ਲਖੀਮਪੁਰਾ ਕਾਂਡ; ਸਵੇਰੇ ਸ਼ਰਧਾਂਜਲੀਆਂ ਤੇ ਸ਼ਾਮ ਨੂੰ ਹੋਣਗੇ ਕੈਂਡਲ ਮਾਰਚ

ਚੰਡੀਗੜ੍ਹ – ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ 12 ਅਕਤੂਬਰ ਨੂੰ ਲਖੀਮਪੁਰ ਖੀਰੀ ਕਾਂਡ ਦੇ ਕਿਸਾਨ ਸ਼ਹੀਦਾਂ ਦੀ ਅੰਤਿਮ ਅਰਦਾਸ ਦਿਵਸ ਨੂੰ ‘ਸ਼ਹੀਦ ਕਿਸਾਨ ਦਿਵਸ’ ਵਜੋਂ ਮਨਾਇਆ ਜਾਵੇਗਾ।ਸਵੇਰੇ ਪਿੰਡਾਂ ਵਿਚ ਧਾਰਮਿਕ ਸਮਾਗਮ ਕਰਨ ਤੋਂ ਬਾਅਦ ਦੁਪਹਿਰ ਸਮੇਂ ਪੰਜਾਬ ਭਰ ’ਚ 100 ਤੋਂ ਵੱਧ ਪੱਕੇ-ਧਰਨਿਆਂ ਵਾਲੀਆਂ ਥਾਂ ’ਤੇ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਸ਼ਾਮ ਛੇ ਵਜੇ ਪਿੰਡਾਂ ਦੀਆਂ ਸੱਥਾਂ/ਚੌਕਾਂ ਤੋਂ ਸ਼ੁਰੂ ਕਰਕੇ ਕੈਂਡਲ ਮਾਰਚ ਕੀਤੇ ਜਾਣਗੇ। ਪੰਜ ਸ਼ਹੀਦਾਂ ਦੀ ਯਾਦ ਵਿਚ ਸ਼ਾਮ ਨੂੰ ਸੱਤ ਵਜੇ ਘਰਾਂ ਮੂਹਰੇ ਪੰਜ-ਪੰਜ ਮੋਮਬੱਤੀਆਂ ਜਲਾਈਆਂ ਜਾਣਗੀਆਂ। ਕਿਸਾਨ ਆਗੂ ਨੇ ਸਾਰੇ ਇਨਸਾਫ਼ ਪਸੰਦ ਸ਼ਹਿਰੀਆਂ ਅਤੇ ਜਮਹੂਰੀ ਕਾਰਕੁੰਨਾਂ ਨੂੰ ਇਨ੍ਹਾਂ ਪ੍ਰੋਗਰਾਮਾਂ ’ਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਬੌਖਲਾ ਗਈ ਹੈ। ਇਸ ਨੂੰ ਕਿਸਾਨ ਅੰਦੋਲਨ ਦਾ ਕੋਈ ਤੋੜ ਨਹੀਂ ਲੱਭ ਰਿਹਾ। ਕਿਸਾਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਇਸ ਕੋਲ ਕੋਈ ਜਵਾਬ ਨਹੀਂ ਹੈ। 11 ਗੇੜ ਦੀ ਚੱਲੀ ਗੱਲਬਾਤ ਦੌਰਾਨ ਕਿਸਾਨ ਆਗੂ ਸਰਕਾਰ ਨੂੰ ਇਖਲਾਕੀ ਤੌਰ ’ਤੇ ਹਰਾ ਚੁੱਕੇ ਹਨ।ਕਿਸਾਨ ਅੰਦੋਲਨ ਦੀ ਦਿਨ-ਬ ਦਿਨ ਵਧ ਰਹੀ ਤਾਕਤ ਮੂਹਰੇ ਬੇਵੱਸ ਸਰਕਾਰ ਹੁਣ ਨੰਗੀ ਚਿੱਟੀ ਗੁੰਡਾਗਰਦੀ ’ਤੇ ਉੱਤਰ ਆਈ ਹੈ। ਇੱਕ ਕੇਂਦਰੀ ਮੰਤਰੀ ਦੇ ਹੰਕਾਰੇ ਛੋਹਰ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਗੱਡੀ ਚੜ੍ਹਾ ਦਿੱਤੀ। ਪੰਜ ਕਿਸਾਨ ਸ਼ਹੀਦ ਕਰਨ ਤੋਂ ਬਾਅਦ ਵੀ ਸਰਕਾਰ ਨੇ ਕੋਈ ਅਫਸੋਸ ਪ੍ਰਗਟ ਨਹੀਂ ਕੀਤਾ।

ਹੁਣ ਤਕ ਕਿਸਾਨ ਸੰਘਰਸ਼ ਪ੍ਰਤੀ ਇਸ ਦੀ ਬੇਲਾਗਤਾ ਅਤੇ ਹਰ ਹੀਲੇ ਸਾਮਰਾਜੀ ਨੀਤੀਆਂ ਲਾਗੂ ਕਰਨ ਦਾ ਹੱਠ ਹਜ਼ਾਰਾਂ ਕਿਸਾਨਾਂ ਦੀ ਜਾਨ ਲੈ ਚੁੱਕਿਆ ਹੈ ਪਰ ਲੋਕਾਂ ਦਾ ਸਬਰ ਅਜ਼ਮਾਉਣ, ਢੀਠ ਚੁੱਪ ਧਾਰਨ ਕਰਨ ਅਤੇ ਸੰਘਰਸ਼ ਨੂੰ ਲਟਕਾ ਕੇ ਖੋਰਨ ਦਾ ਹਥਿਆਰ ਵੀ ਮਨ ਇੱਛਤ ਸਿੱਟੇ ਨਹੀਂ ਕੱਢ ਸਕਿਆ। ਲੋਕਾਂ ਦਾ ਸਬਰ ਅਜ਼ਮਾਉਂਦੀ ਹੋਈ ਹਕੂਮਤ ਦਾ ਆਪਣਾ ਸਬਰ ਦਮ ਤੋੜਦਾ ਜਾ ਰਿਹਾ ਹੈ।ਹੁਣ ਅਜਿਹੀਆਂ ਗੁੰਡਾ ਤਾਕਤਾਂ ਰਾਹੀਂ ਜੂਝ ਰਹੀਆਂ ਕਿਸਾਨ ਸਫ਼ਾਂ ਅੰਦਰ ਦਹਿਸ਼ਤ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਮਹੀਨਿਆਂ ਵਿਚ ਲੋਕ ਲਾਮਬੰਦੀ ਸਦਕਾ ਭਾਜਪਾ ਆਗੂਆਂ ਨੂੰ ਥਾਂ-ਥਾਂ ਜ਼ਲੀਲ ਹੋਣਾ ਪਿਆ ਹੈ ਅਤੇ ਉਹ ਮੁਕੰਮਲ ਨਿਖੇੜੇ ਦੀ ਹਾਲਤ ਵਿੱਚ ਸੁੱਟੇ ਗਏ ਹਨ।ਸੱਤਾਧਾਰੀ ਧਿਰ ਦਾ ਲੋਕ ਆਧਾਰ ਬੁਰੀ ਤਰ੍ਹਾਂ ਖੁਰ ਰਿਹਾ ਹੈ ਤੇ ਉਹ ਹਰ ਹੀਲੇ ਇਸ ਹਾਲਤ ਤੋਂ ਜਲਦੀ ਤੋਂ ਜਲਦੀ ਛੁਟਕਾਰਾ ਪਾਉਣਾ ਚਾਹੁੰਦੀ ਹੈ। ਜੂਝ ਰਹੇ ਲੋਕਾਂ ਨੂੰ ਇਸ ਹਕੂਮਤ ਦੇ ਜਾਬਰ ਹਥਕੰਡਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਕਿਸਾਨ ਘੋਲ ਦਾ ਹੁਣ ਤਕ ਦਾ ਸਫ਼ਰ ਹਰ ਸੱਟ ਦੇ ਨਾਲ ਹੋਰ ਮਜ਼ਬੂਤ ਹੁੰਦੇ ਜਾਣ ਦਾ ਸਫ਼ਰ ਹੈ।

Related posts

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਦੂਸ਼ਣਬਾਜ਼ੀ ਅਤੇ ਮੀਡੀਆ ਫੈਸਲੇ ਨਾ ਦੇਣ ਦੇ ਆਦੇਸ਼ !

ਸਰਕਾਰ ਤਾਂ ਚਾਹੁੰਦੀ ਸੀ ਕਿ ਮੈਂ ਬਾਹਰ ਨਾ ਆਵਾਂ – ਬਿਕਰਮ ਮਜੀਠੀਆ