ਰਾਜਾ ਵੜਿੰਗ ਨੇ ਚੰਡੀਗੜ੍ਹ ਬੱਸ ਅੱਡੇ ’ਤੇ ਨਿੱਜੀ ਬੱਸ ਆਪ੍ਰੇਟਰਾਂ ਦੀ ਧੱਕੇਸ਼ਾਹੀ ਦਾ ਕੀਤਾ ਪਰਦਾਫ਼ਾਸ਼

ਚੰਡੀਗੜ੍ਹ – ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਚੰਡੀਗੜ੍ਹ ਦੇ ਅੰਤਰਰਾਜੀ ਬੱਸ ਅੱਡੇ ’ਤੇ ਨਿੱਜੀ ਬੱਸ ਆਪੇ੍ਰਟਰ ਦੇ ਮੁਲਾਜ਼ਮਾਂ ਵੱਲੋਂ ਸਰਕਾਰੀ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਪਰਦਾਫ਼ਾਸ਼ ਕੀਤਾ। ਉਨ੍ਹਾਂ ਪ੍ਰਾਈਵੇਟ ਬੱਸ ਨੂੰ ਜ਼ਬਤ ਕਰਵਾਇਆ ਤੇ ਪ੍ਰਾਈਵੇਟ ਆਪੇ੍ਰਟਰ ਦੇ ਕਰਿੰਦਿਆਂ ਨੂੰ ਵੀ ਪੁਲਿਸ ਹਵਾਲੇ ਕੀਤਾ।ਇੱਥੋਂ ਦੇ ਸੈਕਟਰ-43 ਦੇ ਬੱਸ ਅੱਡੇ ’ਤੇ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਜੁਝਾਰ ਟਰਾਂਸਪੋਰਟ ਕੰਪਨੀ ਦੇ ਕਰਿੰਦਿਆਂ ਨੇ ਗੁੰਡਾਗਰਦੀ ਕਰਦਿਆਂ ਪੰਜਾਬ ਦੀ ਸਰਕਾਰੀ ਵਾਲਵੋ ਬੱਸ ਨੂੰ ਧੱਕੇ ਨਾਲ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਉਤਾਰ ਦਿੱਤਾ। ਇਸ ਗੁੰਡਾਗਰਦੀ ਬਾਰੇ ਸਰਕਾਰੀ ਬੱਸ ਦੇ ਡਰਾਈਵਰ ਨੇ ਸਿੱਧਾ ਟਰਾਂਸਪੋਰਟ ਮੰਤਰੀ ਨੂੰ ਫੋਨ ਕਰ ਦਿੱਤਾ ਜਿਸ ਪਿੱਛੋਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਮੌਕੇ ’ਤੇ ਪੁਲਿਸ ਬੁਲਾ ਕੇ ਪ੍ਰਾਈਵੇਟ ਕੰਪਨੀ ਦੇ ਕਰਿੰਦਿਆਂ ਨੂੰ ਪੁਲਿਸ ਹਵਾਲੇ ਕਰਵਾਇਆ ਤੇ ਕੰਪਨੀ ਦੀ ਬੱਸ ਜ਼ਬਤ ਕਰਵਾਈ।ਰਾਜਾ ਵੜਿੰਗ ਨੇ ਦੱਸਿਆ ਕਿ ਪਨਬੱਸ ਡਿਪੂ ਸ੍ਰੀ ਮੁਕਤਸਰ ਸਾਹਿਬ ਵੱਲੋਂ ਚੰਡੀਗੜ੍ਹ ਤੋਂ ਸ੍ਰੀਗੰਗਾਨਗਰ ਵਾਇਆ ਲੁਧਿਆਣਾ, ਮੋਗਾ, ਸ੍ਰੀ ਮੁਕਤਸਰ ਸਾਹਿਬ ਦੋ ਵਾਲਵੋ ਸੁਪਰ ਇੰਟੈਗਰਲ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ’ਚੋਂ ਇਕ ਬੱਸ ਨੰਬਰ ਪੀਬੀ04 ਏਏ-7439, ਜਿਸ ਨੂੰ ਡਰਾਈਵਰ ਅਵਤਾਰ ਸਿੰਘ ਚਲਾ ਰਿਹਾ ਸੀ, ਜਦੋਂ ਸੈਕਟਰ-43 ਬੱਸ ਸਟੈਂਡ ਵਿਚੋਂ ਆਪਣੇ ਬਣਦੇ ਟਾਈਮ ਦੁਪਹਿਰੇ 02:05 ਵਜੇ ਵਾਪਸੀ ਰੂਟ ਲੁਧਿਆਣਾ-ਸ੍ਰੀ ਮੁਕਤਸਰ ਸਾਹਿਬ ਲਈ ਰਵਾਨਾ ਹੋਣ ਲੱਗੀ ਤਾਂ ਜੁਝਾਰ ਟਰਾਂਸਪੋਰਟ ਕੰਪਨੀ ਦੇ ਅੱਡਾ ਇੰਚਾਰਜ ਮਨਜੀਤ ਸਿੰਘ ਤੇ ਠੇਕੇਦਾਰ ਰਾਜਵੀਰ ਸਿੰਘ ਨੇ ਗੁੰਡਾਗਰਦੀ ਕਰਦੇ ਹੋਏ ਇਸ ਬੱਸ ਨੂੰ ਰਵਾਨਾ ਹੋਣ ਤੋਂ ਰੋਕ ਦਿੱਤਾ ਤੇ ਸਵਾਰੀਆਂ ਨੂੰ ਉਤਾਰ ਦਿੱਤਾ।ਇਸ ਬਾਰੇ ਬੱਸ ਡਰਾਈਵਰ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਫੋਨ ਕੀਤਾ, ਜਿਸ ’ਤੇ ਟਰਾਂਸਪੋਰਟ ਮੰਤਰੀ ਤੁਰੰਤ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਪੁਲਿਸ ਬੁਲਾਈ। ਉਨ੍ਹਾਂ ਜੁਝਾਰ ਟਰਾਂਸਪੋਰਟ ਕੰਪਨੀ ਦੀ ਬੱਸ ਨੂੰ ਜ਼ਬਤ ਕਰਨ ਲਈ ਪੁਲਿਸ ਨੂੰ ਆਖਿਆ ਤੇ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮਾਂ ਨੂੰ ਪੁਲਿਸ ਹਵਾਲੇ ਕਰਵਾਇਆ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਆਪੇ੍ਰਟਰ ਜਾਂ ਉਸ ਦੇ ਕਿਸੇ ਕਰਿੰਦੇ ਨੂੰ ਗੁੰਡਾਗਰਦੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿਚ ਕੋਈ ਵਿਅਕਤੀ ਅਜਿਹੀ ਹਰਕਤ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related posts

ਆਮ ਆਦਮੀ ਪਾਰਟੀ ਦੇ 3 ਸੰਸਦ ਮੈਂਬਰ ਭਾਜਪਾ ਦੀ ਕਿਸ਼ਤੀ ‘ਚ ਸਵਾਰ ਹੋ ਗਏ

‘ਲਾਰੈਂਸ ਆਫ ਪੰਜਾਬ’ ਵੈੱਬ ਸੀਰੀਜ਼ ਦੀ ਰਿਲੀਜ਼ ’ਤੇ ਪਾਬੰਦੀ

ਭਗਵੰਤ ਮਾਨ ਖੁਦ ਵੀ ਪਾਰਟੀ ਬਦਲ ਸਕਦੇ – ਬਿਕਰਮ ਸਿੰਘ ਮਜੀਠੀਆ