ਲਕਸ਼ੇ ਸੇਨ ਤੇ ਪੀਵੀ ਸਿੰਧੂ ‘ਤੇ ਹੋਣਗੀਆਂ ਸਾਰਿਆਂ ਦੀਆਂ ਨਜ਼ਰਾਂ

ਮਨੀਲਾ – ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਤੇ ਵਿਸ਼ਵ ਚੈਂਪੀਅਨਸ਼ਪ ਦੇ ਕਾਂਸੇ ਦਾ ਮੈਡਲ ਜੇਤੂ ਲਕਸ਼ੇ ਸੇਨ ‘ਤੇ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਪ ਵਿਚ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਦੋਵੇਂ ਹੀ ਇਸ ਟੂਰਨਾਮੈਂਟ ਤੋਂ ਪਹਿਲਾਂ ਚੰਗੀ ਲੈਅ ਵਿਚ ਹਨ ਜਿਸ ਨਾਲ ਦੋਵਾਂ ਤੋਂ ਉਮੀਦਾਂ ਵਧੀਆਂ ਹਨ। ਕੋਰੋਨਾ ਮਹਾਮਾਰੀ ਕਾਰਨ ਇਹ ਟੂਰਨਾਮੈਂਟ ਦੋ ਸਾਲ ਬਾਅਦ ਖੇਡਿਆ ਜਾ ਰਿਹਾ ਹੈ। ਐੱਚਐੱਸ ਪ੍ਰਣਯ ਦੇ ਬਾਹਰ ਹੋਣ ਨਾਲ ਭਾਰਤ ਦੀਆਂ ਉਮੀਦਾਂ ਨੂੰ ਥੋੜ੍ਹਾ ਝਟਕਾ ਜ਼ਰੂਰ ਲੱਗਾ ਹੈ ਕਿਉਂਕਿ ਪ੍ਰਣਯ ਚੰਗੀ ਲੈਅ ਵਿਚ ਸਨ। ਉਨ੍ਹਾਂ ਦੀ ਗ਼ੈਰ ਮੌਜੂਦਗੀ ਵਿਚ ਆਲ ਇੰਗਲੈਂਡ ਸਿਲਵਰ ਮੈਡਲ ਜੇਤੂ ਸੇਨ ਕੋਲ ਚੰਗਾ ਮੌਕਾ ਹੋਵੇਗਾ। ਉਨ੍ਹਾਂ ਦਾ ਸਾਹਮਣਾ ਪਹਿਲੇ ਗੇੜ ਵਿਚ ਚੀਨ ਦੇ ਲੀ ਸ਼ੀ ਫੇਂਗ ਨਾਲ ਹੋਵੇਗਾ ਜੋ ਦੋ ਵਾਰ ਵਿਸ਼ਵ ਜੂਨੀਅਰ ਚੈਂਪੀਅਨਸ਼ਪ ਵਿਚ ਗੋਲਡ ਮੈਡਲ ਜਿੱਤ ਚੁੱਕੇ ਹਨ।

ਸਾਬਕਾ ਵਿਸ਼ਵ ਚੈਂਪੀਅਨ ਤੇ ਚੌਥਾ ਦਰਜਾ ਹਾਸਲ ਸਿੰਧੂ ਦਾ ਸਾਹਮਣਾ ਪਹਿਲੇ ਗੇੜ ਵਿਚ ਚੀਨੀ ਤਾਇਪੇ ਦੀ ਪਾਈ ਯੂ ਪੋ ਨਾਲ ਹੋਵੇਗਾ। ਕੁਆਰਟਰ ਫਾਈਨਲ ਵਿਚ ਪੁੱਜਣ ‘ਤੇ ਉਨ੍ਹਾਂ ਦੀ ਟੱਕਰ ਚੀਨ ਦੀ ਹੀ ਬਿੰਗ ਜਿਆਓ ਨਾਲ ਹੋ ਸਕਦੀ ਹੈ। ਵਿਸ਼ਵ ਚੈਂਪੀਅਨਸ਼ਿਪ ਸਿਲਵਰ ਮੈਡਲ ਜੇਤੂ ਕਿਦਾਂਬੀ ਸ਼੍ਰੀਕਾਂਤ ਵੀ ਚੰਗੀ ਲੈਅ ਵਿਚ ਹਨ ਜੋ 2016 ਤੋਂ 2020 ਵਿਚ ਏਸ਼ੀਆ ਟੀਮ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮਡੈਲ ਜਿੱਤੇ ਚੁੱਕੇ ਹਨ ਪਰ ਨਿੱਜੀ ਮੈਡਲ ਨਹੀਂ ਜਿੱਤ ਸਕੇ। ਉਨ੍ਹਾਂ ਦਾ ਸਾਹਮਣਾ ਪਹਿਲੇ ਗੇੜ ਵਿਚ ਮਲੇਸ਼ੀਆ ਦੇ ਏਂਗ ਜੇ ਯੋਂਗ ਨਾਲ ਹੋਵੇਗਾ। ਬੀ ਸਾਈ ਪ੍ਰਣੀਤ ਪਹਿਲੇ ਗੇੜ ਵਿਚ ਚੌਥਾ ਦਰਜਾ ਹਾਸਲ ਜੋਨਾਥਨ ਕ੍ਰਿਸਟੀ ਨਾਲ ਖੇਡਣਗੇ। ਉਥੇ ਸਾਇਨਾ ਨੇਹਵਾਲ ਦਾ ਸਾਹਮਣਾ ਪਹਿਲੇ ਗੇੜ ਵਿਚ ਕੋਰੀਆ ਦੀ ਸਿਮ ਯੁਜਿਨ ਨਾਲ ਹੋਵੇਗਾ। ਸਾਇਨਾ ਇੱਥੇ ਤਿੰਨ ਮੈਡਲ ਜਿੱਤ ਚੁੱਕੀ ਹੈ ਤੇ ਸੱਟਾਂ ਤੋਂ ਠੀਕ ਹੋਣ ਤੋਂ ਬਾਅਦ ਵਾਪਸੀ ਦੀ ਰਾਹ ‘ਤੇ ਹੈ। ਆਕਰਸ਼ੀ ਕਸ਼ਯਪ ਦਾ ਸਾਹਮਣਾ ਸਿਖਰਲਾ ਦਰਜਾ ਹਾਸਲ ਅਕਾਨੇ ਯਾਮਾਗੁਚੀ ਨਾਲ ਹੋਵੇਗਾ ਜਦਕਿ ਮਾਲਵਿਕਾ ਬੰਸੋੜ ਦੀ ਟੱਕਰ ਸਿੰਗਾਪੁਰ ਦੀ ਯੀਓ ਜਿਆ ਮਿਨ ਨਾਲ ਹੋਵੇਗੀ।

ਮਰਦ ਡਬਲਜ਼ ਵਿਚ ਦੁਨੀਆ ਦੀ ਸੱਤਵੇਂ ਨੰਬਰ ਦੀ ਜੋੜੀ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦਾ ਸਾਹਮਣਾ ਥਾਈਲੈਂਡ ਦੇ ਏਪਿਲੁਕ ਜੀ ਤੇ ਨਾਚਾਨੋਨ ਤੁਲਾਮੋਕ ਨਾਲ ਹੋਵੇਗਾ। ਐੱਮਆਰ ਅਰਜੁਨ ਤੇ ਧਰੁਵ ਕਪਿਲਾ ਦਾ ਸਾਹਮਣਾ ਚੌਥਾ ਦਰਜਾ ਹਾਸਲ ਇੰਡੋਨਸ਼ੀਆ ਦੇ ਫਜਰ ਅਲਫੀਯਾਨ ਤੇ ਮੁਹੰਮਦ ਰਿਆਨ ਨਾਲ ਹੋਵੇਗਾ। ਮਹਿਲਾ ਡਬਲਜ਼ ਵਿਚ ਐੱਨ ਸਿੱਕੀ ਰੈੱਡੀ ਤੇ ਅਸ਼ਵਿਨੀ ਪੋਨੱਪਾ ਅਤੇ ਗਾਇਤਰੀ ਗੋਪੀਚੰਦ ਤੇ ਤਿ੍ਸ਼ਾ ਜੋਲੀ ਨੇ ਸੱਟ ਕਾਰਨ ਨਾਂ ਵਾਪਸ ਲੈ ਲਿਆ ਹੈ।

Related posts

ਖਿਡਾਰੀਆਂ ਦੇ ਵਲੋਂ ਬਾਕਸਿੰਗ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ

ਜੋਕੋਵਿਚ ਦੀ 13ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪੁੱਜਾ

ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦਾ ਸੀਜ਼ਨ-1 ਦੇ ਮੈਚ ਅਗਸਤ ‘ਚ ਐਮਸਟਰਡਮ, ਈਡਨਬਰਗ ਅਤੇ ਬੈੱਲਫਾਸਟ ‘ਚ ਹੋਣਗੇ !