1991 ਦੀ ਹਿੰਦੀ ਫਿਲਮ ‘ਸੌਦਾਗਰ’ ਵਿੱਚ ਇੱਕ ਗੀਤ ਹੈ -‘ਈਲੂ, ਈਲੂ, ਈਲੂ…ਯੇਹ ਈਲੂ ਈਲੂ ਕਯਾ ਹੈ”? ਇਸ ਬੜੇ ਹੀ ਪ੍ਰਸਿੱਧ ਗੀਤ ਵਿੱਚ ਹੀ ਇਸ ਪ੍ਰਸ਼ਨ ਦਾ ਜਵਾਬ ਵੀ ਹੈ- “ਈਲੂ ਕਾ ਮਤਲਬ ਆਈ ਲਵ ਯੂ, ਆਈ ਲਵ ਯੂ”!
1981 ਦੀ ਇੱਕ ਮਸ਼ਹੂਰ ਫਿਲਮ “ਕ੍ਰਾਂਤੀ’ ਵਿਚ ਵੀ ਇਕ ਗੀਤ ਹੈ,”ਚਨਾਜੋਰ ਗਰਮ ਬਾਬੂ ਮੈਂ ਲਾਈ/ਲਾਇਆ ਮਜ਼ੇਦਾਰ,ਚਨਾਜੋਰ ਗਰਮ/ਮੇਰਾ ਚਨਾ ਬਨਾ ਹੈ ਆਲਾ/ਜਿਸ ਮੇਂ ਡਾਲਾ ਗਰਮ ਮਸਾਲਾ, ਇਸ ਕੋ ਖਾਏਗਾ ਦਿਲਵਾਲਾ ਚਨਾਜ਼ੋਰ ਗਰਮ…”।
ਇਹ ਦੋਵੇਂ ਗੀਤ ਸਾਨੂੰ ਉੱਤਰ-ਪੂਰਬੀ ਭਾਰਤ,ਵਿਸ਼ੇਸ਼ ਕਰਕੇ ਪੱਛਮੀ ਬੰਗਾਲ ਵਿੱਚ ਬਹੁਤ ਹੀ ਹਰਮਨ- ਪਿਆਰੇ, ਲੋਕ-ਦੁਲਾਰੇ, ਮਸਾਲੇਦਾਰ ਤੇ ਕਰਾਰੇ ਸਟ੍ਰੀਟ ਫੂਡ ਸਨੈਕ ਝਾਲਮੁੜੀ ਦੇ ਰਾਤੋ-ਰਾਤ ਇਕ ਕਿਸਮ ਦੇ ਚਟਪਟੇ ‘ਰਾਸ਼ਟਰੀ ਸਨੈਕ’ ਬਣ ਜਾਣ ਕਾਰਨ ਯਾਦ ਆਏ।
ਚਾਰ ਮਈ ਨੂੰ ਭਾਜਪਾ ਵਲੋਂ ਬੰਗਾਲ ਨੂੰ ਭਗਵਾਮਈ ਕੀਤੇ ਜਾਣ ਮਗਰੋਂ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ ਲੈ ਕੇ ਰਾਸ਼ਟਰ ਦੀ ਰਾਜਧਾਨੀ ਦਿੱਲੀ ਤਕ ਭਾਜਪਾਈਆਂ ਅਤੇ ਉਹਨਾਂ ਦੇ ਸਮੱਰਥਕਾਂ ਨੇ ਟੋਕਰੇ, ਛਿੱਕੂ, ਤਸਲੇ ਤੇ ਹੋਰ ਭਾਂਡੇ ਭਰ ਭਰ ਝਾਲਮੁੜੀ ਵੰਡ ਕੇ ਜਿੱਤ ਦੇ ‘ਝਾਲਮੁੜੀ-ਜਸ਼ਨ’ ਮਨਾਏ। ਕੁਝ ਝਾਲਮੁੜੀ ਵਾਲੇ ਬਰਤਨਾਂ ਉੱਪਰ ਪ੍ਰਧਾਨ ਮੰਤਰੀ ਦਾ ਪੋਸਟਰ ਵੀ ਲਗਾਇਆ ਗਿਆ ਸੀ। ਕਈ ਬੈਨਰਾਂ ਉੱਪਰ ‘ਝਾਲਮੁੜੀ, ਮੋਦੀ ਜੀ ਖੇਲੋ’ ਲਿਖਿਆ ਸੀ ਤੇ ਨਾਲ ਹੀ ‘ਮਮਤਾ ਕਾ ਖੇਲਾ ਖਤਮ’। ਵੰਡੇ ਤਾਂ ਲੱਡੂ, ਜਲੇਬੀਆਂ,ਸ ਮੋਸੇ, ਰਸਗੁੱਲੇ ਤੇ ਹੋਰ ਮਿਠਾਈਆਂ ਵੀ ਗਏ ਪਰ ਝੰਡੀ ਝਾਲਮੁੜੀ ਦੀ ਹੀ ਰਹੀ। ਭਾਵੇਂ ਇਸ ਸਨੈਕ ਵਿੱਚ ਹਰੀ ਮਿਰਚ ਪਾਈ ਜਾਂਦੀ ਹੈ ਪਰ ਮਮਤਾ ਬੈਨਰਜੀ ਅਤੇ ਟੀ.ਐੇਮ.ਸੀ. ਵਾਲਿਆਂ ਨੂੰ ਚਿੜਾਉਣ ਲਈ ਭਾਜਪਾ ਵਾਲੇ ਲਾਲ ਮਿਰਚ ਵਾਲੀ ਝਾਲਮੁੜੀ ਵੰਡ-ਵਰਤਾ ਰਹੇ ਸਨ! (ਭਾਜਪਾ ‘ਚ ‘ ਝਾਲਮੁੜੀ ਕਲਚਰ’ ਕਿੰਨਾਂ ਘਰ ਗਿਐ, ਇਸ ਦੀ ਤਾਜ਼ਾ ਮਿਸਾਲ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਵਲੋਂ 5 ਮਈ ਨੂੰ ਕੈਬਨਿਟ ਬਰੀਫਿੰਗ ਉਪਰੰਤ ਝਾਲਮੁੜੀ ਛਕਦਿਆਂ ਦੀ ਵਾਇਰਲ ਹੋਈ ਫੋਟੋ ਹੈ!)
ਬਣਾਈ ਤਾਂ ਮਛਲੀ ਵੀ ਗਈ ਸੀ ਕਿਉਂਕਿ ਮੱਛੀ-ਭਾਤ ਬੰਗਾਲੀਆਂ ਦਾ ਮਨਪਸੰਦ ਖਾਣਾ ਹੈ ਪਰ ਝਾਲਮੁੜੀ ਸਭ ਤੇ ਭਾਰੀ ਪਈ! (ਤੁਹਾਨੂੰ ਯਾਦ ਹੀ ਹੋਵੇਗੀ ਬੰਗਾਲ ‘ਚ ਚੋਣ-ਪ੍ਰਚਾਰ ਦੌਰਾਨ ਇੱਕ ਭਾਜਪਾ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਦੀ ਮੱਛੀ ਖਾਂਦਿਆਂ ਦੀ ਵਾਇਰਲ ਹੋਈ ਵੀਡੀਓ)।ਇੱਕ ਬਾਲ ਗੀਤ ਅਨੁਸਾਰ ‘ਮਛਲੀ ਜਲ ਕੀ ਰਾਨੀ ਹੈ’ ਪਰ ‘ਅਪਡਟੇਡ’ ਗੀਤ ਅਨੁਸਾਰ ਹੁਣ ‘ਝਾਲਮੁੜੀ ਮਹਾਰਾਣੀ ਹੈ’!
ਭਲਾ ਝਾਲਮੁੜੀ ਕਿਉਂ ਵਰਤਾਈ ਗਈ? ਇਸ ਦਾ ਕਾਰਨ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਵਿਚ ਆਪਣੇ ਤਾਬੜਤੋੜ ਚੋਣ ਪ੍ਰਚਾਰ ਸਮੇਂ 19 ਅਪ੍ਰੈਲ ਨੂੰ ਇਕ ‘ਬਰੇਕ’ ਦੌਰਾਨ ਝਾੜਗਰਾਮ ਇਲਾਕੇ ਦੀ ਇੱਕ ਸੜਕ ਕਿਨਾਰੇ ਦੁਕਾਨ ਤੋਂ 10 ਰੁਪਏ ਦੀ ਝਾਲਮੁੜੀ ਖ੍ਰੀਦ ਕੇ ਇਸ ਮਸਾਲੇਦਾਰ ਮੁਰਮੁਰੇ ਦਾ ਮਜ਼ਾ ਲਿਆ ਜੋ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਿਆ।੨੪ ਘੰਟਿਆਂ ‘ਚ ਹੀ ਇੰਟਰਨੈੱਟ ਤੇ ਇਸ ਦੇ ੧੦ ਕਰੋੜ ਤੋਂ ਵੱਧ ਵਿਯੂਜ਼ ਹੋ ਗਏ ਅਤੇ ਫੇਸਬੁੱਕ ਤੇ ੯ ਕਰੋੜ ਤੋਂ ਵਧੇਰੇ!
ਇਸ ਸਭ ਦੇ ਵਿਸਥਾਰ ਵਿੱਚ ਜਾਣ ਤੋਂ ਪਹਿਲਾਂ ਆਉ ਜ਼ਰਾ ਦੇਖ ਲਈਏ ਕਿ ਝਾਲਮੁੜੀ ਹੁੰਦੀ ਕੀ ਹੈ?
ਝਾਲਮੁੜੀ ਬੰਗਾਲੀ ਭਾਸ਼ਾ ਦੇ ਦੋ ਸ਼ਬਦਾਂ ‘ਝਾਲ’ ਅਤੇ ‘ਮੁੜੀ/ਮੁਰੀ’ ਦੇ ਜੋੜ ਤੋਂ ਬਣਿਐਂ। ‘ਝਾਲ’ ਦਾ ਅਰਥ ਮਸਲੇਦਾਰ/ਕਰਾਰਾ ਅਤੇ ‘ਮੁੜੀ/ਮੁਰੀ’ ਦਾ ਮਤਲਬ ਮੁਰਮੁਰੇ,ਭੁੰਨੇ ਹੋਏ ਚਾਵਲ ਦੇ ਦਾਣੇ ਜਾਂ ਫੁੱਲੀਆਂ।
ਇਹ ਬੰਗਾਲ,ਖਾਸ ਕਰਕੇ ਕੋਲਕਾਤਾ,ਅਤੇ ਬਿਹਾਰ,ਉੜੀਸਾ,ਤ੍ਰਿਪੁਰਾ ਪ੍ਰਾਂਤਾਂ ‘ਚ ਇੱਕ ਸਟੇਪਲ ਨਾਸ਼ਤਾ ਹੈ ਜੋ ਆਪਣੇ ਤਿੱਖੇਪਨ ਕਰਕੇ ਬਹੁਤ ਲੋਕ ਪ੍ਰਿਆ ਹੈ।ਇਸ ਨੂੰ ਭੁੰਨੇ ਹੋਏ ਚਾਵਲਾਂ,ਸਰ੍ਹੋ ਦੇ ਤੇਲ,ਪਿਆਜ਼,ਟਮਾਟਰ,ਖੀਰਾ,ਉੱਬਲੇ ਆਲੂ,ਧਨੀਆਂ,ਹਰੀ ਮਿਰਚ,ਨਿੰਬੂ ਜਾਂ ਇਮਲੀ ਦੇ ਰਸ,ਭੁੰਨੀ ਹੋਈ ਮੂੰਗਫਲੀ,ਚਨਾਚੂਰ(ਨਮਕੀਨ),ਵਿਸ਼ੇਸ਼ ਝਾਲਮੁੜੀ ਮਸਲਾ/ਚਾਟ ਮਸਾਲਾ,ਕਾਲਾ ਨਮਕ ਆਦਿ ਮਿਲਾ ਕੇ ਬਣਾਇਆ ਜਾਂਦਾ ਹੈ।ਇਸ ਨੂੰ ਕਾਗਜ਼ ਦੇ ਬਣਾਏ ਕੋਨ ਵਿਚ ਪਰੋਸਿਆ ਜਾਂਦਾ ਹੈ ਜਿਸ ਕਾਰਨ ਇਸ ਦਾ ਸਟ੍ਰੀਟ ਸਟਾਈਲ ਅਨੁਭਵ ਬਣਿਆਂ ਰਹਿੰਦਾ ਹੈ।
ਇਹ ਸਵਾਦਲਾ,ਹਲਕਾ,ਸਸਤਾ,ਚਟਪਟਾ ਸਨੈਕ ਹੈ ਜਿਸ ਨੂੰ ਆਮ ਤੌਰ ਤੇ ਜਨਸਧਾਰਨ ਖਾਂਦੈ।ਇਹ ਸਿਹਤਮੰਦ ਵੀ ਹੁੰਦੈ ਅਤੇ ਪਚਣ ਵਿਚ ਅਸਾਨ ਵੀ।ਇਸ ਵਿਚ ਸਰ੍ਹੋਂ ਦੇ ਤੇਲ ਦੀ ਮਾਤਰਾ ਵੀ ਥੋੜੀ ਹੀ ਹੁੰਦੀ ਹੈ ਜਿਸ ਕਾਰਨ ਇਹ ‘ਔਇਲੀ’ (ਚਿਕਨਾਈ/ਥਿੰਧਾਈ) ਨਹੀਂ ਹੁੰਦਾ।
ਜਿਵੇਂ ਅਸੀਂ ਪਹਿਲਾਂ ਹੀ ਇਸ਼ਾਰਤਨ ਦਸ ਚੁੱਕੇ ਹਾਂ ਕਿ ਮੋਦੀ ਜੀ ਨੇ ਝਾੜਗਰਾਮ ਇਲਾਕੇ ਵਿੱਚ ਸੜਕ ਕਿਨਾਰੇ ਇੱਕ ਦੁਕਾਨਦਾਰ ਤੋਂ ਝਾਲਮੁੜੀ ਖਾਧੀ ਸੀ।ਇਸ ਵਿਕਰੇਤਾ ਦਾ ਨਾਮ ਵਿਕਰਮ ਸਾਅ ਹੈ ਜੋ ਬਿਹਾਰ ਦੇ ਗਯਾ ਦਾ ਰਹਿਣ ਵਾਲਾ ਹੈ(ਹੈ ਨਾ ਇੱਕ ਤੀਰ ਨਾਲ ਦੋ ਨਿਸ਼ਾਨੇ!ਨਾਲੇ ਬੰਗਾਲੀ ਖੁਸ਼,ਨਾਲੇ ਬਿਹਾਰੀ!)ਇਸ ਦੀ ਵੀਡੀਉ ਤਾਂ ਪਹਿਲਾਂ ਹੀ ਵਾਇਰਲ ਹੋ ਚੁਕੀ ਹੈ ਪਰ ੪ ਮਈ ਨੂੰ ਭਾਜਪਾ ਦੇ ਜਿੱਤ ਦੇ ਜਸ਼ਨਾਂ ਵਿਚ ਇਸ ਵੀਡੀਉ ਨੂੰ ਹਰ ਚੈਨਲ ਨੇ ਐੇਨੀ ਵਾਰ ਦਿਖਾਇਆ ਕਿ ਝਾਲਮੁੜੀ ਤਾਂ ਸਨੈਕਾਂ ਦੀ ਸਰਦਾਰ ਬਣ ਹੀ ਗਈ,ਨਾਲ ਹੀ ਦੁਕਾਨਦਾਰ ਗਦ ਗਦ ਵੀ ਹੋ ਗਿਆ ਤੇ ਮਸ਼ਹੂਰ ਵੀ।ਸਟ੍ਰੀਟ ਸਨੈਕ ਵੇਚਣ ਵਾਲੇ ਸਭ ਕੱਛਾਂ ਵਜਾਉਣ ਲਗ ਪਏ ਹੋਣੇ ਐਂ ਕਿ ਪ੍ਰਧਾਨ ਮੰਤਰੀ ਇੱਕ ਸਾਧਾਰਨ ਜਿਹੀ ਦੁਕਾਨ ਤੋਂ ਸਨੈਕ ਖ੍ਰੀਦ ਕੇ ਖਾ ਰਿਹੈ!
ਬਾਰ ਬਾਰ ਮੋਦੀ ਜੀ ਦਾ ਦੁਕਾਨਦਾਰ ਨਾਲ ਸੰਵਾਦ ਸੁਣਾਇਆ ਜਾ ਰਿਹਾ ਸੀ। ਤੁਸੀਂ ਵੀ ਇੱਕ ਵਾਰ ਹੋਰ ਸੁਣ/ਪੜ੍ਹ ਲਉ:
ਮੋਦੀ ਜੀ-‘ਭਾਈ,ਹਮੇਂ ਅਪਨਾ ਝਾਲਮੁੜੀ ਖਿਲਾਉ,ਅੱਛੇ ਵਾਲਾ ਕਿਤਨੇ ਕਾ ਹੋਤਾ ਹੈ”?
ਵਿਕਰੇਤਾ-10-10 ਰੁਪਏ ਕਾ।
ਮੋਦੀ-10 ਵਾਲਾ ਬੜੀਆ ਬਨਾਉ।
ਵਿਕਰੇਤਾ ਵਲੋਂ ਨਿਮਰਤਾ ਨਾਲ ਇਹ ਕਹਿਣ ਤੇ ਕਿ ਉਹ ਪੈਸੇ ਨਹੀਂ ਲਵੇਗਾ ਤਾਂ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕਿਹਾ ਕਿ ਉਹ ਖ੍ਰੀਦ ਕੇ ਹੀ ਖਾਣਗੇ।ਨਾਲ ਹੀ ਉਹਨਾਂ ਨੇ ਕੋਲ ਖੜੀਆਂ ਔਰਤਾਂ ਨੂੰ ਵੀ ਸੰਵਾਦ ‘ਚ ਸ਼ਾਮਿਲ ਕਰਦਿਆਂ ਕਿਹਾ,”ਆਪ ਕਾ ਪੁਰਾਨੀ ਚੀਜ਼ੇਂ ਖਾਨੇ ਆਏ ਹੈਂ..ਅਰੇ,ਯਹੀਂ ਖਾਏਂਗੇ..ਝਾਲ ਜ਼ਿਆਦਾ ਹੈ? ਕੋਈ ਬਾਤ ਨਹੀਂ,ਜ਼ਿਆਦਾ ਹੈ ਤੋ ਜ਼ਿਆਦਾ ਖਾਏਂਗੇ”।
ਮੋਦੀ ਨੇ ਹਲਕਾ ਫੁਲਕਾ ਹਾਸਾ-ਠੱਠਾ/ਮਜ਼ਾਕ ਵੀ ਕੀਤਾ।ਜਦੋਂ ਵਿਕਰੇਤਾ ਨੇ ਪੁੱਛਿਆ ਕਿ ਪਿਆਜ਼ ਪਾਵੇ ਕਿ ਨਾਂ,ਭਾਵ ਮੋਦੀ ਜੀ ਤੋਂ ਪੁੱਛਿਆ ਕਿ ਉਹ ਪਿਆਜ਼ ਖਾ ਲੈਂਦੇ ਹਨ ਕਿ ਨਹੀਂ, ਤਾਂ ਪ੍ਰਧਾਨ ਮੰਤਰੀ ਨੇ ਜਵਾਬ ਦਿਤਾ,”ਪਿਆਜ਼ ਖਾਤੇ ਹੈਂ,ਦਿਮਾਗ ਨਹੀਂ ਖਾਤੇ, ਬਸ”!
ਫਿਰ ਉਹਨਾਂ ਨੇ ਨਜ਼ਦੀਕ ਖੜੇ ਬੱਚਿਆਂ ਅਤੇ ਔਰਤਾਂ ਨੂੰ ਵੀ ਆਪਣੇ ਕਾਗਜ਼ ਦੇ ਲਿਫਾਫੇ ਵਿਚੋਂ ਝਾਲਮੁੜੀ ਖੁਆਈ,ਜੋ ਕਈ ਮਹਿਲਾਵਾਂ ਨੇ ਪ੍ਰਸ਼ਾਦ ਵਾਂਗ ਸ਼ਰਧਾਪੂਰਵਕ ਸਵੀਕਾਰ ਕੀਤੀ।
ਉਹਨਾਂ ਨੇ ਨੇੜਲੇ ਦੁਕਾਨਦਾਰਾਂ ਨਾਲ ਵੀ ਗਲਬਾਤ ਕੀਤੀ।
ਇਸ ਸਾਰੇ ਘਟਨਾਕ੍ਰਮ ਉਪਰੰਤ ਜਦ ਤ੍ਰਿਣਾਮੂਲ ਕਾਂਗਰਸ ਦੀ ਮੁਖੀ ਤੇ ਉਸ ਵੇਲੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਨੂੰ ‘ਡਰਾਮਾ’ ਕਹਿ ਕੇ ਨਿੰਦਿਆ ਤਾਂ ਮੋਦੀ ਨੇ ਇੱਕ ਚੋਣ ਰੈਲੀ ਵਿਚ ਚੁਟਕੀ ਲੈਂਦਿਆਂ ਕਿਹਾ,”ਝਾਲਮੁੜੀ ਮੈਂ ਨੇ ਖਾਈ ਲੇਕਿਨ ਝਾਲ(ਮਿਰਚੀ) ਟੀ.ਅੈਮ.ਸੀ. ਕੋ ਲਗੀ”! ਸਾਨੂੰ ਇਥੇ ਫਿਲਮ ‘ਕੁਲੀ ਨੰ.1’ (1995) ਦਾ ਗੀਤ ਯਾਦ ਆ ਗਿਆ-“ਮੈਂ ਤੋ ਰਾਸਤੇ ਸੇ ਜਾ ਰਹਾ ਥਾ,/ਮੈਂ ਤੋ ਝਾਲਮੁੜੀ* ਖਾ ਰਹਾ ਥਾ,/ਤੁਝ ਕੋ ਮਿਰਚੀ ਲਗੀ ਤੋ ਮੈਂ ਕਯਾ ਕਰੂੰ”? (*ਮੌਲਿਕ ਗੀਤ ਵਿਚ ਸ਼ਬਦ ‘ਭੇਲਪੁਰੀ’ ਹੈ)। ਨਾਲ ਹੀ 1999 ਦੀ ਫਿਲਮ ‘ਬੀਵੀ ਨੰ.1′ ਦਾ ਗਾਣਾ ਵੀ ਚੇਤੇ ਆਇਆ-“ਹਾਏ ਮਿਰਚੀ,ਉਫ ਉਫ ਮਿਰਚੀ /ਹਾਏ ਹਾਏ ਮਿਰਚੀ’! ਅਜਿਹਾ ‘ਪਿੱਟ ਸਿਆਪਾ’ ਜਿਹਾ ਬੰਦਾ ਉਦੋਂ ਕਰਦੈ ਜਦ ਮਿਰਚ ਐੇਨੀ ਲਗੇ ਕਿ ਨਾਸਾਂ ‘ਚੋਂ ਧੂੰਆਂ ਨਿਕਲ ਪਵੇ!
ਤੇ ਵਾਕਿਆ ਹੀ ਮਿਰਚੀ ਤਾਂ ਬੜਿਆਂ ਨੂੰ ਬੜੀ ਲਗੀ!ਜੀਭ ਨੇ ਤਾਂ ਸੜਨਾਂ ਹੀ ਸੀ,ਸੀ ਸੀ ਕਰਨਾਂ ਹੀ ਸੀ,ਸਾਰਾ ਸਰੀਰ ਹੀ ਛੂੰ ਛੂੰ ਕਰਨ ਲਗ ਪਿਆ!
ਨਿਗੋੜੀ 10 ਰੁਪਏ ਦੀ ਝਾਲਮੁੜੀ ਨੇ ਪੂਰੇ ਪੱਛਮੀ ਬੰਗਾਲ ਵਿਚ ਭਾਜਪਾ ਨੂੰ ਹੂੰਝਾਫੇਰ ਜਿਤ ਦਿਵਾ ਦਿਤੀ! 207 ਸੀਟਾਂ ਉਸ ਦੀ ਝੋਲੀ ਪਈਆਂ।ਤਿੰਨ ਵਾਰ ਮੁੱਖ ਮੰਤਰੀ ਰਹੀ ਦਲੇਰ ਤੇ ਦਬੰਗ ਮਮਤਾ ਬੈਨਰਜੀ ਦੀ ੧੫ ਸਾਲ ਰਾਜ ਕਰਨ ਵਾਲੀ ਪਾਰਟੀ ਸਿਰਫ 80 ਸੀਟਾਂ ਤੇ ਸਿਮਟ ਗਈ ਅਤੇ ਮਮਤਾ ਆਪਣੇ ਗੜ੍ਹ ‘ਚੋਂ ਵੀ ਹਾਰ ਗਈ।
ਆਜ਼ਾਦੀ ਮਗਰੋਂ ਪਹਿਲੀ ਵਾਰ ਭਾਜਪਾ ਬੰਗਾਲ ਵਰਗੇ ਪ੍ਰਾਂਤ ਵਿਚ ਸਰਕਾਰ ਬਣਾ ਰਹੀ ਹੈ। ਮਮਤਾ ਨੇ 5 ਮਈ ਨੂੰ ਕੀਤੀ ਪ੍ਰੈਸ ਕਾਨਫ੍ਰੰਸ ਵਿਚ ਇਸ ਨੂੰ ਸੀਟਾਂ ਦੀ ਲੁੱਟ ਕਹਿੰਦਿਆਂ ਬਹੁਤ ਸਾਰੀ ਇਲਜ਼ਾਮਤਰਾਸ਼ੀ ਕੀਤੀ ਹੈ ਅਤੇ ਪੱਖਪਾਤੀ ਮੁੱਖ ਚੋਣ ਕਮਸ਼ਿਨਰ,ਸੰਵਿਧਾਨਿਕ ਸੰਸਥਾਵਾਂ ਦੀ ਅਸਲਫਤਾ,ਵੋਟਰ ਸੂਚੀਆਂ ਦੀ ‘ਸਰ’ ਤਹਿਤ ਵਿਸ਼ੇਸ਼ ਸੁਧਾਈ ਸਮੇਂ ੯੦ ਲੱਖ ਵੋਟਾਂ ਕਟੇ ਜਾਣ ਸਿਰ ਆਪਣੀ ਹਾਰ ਦਾ ਠੀਕਰਾ ਭੰਨਿਆਂ ਹੈ।ਉਹਨਾਂ ਅਸਤੀਫਾ ਦੇਣ ਤੋਂ ਵੀ ਇਨਕਾਰ ਕਰ ਦਿਤੈ।ਇਸ ਗੱਲ ਲਈ ਗੋਦੀ ਮੀਡੀਆ ਮਮਤਾ ਦੀਦੀ ਨੂੰ ਦੁਸ਼ਯੰਤ ਕੁਮਾਰ ਦੇ ਸ਼ੇਅਰ ਰਾਹੀਂ ਤਾਹਨੇ-ਮਿਹਣੇ ਮਾਰ ਰਿਹੈ-“ਤੁਮਾਹਰੇ ਪਾਂਵ ਕੇ ਨੀਚੇ ਕੋਈ ਜ਼ਮੀਨ ਨਹੀਂ/ਕਮਾਲ ਯੇਹ ਹੈ ਕਿ ਫਿਰ ਭੀ ਤੁਮਹੇਂ ਯਕੀਨ ਨਹੀਂ”! (ਉਂਝ ਸੰਵਿਧਾਨਿਕ ਤੌਰ ਤੇ ਮਮਤਾ ਸਰਕਾਰ ਦਾ ਸਮਾਂ ੬ ਮਈ ਨੂੰ ਸਮਾਪਤ ਹੋ ਰਿਹੈ ਅਤੇ ਨਵੀਂ ਸਰਕਾਰ ਦਾ ਸਹੁੰ-ਚੁੱਕ ਸਮਾਗਮ ੯ ਮਈ ਨੂੰ ਹੋਣ ਵਾਲੈ।ਮਤਦਾਨ ਮਗਰੋਂ(ਪੋਸਟ ਪੋਲ) ਹਿੰਸਕ ਘਟਨਾਵਾਂ ਹੋਣ ਦੀਆਂ ਵੀ ਖਬਰਾਂ ਹਨ)।
ਸਵਾਲ ਪੈਦਾ ਹੁੰਦੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਝਾਲਮੁੜੀ ਖਾਣ ਅਤੇ ਇਸ ਵਰਗੀਆਂ ਹੋਰ ਸੰਕੇਤਕ ਗਲਾਂ ਕਿਉਂ ਕੀਤੀਆਂ?ਇਸ ਦਾ ਜਵਾਬ ਇਹੀ ਹੈ ਕਿ ਇਹਨਾਂ ਰਾਹੀਂ ਉਹ ਆਪਣੇ ਟਰੇਡਮਾਰਕ ਸਟਾਈਲ ਦੁਆਰਾ ਆਮ ਲੋਕਾਂ ਨਾਲ ਜੁੜਦੇ (ਕੁਨੈਕਟ) ਹਨ। ਉਹ ਇਹ ਸੰਦੇਸ਼ ਦੇਣ ‘ਚ ਕਾਮਯਾਬ ਹੋਏ ਕਿ ਆਮ ਬੰਦੇ ਵਾਂਗ ਉਹ ਵੀ ਆਮ ਸਟ੍ਰੀਟ ਸਨੈਕ ਖਾ ਲੈਂਦੇ ਹਨ,ਕੋਈ ਸ਼ਾਹੀ ਖਾਣੇ ਦੇ ਸ਼ੌਕੀਨ ਨਹੀਂ। ਇਹੋ ਜਿਹੇ ਸੰਕੇਤਕ ਇਸ਼ਾਰੇ ਉਹਨਾਂ ਨੇ ‘ਜੈ ਮਾਂ ਕਾਲੀ’ ਦੇ ਜੈਕਾਰੇ ਨਾਲ ਚੋਣ ਪ੍ਰਚਾਰ ਰੈਲੀਆਂ ਸ਼ੁਰੂ ਕਰਕੇ,ਚਾਹ ਦੇ ਬਾਗ ਵਿਚ ਚੁਗਾਵੀਆਂ ਨਾਲ ਚਾਹ ਦੀਆਂ ਪੱਤੀਆਂ ਚੁਣ ਕੇ,ਗੰਗਾ ਵਿਚ ਬੇੜੀ ਦੀ ਸੈਰ ਅਤੇ ਫੋਟੋਗਰਾਫੀ ਕਰਕੇ,ਲੜਕੀਆਂ ਦੀ ਟੀਮ ਨਾਲ ਫੱਟਬਾਲ ਖੇਡ ਕੇ ਕੀਤੇ।ਬੇਸ਼ਕ ਇਹਨਾਂ ਵਿਚੋਂ ਕੁਝ ਘਟਨਾਕ੍ਰਮ ਬੰਗਾਲ ਦੇ ਗੁਆਂਢੀ ਸੂਬਿਆਂ ਨਾਲ ਸਬੰਧਤ ਹਨ ਪਰ ਇਹਨਾਂ ਦਾ ਪ੍ਰਭਾਵ ਆਲੇ ਦੁਆਲੇ ਦੂਰ ਤਕ ਪੈਂਦੈ! ਰੱਜਵੀਂ ਵਿਸ਼ਵ ਵਿਆਪੀ ਪਬਲੀਸਿਟੀ ਮਿਲਦੀ ਐ। ਤੇ ਬਦਲੇ ਵਿੱਚ ਲੋਕ ਉਹਨਾਂ ਨੂੰ , ‘ਈਲੂ ਈਲੂ’ ਵਾਂਗ “ਆਈ ਲਵ ਯੂ’ ਕਹਿੰਦੇ ਐ! ਇਹੀ ਪਿਆਰ ‘ਸਰਕਾਰ/ਰਾਂ’ ਬਨਣ ਵਿੱਚ ਬਦਲਦੈ! ਹੈ ਨਾਂ ‘ਰੰਗ ਲਗੇ ਨਾਂ ਫਟਕੜੀ ਤੇ ਰੰਗ ਚੋਖਾ ਹੋ ਜਾਏ’!
‘ਤੇ ਹੁਣ ਜਵਾਬ ਦਿੰਦੇ ਹਾਂ ਸਿਰਲੇਖੀ ਸਵਾਲ ਦਾ,ਜਾਣੀ ‘ਯੇਹ ਝਾਲਮੁੜੀ ਕਯਾ ਹੈ’?
“ਝਾਲਮੁੜੀ ਕਾ ਮਤਲਬ ਮਸਾਲੇਦਾਰ ਮੁਰਮੁਰੇ!
ਝਾਲਮੁੜੀ ਕਾ ਮਤਲਬ ਵੋਟੋਂ ਸੇ ਭਰੇ ਟੋਕਰੇ”!