ਕੀਵ – ਯੂਕ੍ਰੇਨ ਦੇ 33ਵੇਂ ਆਜ਼ਾਦੀ ਦਿਹਾੜੇ ‘ਤੇ ਸ਼ਨੀਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਆਤਿਸ਼ਬਾਜ਼ੀ, ਪਰੇਡ ਜਾਂ ਸੰਗੀਤ ਪ੍ਰੋਗਰਾਮ ਨਹੀਂ ਕੀਤਾ ਗਿਆ ਕਿਉਂਕਿ ਰੂਸ ਵੱਲੋਂ ਕੀਤੇ ਗਏ ਹਮਲਿਆਂ ਦੇ 30 ਮਹੀਨੇ ਪੂਰੇ ਹੋ ਗਏ ਹਨ ਅਤੇ ਜੰਗ ਕਾਰਨ ਤਬਾਹਸ਼ੁਦਾ ਦੇਸ਼ ’ਚ ਚਾਰੇ ਪਾਸੇ ਉਦਾਸੀ ਭਰਿਆ ਮਾਹੌਲ ਰਿਹਾ। ਯੂਕ੍ਰੇਨੀ ਲੋਕ ਜੰਗ ’ਚ ਮਾਰੇ ਗਏ ਨਾਗਰਿਕਾਂ ਅਤੇ ਫੌਜੀਆਂ ਦੀ ਯਾਦ ’ਚ ਇਸ ਦਿਨ ਨੂੰ ਮਨਾਉਣਗੇ। ਯੂਕ੍ਰੇਨੀ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਇਕ ਦੂਜੇ ਨੂੰ ਵਧਾਈ ਦਿੱਤੀ ਹੈ ਅਤੇ ਅਗਲੀ ਲਾਈਨਾਂ ’ਚ ਫੌਜੀਆਂ ਦਾ ਧੰਨਵਾਦ ਕੀਤਾ ਹੈ। ਇੱਕਜੁਟਤਾ ਪ੍ਰਗਟਾ ਰਹੇ ਲੋਕਾਂ ’ਚ ਇਹ ਇਕ ਸਾਂਝੀ ਪ੍ਰਵਾਨਗੀ ਹੈ ਕਿ ਢਾਈ ਸਾਲ ਕਾਫੀ ਔਖੇ ਰਹੇ ਹਨ ਅਤੇ ਥਕਾਵਟ ਵੱਧ ਰਹੀ ਹੈ। ਰਾਸ਼ਟਰਪਤੀ ਵੋਲੋਡੀਮਰ ਜੇਲੈਂਸਕੀ ਨੇ ਕਿਹਾ, “ਸੁਤੰਤਰਤਾ ਦਾ ਅਨੁਭਵ ਮੌਨ ਦੇ ਰੂਪ ’ਚ ਉਸ ਸਮੇਂ ਹੁੰਦਾ ਹੈ ਜਦੋਂ ਅਸੀਂ ਆਪਣੇ ਲੋਕਾਂ ਨੂੰ ਗੁਆ ਦਿੰਦੇ ਹਾਂ।”