ਆਸਟ੍ਰੇਲੀਆ ਦੇ ਟੀਚਰ ਦਾ ਇੰਡੀਆ ‘ਚ ਕਤਲ : ਮਾਸਟਰਮਾਈਂਡ ਭਰਾ ਗ੍ਰਿਫਤਾਰ !

ਮੈਲਬੌਰਨ ਦੇ ਸੁਨੀਲ ਸ਼ਰਮਾ ਦੀ ਆਪਣੀ ਬੇਟੀ ਸੁਰਭੀ ਸ਼ਰਮਾ ਅਤੇ ਬੇਟੇ ਸਾਰਾਂਸ਼ ਸ਼ਰਮਾ ਦੇ ਨਾਲ ਇੱਕ ਯਾਦਗਾਰੀ ਤਸਵੀਰ।

ਇੰਡੀਆ ਦੇ ਵਿੱਚ ਆਪਣੀ ਪ੍ਰਾਪਰਟੀ ਨੂੰ ਵੇਚਣ ਗਏ ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਰਹਿੰਦੇ ਇੱਕ ਸਕੂਲ ਟੀਚਰ ਨੂੰ ਸ਼ਾਇਦ ਹੀ ਕਦੇ ਇਹ ਅੰਦਾਜ਼ਾ ਹੋਵੇਗਾ ਕਿ ਉਸ ਦੀ ਪ੍ਰਾਪਰਟੀ ਦੇ ਕਾਰਣ ਉਸਦਾ ਆਪਣਾ ਹੀ ਭਰਾ ਇੱਕ ਦਿਨ ਉਸਦੀ ਜਾਨ ਦਾ ਪਿਆਸਾ ਹੋ ਜਾਵੇਗਾ। ਕੁੱਝ ਹੀ ਸਮੇਂ ਬਾਅਦ ਰੀਟਾਇਰ ਹੋਣ ਜਾ ਰਹੇ ਇਸ ਟੀਚਰ ਨੇ ਸ਼ਾਇਦ ਇਹ ਵੀ ਕਦੇ ਨਹੀਂ ਸੋਚਿਆ ਹੋਣਾ ਕਿ ਇੰਡੀਆ ਦੀ ਇਹ ਯਾਤਰਾ, ਉਸਦੀ ਜ਼ਿੰਦਗੀ ਦੀ ਹੀ ਆਖਰੀ ਯਾਤਰਾ ਹੋ ਨਿੱਬੜੇਗੀ। ਮੈਲਬੌਰਨ ਤੋਂ ਇੰਡੀਆ ਦੇ ਵਿੱਚ ਆਪਣੀ ਪ੍ਰਾਪਰਟੀ ਵੇਚਣ ਗਏ 22 ਮਈ 2026 ਤੋਂ ਲਾਪਤਾ ਚੱਲ ਰਹੇ ਇੱਕ ਗਣਿਤ ਦੇ ਸਾਲਾਂ ਦੇ ਟੀਚਰ 66 ਸੁਨੀਲ ਸ਼ਰਮਾ ਨੂੰ ਕਥਿਤ ਤੌਰ ‘ਤੇ ਉਸਦੇ ਭਰਾ ਦੁਆਰਾ ਹੀ ਕਤਲ ਕਰਕੇ ਉਸਦੀ ਲਾਸ਼ ਨੂੰ ਦਰਿਆ ਦੇ ਵਿੱਚ ਸੁੱਟ ਦਿੱਤੇ ਜਾਣ ਦਾ ਸਨਸਨੀਖੇਜ਼ ਮਾਮਲੇ ਦਾ ਪਰਦਾਫਾਸ਼ ਹੋਇਆ ਹੈ।

ਸੁਨੀਲ ਸ਼ਰਮਾ ਮੈਲਬੌਰਨ ਦੇ ਨੌਰਦਰਨ ਇਲਾਕੇ ਦੇ ਵਿੱਚ ਮਸ਼ਹੂਰ ਡਾਇਮੰਡ ਵੈਲੀ ਕਾਲਜ ਦੇ ਵਿੱਚ ਹਿਸਾਬ ਪੜ੍ਹਾਉਂਦਾ ਸੀ। ਉਹ ਅੰਮ੍ਰਿਤਸਰ ਜਿਲ੍ਹੇ ਦੇ ਫਤਿਹਗੜ੍ਹ ਚੂੜੀਆਂ ਦੇ ਵਿੱਚ ਆਪਣੀ ਪ੍ਰਾਪਰਟੀ ਵੇਚਣ ਲਈ ਇੰਡੀਆ ਗਿਆ ਸੀ। ਉਸ ਨੇ ਆਖਰੀ ਵਾਰ 22 ਮਈ 2026 ਦੀ ਸਵੇਰ ਨੂੰ ਆਪਣੇ ਪ੍ਰੀਵਾਰ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਉਸ ਦਾ ਫ਼ੋਨ ਲਗਾਤਾਰ ਬੰਦ ਆ ਰਿਹਾ ਸੀ। ਸੁਨੀਲ ਸ਼ਰਮਾ ਦਾ ਭਰਾ ਸਤੀਸ਼ ਸੰਨੀ ਸ਼ਰਮਾ ਵੀ ਉਸੇ ਦਿਨ ਤੋਂ ਹੀ ਲਾਪਤਾ ਸੀ, ਉਸਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਪਹਿਲਾਂ ਵੀ ਕਈ ਕੇਸ ਦਰਜ ਹਨ। ਜਿਸ ਕਾਰਣ ਪੁਲਿਸ ਨੂੰ ਸਤੀਸ਼ ਸੰਨੀ ਸ਼ਰਮਾ ‘ਤੇ ਡੂੰਘਾ ਸ਼ੱਕ ਸੀ। ਪੁਲੀਸ ਅਗਵਾ ਸਮੇਤ ਹਰ ਪਹਿਲੂਆਂ ਤੋਂ ਵੀ ਇਸ ਕੇਸ ਦੀ ਜਾਂਚ ਕਰ ਰਹੀ ਸੀ। ਪੁਲਿਸ ਸੁਨੀਲ ਸ਼ਰਮਾ ਦੇ ਲਾਪਤਾ ਹੋਣ ਤੋਂ ਬਾਅਦ ਉਸਦੇ ਭਰਾ ਦੀ ਵੀ ਭਾਲ ਕਰ ਰਹੀ ਸੀ, ਜਿਸਨੂੰ ਆਖਰੀ ਵਾਰ ਸੁਨੀਲ ਸ਼ਰਮਾ ਦੀ ਹੀ ਪ੍ਰਾਪਰਟੀ ‘ਤੇ ਦੇਖਿਆ ਗਿਆ ਸੀ, ਜਿਸਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਨੇ ਇਸ ਵਾਰੇ ਕਈ ਵੱਡੇ ਖੁਲਾਸੇ ਕਰਦਿਆਂ ਲਾਪਤਾ ਐਨਆਰਆਈ ਸੁਨੀਲ ਸ਼ਰਮਾ ਦੇ ਭਰਾ ਸਮੇਤ 4 ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜਦਕਿ 2 ਹਾਲੇ ਤੱਕ ਵੀ ਫਰਾਰ ਹਨ।

ਅੰਮ੍ਰਿਤਸਰ ਪੁਲਿਸ ਨੇ ਸ਼ਨੀਵਾਰ 6 ਜੂਨ 2026 ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਸੁਨੀਲ ਸ਼ਰਮਾ ਕੇਸ ਨੂੰ ਸੁਲਝਾ ਲੈਣ ਸਬੰਧੀ ਦਾਅਵਾ ਕਰਦਿਆਂ ਵਿਸਥਾਰ ਦੇ ਵਿੱਚ ਇਸ ਕੇਸ ਸਬੰਧੀ ਜਾਣਕਾਰੀ ਦਿੱਤੀ ਹੈ। ਅੰਮ੍ਰਿਤਸਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਕੰਵਲਪ੍ਰੀਤ ਸਿੰਘ ਚਾਹਲ ਨੇ ਇਸ ਮਾਮਲੇ ਵਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ, “ਪਿਛਲੇ ਮਹੀਨੇ 23 ਮਈ 2026 ਨੂੰ ਫਤਿਹਗੜ੍ਹ ਚੂੜੀਆਂ ਦੇ ਰਹਿਣ ਵਾਲੇ ਗੌਰਵ ਕੰਧਾਰੀ ਨੇ ਕੈਂਬੋ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਦਰਜ ਕਰਵਾਈ ਸੀ ਕਿ, ਉਸਦਾ ਦੋਸਤ ਸੁਨੀਲ ਸ਼ਰਮਾ ਜੋ ਕਿ ਮਹਾਵੀਰ ਸ਼ਰਮਾ ਦਾ ਪੁੱਤਰ ਹੈ ਅਤੇ ਇੱਕ ਆਸਟ੍ਰੇਲੀਆ ਦਾ ਨਾਗਰਿਕ ਹੈ, ਜੋ ਆਸ਼ਿਆਨਾ ਅਸਟੇਟ, ਫੇਜ਼-10 ਮੋਹਾਲੀ ਵਿੱਚ ਰਹਿੰਦਾ ਹੈ, ਲਾਪਤਾ ਹੋ ਗਿਆ ਹੈ। ਸੁਨੀਲ 22 ਮਈ ਨੂੰ ਮੋਹਾਲੀ ਤੋਂ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਆਪਣੀ ਪ੍ਰਾਪਰਟੀ ‘ਤੇ ਪੇਂਟਿੰਗ ਦੇ ਕੰਮ ਦੀ ਨਿਗਰਾਨੀ ਕਰਨ ਲਈ ਗਿਆ ਸੀ। ਜਦੋਂ ਉਸ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਤਾਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਪੁਲਿਸ ਨੂੰ ਜਾਂਚ ਦੌਰਾਨ ਨਵੇਂ ਸੁਰਾਗ ਅਤੇ ਸ਼ੱਕੀ ਹਾਲਾਤ ਸਾਹਮਣੇ ਆਏ। 24 ਮਈ ਨੂੰ ਲਾਪਤਾ ਐਨਆਰਆਈ ਦੇ ਦੋਸਤ ਦਰਿਬਜੋਤ ਸਿੰਘ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਸੁਨੀਲ ਸ਼ਰਮਾ ਲਗਭਗ ਇੱਕ ਮਹੀਨਾ ਪਹਿਲਾਂ ਆਸਟ੍ਰੇਲੀਆ ਤੋਂ ਪੰਜਾਬ ਵਿੱਚ ਆਪਣੀਆਂ ਪ੍ਰਾਪਰਟੀਆਂਂ ਵੇਚਣ ਲਈ ਇੰਡੀਆ ਵਾਪਸ ਆਇਆ ਸੀ। ਉਸਨੇ ਦੋਸ਼ ਲਗਾਇਆ ਕਿ ਸੁਨੀਲ ਦੇ ਭਰਾ ਸਤੀਸ਼ ਸ਼ਰਮਾ ਉਰਫ਼ ਸੰਨੀ ਨੇ ਉਸਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਅਗਵਾ ਕੀਤਾ ਹੋ ਸਕਦਾ ਹੈ। ਸ਼ਿਕਾਇਤ ਦੇ ਆਧਾਰ ‘ਤੇ ਕੈਂਬੋ ਪੁਲਿਸ ਸਟੇਸ਼ਨ ਵਿੱਚ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਪਤਾ ਚੱਲਿਆ ਕਿ ਸਤੀਸ਼ ਸ਼ਰਮਾ ਉਰਫ਼ ਸੰਨੀ ਨੇ ਤਿੰਨ ਪ੍ਰਾਪਰਟੀ ਡੀਲਰਾਂ ਮਨਜਿੰਦਰ ਸਿੰਘ, ਜੱਜਬੀਰ ਅਤੇ ਲਛਮਣ ਸਿੰਘ ਨਾਲ ਮਿਲ ਕੇ ਆਸਟ੍ਰੇਲੀਆ ਰਹਿੰਦੇ ਆਪਣੇ ਭਰਾ ਸੁਨੀਲ ਸ਼ਰਮਾ ਦੀ ਆਸ਼ਿਆਨਾ ਅਸਟੇਟ ਸਥਿਤ ਕੋਠੀ ਅਤੇ ਭੈਣ ਰੀਤੂ ਦੀ ਬਲੂ ਸਿਟੀ ਵਾਲੀ ਜਾਇਦਾਦ ਹੜੱਪਣ ਦੀ ਸਾਜ਼ਿਸ਼ ਰਚੀ ਸੀ। ਇਸ ਲਈ ਲੁਧਿਆਣਾ ਤੋਂ ਸਤੀਸ਼ ਸ਼ਰਮਾ ਦੇ ਹੱਕ ਵਿੱਚ ਇੱਕ ਕਥਿਤ ਪਾਵਰ ਆਫ਼ ਅਟਾਰਨੀ ਤਿਆਰ ਕਰਵਾਈ ਗਈ ਜਿਸ ਦੇ ਆਧਾਰ ‘ਤੇ 11 ਮਈ 2026 ਨੂੰ ਅੰਮ੍ਰਿਤਸਰ ਤਹਿਸੀਲ ਕੰਪਲੈਕਸ ਵਿੱਚ ਦੋਵੇਂ ਜਾਇਦਾਦਾਂ ਤਿੰਨ ਪ੍ਰਾਪਰਟੀ ਡੀਲਰਾਂ ਦੇ ਨਾਮ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਮੁਲਜ਼ਮਾਂ ਨੇ ਸੁਨੀਲ ਸ਼ਰਮਾ ਨੂੰ ਜਾਇਦਾਦ ਵੇਚਣ ਦੇ ਬਹਾਨੇ ਅੰਮ੍ਰਿਤਸਰ ਬੁਲਾਉਣ ਦੀ ਯੋਜਨਾ ਬਣਾਈ। 22 ਮਈ ਨੂੰ ਤਿੰਨੋਂ ਪ੍ਰਾਪਰਟੀ ਡੀਲਰ ਲਛਮਣ ਸਿੰਘ ਦੇ ਘਰ ਇਕੱਠੇ ਹੋਏ ਅਤੇ ਨੀਂਦ ਦੀਆਂ ਗੋਲੀਆਂ ਪੀਸ ਕੇ ਪਾਊਡਰ ਤਿਆਰ ਕੀਤਾ। ਬਾਅਦ ਵਿੱਚ ਉਹ ਸੁਨੀਲ ਸ਼ਰਮਾ ਦੇ ਘਰ ਪਹੁੰਚੇ ਜਿੱਥੇ ਰੰਗ-ਰੋਗਨ ਦਾ ਕੰਮ ਚੱਲ ਰਿਹਾ ਸੀ। ਖਾਣਾ ਮੰਗਵਾਉਣ ਦੌਰਾਨ ਕਥਿਤ ਤੌਰ ‘ਤੇ ਸੁਨੀਲ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾਈਆਂ ਗਈਆਂ ਅਤੇ ਉਸ ਨੂੰ ਬੀਅਰ ਵੀ ਪਿਲਾਈ ਗਈ। ਖਾਣਾ ਅਤੇ ਸ਼ਰਾਬ ਪੀਣ ਤੋਂ ਬਾਅਦ ਸੁਨੀਲ ਸ਼ਰਮਾ ਸੌਂ ਗਿਆ। ਜਾਂਚ ਮੁਤਾਬਕ ਦੁਪਹਿਰ ਕਰੀਬ 3:30 ਵਜੇ ਸਤੀਸ਼ ਸ਼ਰਮਾ ਅਤੇ ਉਸ ਦਾ ਪੁੱਤਰ ਸੁਨੀਸ਼ ਉਥੇ ਪਹੁੰਚੇ। ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਸਤੀਸ਼ ਸ਼ਰਮਾ ਨੇ ਕਥਿਤ ਤੌਰ ‘ਤੇ ਬੇਸਬਾਲ ਬੈਟ ਨਾਲ ਆਪਣੇ ਭਰਾ ਦੇ ਸਿਰ ‘ਤੇ ਵਾਰ ਕੀਤਾ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਅਨੁਸ਼ਕਾ ਸ਼ਰਮਾ ਵੀ ਉਥੇ ਪਹੁੰਚ ਗਈ ਅਤੇ ਤਿੰਨਾਂ ਨੇ ਮਿਲ ਕੇ ਲਾਸ਼ ਨੂੰ ਗੱਦੇ ਦੇ ਵਿੱਚ ਲਪੇਟ ਕੇ ਸੁਨੀਲ ਸ਼ਰਮਾ ਦੀ ਆਪਣੀ ਹੀ ਮਾਰੂਤੀ ਸੁਜ਼ੁਕੀ ਕਾਰ ਵਿੱਚ ਰੱਖ ਦਿੱਤਾ। ਸਤੀਸ਼ ਸ਼ਰਮਾ ਦੀ ਪਤਨੀ ਅਤੇ ਪੁੱਤਰ ਨੇ ਖੂਨ ਨਾਲ ਲੱਥਪੱਥ ਗੱਦੇ ਅਤੇ ਬੇਸਬਾਲ ਬੈਟ ਨੂੰ ਹਟਾਉਣ ਵਿੱਚ ਮੱਦਦ ਕੀਤੀ। ਮੁਲਜ਼ਮਾਂ ਨੇ ਸੁਨੀਲ ਦੀ ਜੇਬ ਵਿੱਚੋਂ ਮੋਹਾਲੀ ਸਥਿਤ ਘਰ ਦੀਆਂ ਚਾਬੀਆਂ ਵੀ ਕੱਢ ਲਈਆਂ। ਪ੍ਰਾਪਰਟੀ ਡੀਲਰਾਂ ਦੀ ਸਲਾਹ ‘ਤੇ ਸਤੀਸ਼ ਸ਼ਰਮਾ ਅਤੇ ਉਸ ਦਾ ਪੁੱਤਰ ਲਾਸ਼ ਨੂੰ ਹਰੀਕੇ ਪੱਤਣ ਇਲਾਕੇ ਵਿੱਚ ਲੈ ਗਏ ਅਤੇ ਦਰਿਆ ਵਿੱਚ ਸੁੱਟ ਦਿੱਤਾ। ਪੁਲਿਸ ਜਾਂਚ ਨੂੰ ਗੁੰਮਰਾਹ ਕਰਨ ਲਈ ਬਾਅਦ ਵਿੱਚ ਸੁਨੀਲ ਸ਼ਰਮਾ ਦੀ ਕਾਰ ਨੂੰ ਸ੍ਰੀ ਦਰਬਾਰ ਸਾਹਿਬ ਨੇੜੇ ਪਾਰਕਿੰਗ ਵਿੱਚ ਖੜ੍ਹਾ ਕਰਕੇ ਉਥੇ ਹੀ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਸਤੀਸ਼ ਸ਼ਰਮਾ, ਉਸ ਦੀ ਪਤਨੀ ਅਤੇ ਪੁੱਤਰ ਨੇ ਆਪਣਾ ਘਰ ਖਾਲੀ ਕਰਕੇ ਤੇ ਸਮਾਨ ਟਰੱਕ ਵਿੱਚ ਲੋਡ ਕਰਕੇ ਜਾਇਦਾਦ ਤੇ ਗੱਡੀਆਂ ਦੀਆਂ ਚਾਬੀਆਂ ਪ੍ਰਾਪਰਟੀ ਡੀਲਰਾਂ ਨੂੰ ਸੌਂਪ ਦਿੱਤੀਆਂ। ਇਸ ਤੋਂ ਬਾਅਦ ਉਹ ਪਹਿਲਾਂ ਦਿੱਲੀ ਅਤੇ ਫਿਰ ਜਲੰਧਰ ਨੇੜੇ ਮਿੱਠਾਪੁਰ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਲੁਕ ਕੇ ਰਹਿਣ ਲੱਗ ਪਏ। 6 ਜੂਨ 2026 ਨੂੰ ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਹਰੀਕੇ ਪੱਤਣ ਵਿਖੇ ਵੱਡੀ ਪੱਧਰ ਉਪਰ ਤਲਾਸ਼ੀ ਮੁਹਿੰਮ ਚਲਾਈ ਪਰ ਪਾਣੀ ਦੇ ਤੇਜ਼ ਵਹਾਅ ਦੇ ਕਾਰਣ ਸੁਨੀਲ ਸ਼ਰਮਾ ਦੀ ਲਾਸ਼ ਬਰਾਮਦ ਨਹੀਂ ਹੋ ਸਕੀ। ਪੁਲਿਸ ਟੀਮਾਂ ਨੂੰ ਹੇਠਲੇ ਇਲਾਕਿਆਂ ਵਿੱਚ ਵੀ ਤਾਇਨਾਤ ਕੀਤਾ ਗਿਆ ਹੈ ਅਤੇ ਲਾਸ਼ ਦੀ ਭਾਲ ਲਈ ਕੋਸ਼ਿਸ਼ਾਂ ਜਾਰੀ ਹਨ।”

ਇਸ ਮਾਮਲੇ ਦੀ ਤਹਿ ਤੱਕ ਪੁੱਜਣ ਦੇ ਲਈ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾ, ਡੀਐਸਪੀ ਅਟਾਰੀ ਯਾਦਵਿੰਦਰ ਸਿੰਘ, ਸੀਆਈਏ ਸਟਾਫ ਅਤੇ ਐਸਐਚਓ ਕੈਂਬੋ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਪੁਲਿਸ ਟੀਮਾਂ ਨੇ ਸੀਸੀਟੀਵੀ ਫੁਟੇਜ, ਤਕਨੀਕੀ ਸਬੂਤ, ਟੋਲ ਪਲਾਜ਼ਾ ਰਿਕਾਰਡ ਦੀ ਜਾਂਚ ਕੀਤੀ ਅਤੇ ਹੋਰ ਖੁਫੀਆ ਜਾਣਕਾਰੀ ਇਕੱਠੀ ਕੀਤੀ ਜਿਸ ਨਾਲ ਕਈ ਮਹੱਤਵਪੂਰਨ ਸਫਲਤਾਵਾਂ ਮਿਲੀਆਂ। ਇਸ ਕੇਸ ਨੂੰ ਜਾਇਦਾਦ ਨਾਲ ਸਬੰਧਤ ਵਿਵਾਦ ਨੂੰ ਅਪਰਾਧ ਦੇ ਪਿੱਛੇ ਸੰਭਾਵਿਤ ਉਦੇਸ਼ ਵਜੋਂ ਦੇਖਿਆ ਜਾ ਰਿਹਾ ਸੀ। ਜਾਂਚ ਦੌਰਾਨ ਪਤਾ ਚੱਲਿਆ ਕਿ ਸਤੀਸ਼ ਸੰਨੀ ਸ਼ਰਮਾ ਹਿਮਾਚਲ ਪ੍ਰਦੇਸ਼ ਵਿੱਚ ਐਨਡੀਪੀਐਸ ਐਕਟ ਤਹਿਤ ਦਰਜ ਇੱਕ ਕੇਸ ਵਿੱਚ ਪੁਲੀਸ ਨੂੰ ਲੋੜੀਂਦਾ ਸੀ ਅਤੇ ਪੁਲਿਸ ਨੇ ਲਾਪਤਾ ਐਨਆਰਆਈ ਸੁਨੀਲ ਸ਼ਰਮਾ ਦੇ ਭਰਾ ਸਤੀਸ਼ ਸੰਨੀ ਸ਼ਰਮਾ ਨੂੰ ਮੁੱਖ ਸ਼ੱਕੀ ਵਜੋਂ ਪਛਾਣ ਲਿਆ। ਐਨਆਰਆਈ ਸੁਨੀਲ ਸ਼ਰਮਾ ਦੇ ਭਰਾ ਸਤੀਸ਼ ਸੰਨੀ ਸ਼ਰਮਾ ਨੇ ਜਾਅਲੀ ਪਾਵਰ ਆਫ਼ ਅਟਾਰਨੀ ਰਾਹੀਂ ਜਾਇਦਾਦ ਹੜੱਪਣ ਲਈ ਆਪਣੇ ਐਨਆਰਆਈ ਭਰਾ ਨੂੰ ਹੀ ਮਾਰਨ ਦੀ ਸਾਜ਼ਿਸ਼ ਰਚੀ ਸੀ। ਇਸ ਯੋਜਨਾ ਵਿੱਚ  ਪ੍ਰਾਪਰਟੀ ਡੀਲਰ ਵੀ ਸ਼ਾਮਲ ਸੀ। ਜਾਂਚ ਮੁਤਾਬਕ ਸਤੀਸ਼ ਸ਼ਰਮਾ ਨੇ ਪ੍ਰਾਪਰਟੀ ਡੀਲ ਦਾ ਲਾਲਚ ਦੇ ਕੇ ਆਸਟ੍ਰੇਲੀਆ ਤੋਂ ਆਪਣੇ ਭਰਾ ਸੁਨੀਲ ਸ਼ਰਮਾ ਨੂੰ ਇੰਡੀਆ ਬੁਲਾਇਆ ਸੀ। ਉਸ ਦੇ ਪਹੁੰਚਦਿਆਂ ਹੀ ਉਸਨੂੰ ਮਾਰ-ਮੁਕਾਉਣ ਦੀ ਯੋਜਨਾ ਸ਼ੁਰੂ ਹੋ ਗਈ ਅਤੇ ਐਨਆਰਆਈ ਸੁਨੀਲ ਸ਼ਰਮਾ  ਦੀ ਹੱਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ ਦੋਸ਼ੀਆਂ ਨੇ ਸਾਰੇ ਸਬੂਤ ਨਸ਼ਟ ਕਰ ਦਿੱਤੇ ਅਤੇ ਲਾਸ਼ ਨੂੰ ਵੀ ਦਰਿਆ ਦੇ ਵਿੱਚ ਰੋੜ੍ਹ ਦਿੱਤਾ। ਅੰਮ੍ਰਿਤਸਰ ਪੁਲਿਸ ਨੇ ਸੁਨੀਲ ਸ਼ਰਮਾ ਕਤਲ ਮਾਮਲੇ ਵਿੱਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸਤੀਸ਼ ਸ਼ਰਮਾ ਉਰਫ਼ ਸੰਨੀ, ਉਸ ਦੀ ਪਤਨੀ ਅਨੁਸ਼ਕਾ ਸ਼ਰਮਾ, ਪੁੱਤਰ ਸੁਨੀਸ਼ ਸ਼ਰਮਾ ਅਤੇ ਲਛਮਣ ਸਿੰਘ ਉਰਫ਼ ਬੱਲ ਸ਼ਾਮਲ ਹਨ। ਇਸ ਮਾਮਲੇ ਵਿੱਚ ਮਨਜਿੰਦਰ ਸਿੰਘ ਅਤੇ ਜੱਜਬੀਰ ਸਿੰਘ ਉਰਫ਼ ਬਾਬਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।

ਇਸ ਸਾਰੇ ਕੇਸ ਦੀ ਪੈਰਵੀ ਟੀਚਰ ਸੁਨੀਲ ਸ਼ਰਮਾ ਦੀ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਬੇਟੀ ਸੁਰਭੀ ਸ਼ਰਮਾ ਅਤੇ ਬੇਟੇ ਸਾਰਾਂਸ਼ ਸ਼ਰਮਾ ਦੇ ਵਲੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਆਸਟ੍ਰੇਲੀਆ ਦੀ ਅੰਬੈਸੀ, ਇੰਟਰਪੋਲ ਅਤੇ ਹੋਰ ਏਜੰਸੀਆਂ ਦੇ ਵਲੋਂ ਜਾਂਚ ਦੇ ਵਿੱਚ ਸਹਿਯੋਗ ਦੇ ਲਈ ਲਗਾਤਾਰ ਸੰਪਰਕ ਸਾਧਿਆ ਹੋਇਆ ਹੈ।

Related posts

ਕੀ ਭਾਰਤ ਨੂੰ ਇੱਕ ਹੋਰ ‘ਆਜ਼ਾਦੀ ਅੰਦੋਲਨ’ਦੀ ਲੋੜ ਹੈ?

ਪੰਜਾਬ ਦੇ ਲੋਕ ਕੁੜੀਆਂ ਦੀ ਸਿੱਖਿਆ ‘ਤੇ ਘੱਟ ਖਰਚ ਕਰਦੇ ਹਨ

ਸਿਹਤ ਉਪਰ ਮਾੜਾ ਪ੍ਰਭਾਵ ਪਾਉਣ ਵਾਲੀਆਂ ਚੀਜ਼ਾਂ ਤੋ ਗੁਰੇਜ਼ ਕਰਣਾ ਚਾਹੀਦਾ !