ਦੁਬਈ – ਕਪਤਾਨ ਮਿਤਾਲੀ ਰਾਜ ਤੇ ਸਮਿ੍ਰਤੀ ਮੰਧਾਨਾ ਮੰਗਲਵਾਰ ਨੂੰ ਜਾਰੀ ਆਈਸੀਸੀ ਮਹਿਲਾ ਵਨ ਡੇ ਖਿਡਾਰੀਆਂ ਦੀ ਤਾਜ਼ਾ ਰੈਂਕਿੰਗ ਵਿਚ ਦੋ ਸਥਾਨ ਹੇਠਾਂ ਆ ਗਈਆਂ ਹਨ ਤੇ ਕ੍ਰਮਵਾਰ ਚੌਥੇ ਤੇ 10ਵੇਂ ਸਥਾਨ ’ਤੇ ਹਨ। ਮਿਤਾਲੀ ਮਹਿਲਾ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਪਾਕਿਸਤਾਨ ਖ਼ਿਲਾਫ਼ ਨੌਂ ਹੀ ਦੌੜਾਂ ਬਣਾ ਸਕੀ ਜਦਕਿ ਮੰਧਾਨਾ ਨੇ 75 ਗੇਂਦਾਂ ਵਿਚ 52 ਦੌੜਾਂ ਬਣਾਈਆਂ। ਭਾਰਤ ਦੀ ਸਨੇਹ ਰਾਣਾ (ਅਜੇਤੂ 53) ਤੇ ਪੂਜਾ ਵਸਤ੍ਰਾਕਰ (67 ਦੌੜਾਂ) ਨੇ ਅਰਧ ਸੈਂਕੜੇ ਲਾਏ। ਭਾਰਤ ਨੇ ਪਾਕਿਸਤਾਨ ’ਤੇ 107 ਦੌੜਾਂ ਨਾਲ ਜਿੱਤ ਦਰਜ ਕੀਤੀ। ਵਸਤ੍ਰਾਕਰ 64ਵੇਂ ਸਥਾਨ ’ਤੇ ਹੈ ਜਦਕਿ ਰਾਣਾ ਟਾਪ-100 ਵਿਚ ਨਹੀਂ ਹੈ। ਗੇਂਦਬਾਜ਼ਾਂ ’ਚ ਝੂਲਨ ਗੋਸਵਾਮੀ ਚੌਥੇ ਸਥਾਨ ’ਤੇ ਬਣੀ ਹੋਈ ਹੈ ਜਦਕਿ ਦੀਪਤੀ ਸ਼ਰਮਾ ਹਰਫ਼ਨਮੌਲਾ ਦੀ ਰੈਂਕਿੰਗ ਵਿਚ ਛੇਵੇਂ ਸਥਾਨ ’ਤੇ ਹੈ। ਵਿਸ਼ਵ ਕੱਪ ਦੇ ਪਹਿਲੇ ਪੰਜ ਮੈਚਾਂ ਤੋਂ ਬਾਅਦ ਰੈਂਕਿੰਗ ਵਿਚ ਕਾਫੀ ਉਤਰਾਅ-ਚੜ੍ਹਾਅ ਆਇਆ ਹੈ। ਆਸਟ੍ਰੇਲੀਆ ਦੀ ਮੇਗ ਲੇਨਿੰਗ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਦੋ ਸਥਾਨ ਉੱਪਰ ਦੂਜੇ ਸਥਾਨ ’ਤੇ ਆ ਗਈ ਹੈ। ਉਹ ਚੋਟੀ ’ਤੇ ਕਾਬਜ ਹਮਵਤਨ ਏਲਿਸਾ ਹੀਲੀ ਤੋਂ 15 ਰੇਟਿੰਗ ਅੰਕ ਹੀ ਪਿੱਛੇ ਹੈ। ਵੈਸਟਇੰਡੀਜ਼ ਦੀ ਹੇਲੀ ਮੈਥਿਊਜ਼ ਬੱਲੇਬਾਜ਼ਾਂ, ਗੇਂਦਬਾਜ਼ਾਂ ਤੇ ਹਰਫ਼ਨਮੌਲਾ ਦੀ ਰੈਂਕਿੰਗ ਵਿਚ ਵੀ ਅੱਗੇ ਆਈ ਹੈ। ਉਹ ਹਰਫ਼ਨਮੌਲਾ ਦੀ ਰੈਂਕਿੰਗ ਵਿਚ ਟਾਪ-ਪੰਜ ’ਚ ਪੁੱਜ ਕੇ ਚੌਥੇ ਸਥਾਨ ’ਤੇ ਹੈ। ਉਹ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ 12 ਸਥਾਨ ਚੜ੍ਹ ਕੇ 20ਵੇਂ ਤੇ ਗੇਂਦਬਾਜ਼ਾਂ ਵਿਚ ਤਿੰਨ ਸਥਾਨ ਚੜ੍ਹ ਕੇ 10ਵੇਂ ਸਥਾਨ ’ਤੇ ਹੈ।