱਸ ਦਿੱਤਾ ਹੋਵੇਗਾ।’’ ਨੌਰਥੈਂਪਟਨਸ਼ਾਇਰ ਪੁਲੀਸ ਦੇ ਬਿਆਨ ਮੁਤਾਬਕ ਉਨ੍ਹਾਂ 14 ਨਵੰਬਰ ਨੂੰ ਹਰਸ਼ਿਤਾ ਦੀ ਲਾਸ਼ ਮਿਲਣ ਤੋਂ ਫ਼ੌਰੀ ਬਾਅਦ ਉਸਦੀ ਹੱਤਿਆ ਦੀ ਜਾਂਚ ਸ਼ੁਰੂ ਕੀਤੀ ਸੀ।