ਵਿਅੰਗ : ਭੱਠ ਪਿਆ ਸੋਨਾ ਜੋ ਕੰਨਾਂ ਨੂੰ ਖਾਏ !

ਗੋਲਡ।

ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ।

ਮੂਸਾ ਨੇ ਆਪਣੇ ਭਗਤਾਂ ਲਈ 10 ਫਰਮਾਨ ਜਾਰੀ ਕੀਤੇ ਸਨ। ਇਹਨਾਂ ਨੂੰ ‘ਕਮਾਂਡਮੈਂਟ’ ਕਿਹਾ ਜਾਂਦੈ।

ਮੋਦੀ ਜੀ ਨੇ ਆਪਣੇ ਦੇਸ਼ਵਾਸੀਆਂ ਲਈ 11 ਫਰਮਾਨ ਜਾਰੀ ਕੀਤੇ ਹਨ,ਇਹਨਾਂ ਨੂੰ ‘ਅਪੀਲਾਂ’ ਕਿਹਾ ਗਿਐ। ‘ਮੋਦੀ ਹੈ ਤਾਂ ਮੁਮਕਿਨ ਹੈ’!

ਇਹ ਅਪੀਲਾਂ ਮੰਨਣਾਂ ਰਾਸ਼ਟਰ-ਭਗਤੀ ਅਤੇ ਦੇਸ਼-ਭਗਤੀ ਦੀ ਸਨਦ/ਸਬੂਤ ਸਮਝਿਆ ਜਾਣੈ/ਜਾ ਰਿਹੈ।

ਇਹਨਾਂ ਵਿੱਚ ਇੱਕ ਫਰਮਾਨ ਹੈ ਸਾਲ ਭਰ ਲਈ ਸੋਨਾ ਨਾ ਖ੍ਰੀਦਣ ਬਾਰੇ।

ਅਸੀਂ ਆਪ ਤਾਂ ਸੋਨੇ ਦੀ ਮਕਾਣੇ ਵੀ ਨਹੀਂ ਜਾਂਦੇ ਪਰ ਜੇ ਸੋਨਾ ਸਾਡੀ ਮਕਾਣੇ ਆ ਜਾਏ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਇਤਰਾਜ਼ ਕਰਕੇ ਵੀ ਅਸੀਂ ਕੀ ਕਰ ਲਵਾਂਗੇ,ਉਦੋਂ ਕੁਝ ਕਰਨ ਯੋਗੇ ਹੀ ਨਹੀਂ ਹੋਣਾਂ। ਸੋ ਅਸੀਂ ਕਿਹੜਾ ਸੋਨਾਂ-ਮਹਾਰਾਜ ਦੇ ਸਵਾਗਤ ‘ਚ ਫੁੱਲਾਂ ਦੇ ਹਾਰ ਫੜ ਕੇ ਖੜ੍ਹੇ ਹੋਣੈ।

ਪਰ ਸਾਡੀ ‘ਬਿਲੌਰੀ ਬੰਤੋ’ ਸੋਨੇ ਪਿਛੇ ਸ਼ੇਦਾਈ ਹੈ। ਭਾਰਤੀ ਨਾਰੀ,ਸੋਨੇ ਦੀ ਮਾਰੀ!ਦੁਨੀਆਂ ਦੀਆਂ ਹੋਰ ਨਾਰਾਂ ਦਾ ਪਤਾ ਨਹੀਂ ਪਰ ਸਾਡੇ ਤਾਂ ਇਧਰ ਸੋਨਾਂ ਨਾਰ ਦੇ ਹੱਡੀਂ ਰਚਿਐ। ਸਾਦ-ਮੁਰਾਦੀਆਂ ਬੀਬੀਆਂ-ਭੇਣਾਂ ਵੀ ਬਹੁਤ ਹਨ ਜੋ ਸਾਦਗੀ ਨੂੰ ਹੀ ਸ਼ਿੰਗਾਰ ਸਮਝਦੀਆਂ/ਮੰਨਦੀਆਂ ਹਨ। ਪਰ ਬਹੁਤਾ ਕਰਕੇ ਗਹਿਣੇ-ਗੱਟੇ, ਟੂੰੰਮਾਂ-ਜ਼ੇਵਰ, ਹਾਰ ਸ਼ਿੰਗਾਰ, ਸੱਜ-ਫੱਬ, ਟੌਹਰ-ਟਸ਼ਨ ਸਾਡੇ ਵਿਆਹ-ਸ਼ਾਦੀਆਂ, ਪਾਰਟੀਆਂ-ਸਮਾਗਮਾਂ ਦਾ ਅਨਿੱਖੜਵਾਂ ਅੰਗ ਹਨ। ਭਾਵੇਂ ਅੱਡੀਆਂ ਚੁੱਕ ਕੇ ਹੀ ਫਾਹਾ ਲੈਣਾਂ ਪਵੇ ਪਰ ਫਾਹਾ ਲੈਣਾ ਜ਼ਰੂਰ ਐ! ਫੋਕੀ ਬੱਲੇ ਬੱਲੇ, ਫੁਹੜ ਦਿਖਾਵਾ, ਊਤ ਗਿਆ ਆਵਾ!

ਬੰਦੇ ਵੀ ਘਟ ਨਹੀਂ। ਸੋਨੇ ਦੇ ਕੜੇ ਤਾਂ ਕਈ ਪਾਈ ਫਿਰਦੇ ਹਨ, ਕੰਠੇ, ਚੈਨੀਆਂ,ਸੋ ਨੇ- ਮੜ੍ਹੇ ਦੰਦ ਤੇ ਹੋਰ ਸੋਨੇ-ਚਾਂਦੀ ਦੇ ਸਜਾਵਟੀ ਸਮਾਨ ਨਾਲ ਵੀ ਸੱਜੀ ਫਿਰਦੇ ਹਨ। ਸੰਗੀਤ ਨਿਰਦੇਸ਼ਕ ਭੱਪੀ ਲਹਿਰੀ ਤਾਂ ਸੋਨੇ ਦਾ ਐਨਾਂ ਸ਼ੌਕੀਨ ਸੀ ਕਿ ਉਹ ਤੁਰਦੀ ਫਿਰਦੀ ਸਰਾਫ ਦੀ ਦੁਕਾਨ ਲਗਦਾ ਸੀ!

ਖੈਰ,ਸਾਡੀ ਬਿਲੌਰੀ ਬੰਤੋ ਤਾਂ ਬਸ ਸੋਨੇ ਦਾ ਇੱਕ ਮਾੜਾ ਜਿਹਾ ਕੋਕਾ ਘੜਵਾਉਣ ਦੀ ਮਾਸਾ ਜਿਹੀ ਜ਼ਿਦ ਕਰ ਰਹੀ ਸੀ। ਹਰ ਰੋਜ਼ ਆਪਣੀ ਭੈੜੀ ਜਿਹੀ ਬੇਸੁਰੀ ਆਵਾਜ਼ ‘ਚ ਗਾਣਾ ਗਾਉਂਦੀ-‘ਕੋਕਾ ਘੜਵਾ ਦੇ ਵੇ ਮਾਹੀਆ ਕੋਕਾ, ਵੇ ਹਾਣੀਆਂ’। ਕਰੀਏ ਕੀ,ਅੱਜ ਕੱਲ੍ਹ ਇੱਕ ਤੋਲਾ ਸੋਨੇ ਦਾ ਭਾਅ ਹੀ ਡੇੜ-ਪੌਣੇ ਦੋ ਲੱਖ ਰੁਪਏ ਹੈ। ਸਾਡੀ ਔਕਾਤ ਕਿਥੇ?ਅਸੀਂ ਉਸ ਨੂੰ ਬੜਾ ਸਮਝਾਉਂਦੇ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 10 – 11ਮਈ ਨੂੰ ਕ੍ਰਮਵਾਰ ਹੈਦਰਾਬਾਦ ਅਤੇ ਵਡੋਦਰਾ ਤੋਂ ਦੇਸ਼ਵਾਸੀਆਂ ਨੂੰ ਇੱਕ ਸਾਲ ਲਈ ਸੋਨਾਂ ਨਾ ਖ੍ਰੀਦਣ ਦੀ ਅਪੀਲ ਕੀਤੀ ਹੈ ਤਾਂ ਕਿ ਬਦੇਸ਼ੀ ਮੁਦਰਾ ਦੀ ਬੱਚਤ ਹੋ ਸਕੇ ਅਤੇ ਸਾਡਾ ਰੁਪਿਆ ਸਥਿਰ ਰਹਿ ਸਕੇ। ਪਰ ਸੋਨੇ ਉਪਰ ਸਾਡੇ ਨਾਲੋਂ ਵਧ ਮਰਨ ਵਾਲੀ ਸਾਡੀ ਸ਼ੈਦਾਈ ਬੰਤੋ ਨੇ ਸਾਨੂੰ ਅਗੋਂ ਇੱਕ ਠੇਠ ਪੰਜਾਬੀ ਅਖਾਣ ਸੁਣਾ ਮਾਰਿਆ-‘ਨਾਂ ਕੱਟੀ ਨਾਂ ਵੱਛੀ,ਨੀਂਦ ਆਵੇ ਅੱਛੀ’! ਅਸੀਂ ਉਸ ਨੂੰ ਸਮਝਾਉਣ ਲਈ ਧਰਮ ਦਾ ਓਟ-ਆਸਰਾ ਲਿਆ ਤੇ ਦਸਿਆ ਕਿ ਸੋਨਾਂ ਤਾਂ ਨਾਸ਼ਮਾਨ ਸ਼ੈਅ ਹੈ, ਇਹ ਲੈ ਕੇ ਭਲਾ ਕੀ ਕਰਨੈ? ਗੁਰਬਾਣੀ ‘ਚੋਂ ਅਸੀਂ ਰਾਵਣ ਦੀ ਉਦਾਹਰਨ ਦਿੰਦਿਆਂ ਕਿਹਾ- “ਲੰਕਾ ਗਢੁ ਸੋਨੇ ਕਾ ਭਇਆ।।ਮੂਰਖੁ ਰਾਵਨੁ ਕਿਆ ਲੇ ਗਇਆ”।। (ਸ.ਗ.ਗ.ਸ.ਅੰਗ-੧੧੫੭-੫੮)। ਹੋਰ ਸਮਝਾਉਣ ਲਈ ਹੋਰ ਦਸਿਆ ਕਿ- ‘ਗੁਰ ਪਾਰਸ ਹਮ ਲੋਹ ਮਿਲਿ ਕੰਚਨੁ ਹੋਇਆ ਰਾਮ’।। (ਸ.ਗ.ਗ.ਸ.ਅੰਗ-੧੧੧੪)।

ਪਰ ਹਰ ਰੋਜ਼ ਬਾਣੀ ਪੜ੍ਹਨ ਵਾਲੀ ਸੋਨੇ ਮਾਰੀ ਪਿਆਰੀ ਉਪਰ ਕੋਈ ਅਸਰ ਨਾਂ ਹੋਇਆ।

ਅਸੀਂ ਆਪਣੀ ਬਿਲ਼ੋਰੀ ਬਿੱਲੋ ਨੂੰ 1973  ਦੀ ਬਲਾਕਬਸਟਰ ਰੁਮਾਂਟਿਕ ਹਿੰਦੀ ਫਿਲਮ ‘ਬੌਬੀ’ ਦਾ ਮਸ਼ਹੂਰ ਗੀਤ ਸੁਣਾਇਆ ਕਿ ਪਿਆਰ ਵਿਚ ਸੋਨ-ਸ਼ਿੰਗਾਰ ਨਹੀਂ ਸਗੋਂ ਦਿਲ-ਦਿਲਦਾਰ ਦੀ ਵਧੇਰੇ ਮਹੱਤਤਾ ਹੁੰਦੀ ਹੈ ਕਿਉਂਕਿ ‘ਮੇਰੇ ਸਾਹਿਬਾ! ਪਿਆਰ ਮੇਂ ਸੌਦਾ ਨਹੀਂ’ –

“ਨਾ ਚਾਹੂੰ ਸੋਨਾ ਚਾਂਦੀ ਨਾ ਚਾਹੂੰ ਹੀਰਾ ਮੋਤੀ,ਜੇ ਮੇਰੇ ਕਿਸ ਕਾਮ ਕੇ … “ਪਰ ਸਾਡੀ ਇਹ ਰੋਮਾਂਟਿਕ ਕੋਸ਼ਿਸ਼ ਵੀ ਨਿਸਫਲ ਰਹੀ।

ਅਸੀਂ ਦੁਹਰਾਇਆ ਕਿ ਮੋਦੀ ਜੀ ਨੇ ਮੌਜੂਦਾ ਊਰਜਾ ਸੰਕਟ ਸਮੇਂ ‘ਆਰਥਿਕ ਦੇਸ਼-ਭਗਤੀ’ ਦਰਸਾਉਣ ਦੀ ਅਪੀਲ ਕੀਤੀ ਹੈ। ਪਰ ਅਗੋਂ ਸਾਨੂੰ ਅੰਕੜਾ-ਬੱਧ ਅਰਥਸ਼ਾਸਤਰੀ ਦਾ ਸਾਹਮਣਾ ਕਰਨਾਂ ਪਿਆ। ਸਾਡੀ ਸੋਨਾ-ਪ੍ਰਸਤ ਪਿਆਰੀ ਨੇ ਸਾਨੂੰ ਦਸਿਆ ਕਿ ਸਾਲ ਭਰ ਲਈ ਸੋਨਾਂ ਨਾ ਖ੍ਰੀਦਣ ਦੀ ਅਪੀਲ ਦਾ ਜਿਯੂਲਰੀ ਉਦਯੋਗ ਨਾਲ ਸਿੱਧੇ-ਅਸਿੱਧੇ ਤੌਰ ਤੇ ਜੁੜੇ ਕਰੀਬ 3.5 ਕਰੋੜ ਲੋਕਾਂ ਉਪਰ ਮਾੜਾ ਅਸਰ ਪਿਐ। ਇਹਨਾਂ ਵਿਚ ਸਵਰਨਕਾਰ, ਕਾਰੀਗਰ, ਵਪਾਰੀ, ਸੋਨਾ-ਨਿਵੇਸ਼ਕਾਰ, ਕਾਮੇ ਆਦਿ ਸ਼ਾਮਿਲ ਹਨ। ਉਤੋਂ ਸੋਨੇ-ਚਾਂਦੀ ਦੀ ਇੰਪੋਰਟ ਡਿਯੂਟੀ 6% ਤੋਂ ਵਧਾ ਕੇ 15% ਕਰ ਕੇ ਟੁੱਟੇ ਲੱਕਾਂ ਉੱਪਰ ਠਾਹ ਲੱਤ ਦੇ ਮਾਰੀ ਐ। ਭਲਾ ਮਧਵਰਗੀ ਸਵਰਨਕਾਰ ਅਤੇ ਕਾਰੀਗਰ ਭੁੱਖੇ ਮਾਰਨੇ ਐਂ?ਵਡੇ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਉਪਰ ਤਾਂ ਬਹੁਤਾ ਪ੍ਰਭਾਵ ਪੈਣਾ ਨਹੀਂ। ਨਾ ਹੀ ਵਡੇ ਨਿਵੇਸ਼ਕਾਰਾਂ ਅਤੇ ਖਪਤਕਾਰਾਂ ਉਪਰ। ਮਰਨਾਂ ਤਾਂ ਸਧਾਰਨ ਦੁਕਾਨਦਾਰਾਂ/ਸਵਰਨਕਾਰਾਂ ਨੇ ਐਂ।

ਨਾਲ ਹੀ ਸਾਨੂੰ ਇਹ ਵੀ ਦਸਿਆ ਗਿਆ ਕਿ ਸੋਨਾ ਸਿਰਫ ਔਰਤ ਦਾ ਸ਼ਿੰਗਾਰ ਹੀ ਨਹੀਂ, ਪਹਿਲੀ ਪਸੰਦ ਵੀ ਹੈ, ਘਰ ਦੀ ਜਮਾਂ-ਪੂੰਜੀ ਵੀ ਅਤੇ ਆਰਥਕ ਸੁਰੱਖਿਆ ਦਾ ਸਥਿਰ ਸਾਧਨ/ਗਰੰਟੀ ਵੀ।ਇਹ ਕੌਮਾਂਤਰੀ ਕਰੰਸੀ ਹੁੰਦੈ, ਜੋ ਆਪਣੀ ਚਮਕੀਲੀ, ਸੁਨਹਿਰੀ, ਪੀਲੀ ਲਿਸ਼ਕ ਕਾਰਨ ਸਦਾ ਹੀ ਨਿੱਘ ਦਈ ਰਖਦੈ। ਇੱਕ ਸੇਫਟੀ ਨੈੱਟ।

(ਸ਼ਬਦ-ਉਤਪਤੀ ਅਨੁਸਾਰ ਤਾਂ ਸੋਨੇ ਲਈ ਅੰਗਰੇਜ਼ੀ ਸ਼ਬਦ ‘ਗੋਲਡ’ ਦਾ ਮੂਲ ਅਰਥ ਹੀ ਇਸ ਦੇ ਚਮਕੀਲੇ,ਪੀਲੇ ਰੰਗ ਦੀ ਉਪਜ ਹੈ)

ਸਾਡੇ ਸਭਿਆਚਾਰ ਵਿਚ ਸੋਨੇ ਦਾ ਪ੍ਰਭਾਵ ਸਾਡੇ,ਖਾਸ ਕਰਕੇ ਔਰਤਾਂ ਦੇ ਸਾਹੀਂ ਰਲਿਐ। ਗਰੀਬ ਤੋਂ ਗਰੀਬ ਵੀ ਆਪਣੀ ਧੀ-ਧਿਆਂਣੀ ਦੀ ਸ਼ਾਦੀ ਵੇਲੇ 2.4 ਤੋਲੇ (ਜਾਂ ਵਧ) ਸੋਨੇ ਦੇ ਗਹਿਣੇ ਪਾਉਂਦਾ ਹੀ ਹੈ।ਹੈ ਤਾਂ ਇਹ ਗਲਤ ਰਿਵਾਜ, ਪਰ ਹੈ। ਅਮੀਰ ਤਾਂ ਕਿਲੋਆਂ ਦੇ ਹਿਸਾਬ ਨਾਲ ਪਾਉਂਦੇ ਐ।ਖੈਰ ਅਮੀਰਾਂ ਦੀ ਛਡੋ। ਅਮੀਰ ਦਾ ਸਲਾਹੁਣਾ ਕੀ,ਗਰੀਬ ਦਾ ਨਿੰਦਣਾਂ ਕੀ!

ਸਾਡਾ ਦੇਸ਼ ਵਿਸ਼ਵ ਭਰ ਵਿੱਚ ਸਭ ਤੋਂ ਵਧ ਸੋਨਾਂ ਵਰਤਣ ਵਾਲਿਆਂ ਦੇਸ਼ਾਂ ‘ਚ ਸ਼ੁਮਾਰ ਹੁੰਦਾ ਹੈ ਅਤੇ ਸਾਡੇ ਬਹੁਤ ਵਡੀ ਮਾਤਰਾ ਵਿਚ ਸੋਨਾ ਆਉਂਦਾ ਵੀ ਬਾਹਰਲੇ ਮੁਲਕਾਂ ਤੋਂ ਹੀ ਹੈ।

ਉਂਝ ਜਿਸ ਦੇਸ਼ ਵਿਚ ਖੁਦ ਸਰਕਾਰ ਕਹਿੰਦੀ ਹੈ ਕਿ ਉਹ ਕਰੀਬ 81.35 ਕਰੋੜ (ਵਸੋਂ ਦਾ 60%) ਲੋਕਾਂ ਨੂੰ ਪੰਜ ਕਿਲੋ ਅਨਾਜ ਦਿੰਦੀ ਹੈ ਤਾਂ ਉਸ ਦੇਸ਼ ਵਿਚ ਉਹਨਾਂ ਲੋਕਾਂ ਨੇ ਸੋਨਾਂ ਸੁਆਹ ਖ੍ਰੀਦਣੈ ਜਿਹਨਾਂ ਕੋਲ ਖਾਣ ਲਈ ਦਾਣੇ ਨਹੀਂ! ਉਹਨਾਂ ਨੂੰ ਤਾਂ ਡੰਗ ਦੀ ਡੰਗ ਖਾਣ ਦੇ ਲਾਲੇ ਪਏ ਰਹਿੰਦੇ ਹਨ।ਸੋਨਾਂ, ਗਹਿਣੇ-ਗੱਟੇ,ਬਾਹਰਲੇ ਮੁਲਕਾਂ ‘ਚ ਜਾ ਕੇ ਵਿਆਹ ਕਰਨੇ ਅਤੇ ਬਦੇਸ਼ੀਂ ਜਾ ਕੇ ਛੁੱਟੀਆਂ ਮਨਾਉਣਾ ਅਮੀਰਾਂ ਦੇ ਚੋਚਲੇ ਹਨ, ਜੋ ਹੁੰਦੇ ਹੀ ਰਹਿਣੇ ਹਨ। ਭਲਾ ਜਿਹਨਾਂ 1% ਲੋਕਾਂ ਦਾ ਦੇਸ਼ ਦੀ 40% ਧੰਨ ਦੌਲਤ ਉੱਪਰ ਕਬਜ਼ਾ ਹੋਵੇ ਉਹਨਾਂ ਉੱਪਰ ਸਰਫੇ, ਸੰਜਮ, ਕਫਾਇਤ/ਬੱਚਤ ਦਾ ਅਸਰ ਛਣਕਣਾ ਹੋਣੈ! ਸਰਕਾਰਾਂ ਚਲਾਉਣ ਵਾਲੇ ਵੀ ਸਰਕਾਰਾਂ ਦੀਆਂ ਅਪੀਲਾਂ ਸੁਣਦੇ ਐ?ਹਾਂ,ਸੁਨਣ ਦਾ ਨਾਟਕ ਜ਼ਰੂਰ ਕਰਦੇ ਐ।

(ਖੁਦ ਮੋਦੀ ਜੀ ਇਸ ਦੋਹਰੀ ਅਪੀਲ ਉਪਰੰਤ ਆਪਣੇ ਪੂਰੇ ਲਾਮ-ਲਛਕਰ ਨਾਲ 12 ਮਈ ਨੂੰ ਅਸਾਮ ਦੇ ਮੁੱਖ ਮੰਤਰੀ ਦੇ ਸਹੁੰ-ਚੁੱਕ ਸਮਾਗਮ ਵਿਚ ਸ਼ਾਮਿਲ ਹੋਏ,ਇਸ ਤੋਂ ਪਹਿਲਾਂ ਗੁਜਰਾਤ ‘ਚ ਰੋਡ-ਸ਼ੋਅ ਕੀਤਾ, ਫਿਰ 15 ਮਈ ਨੂੰ ਪੰਜ ਦੇਸ਼ਾਂ ਦੇ ਦੌਰੇ ਤੇ ਚਲੇ ਗਏ)।

ਸੋਨਾਂ ਸਿਰਫ ਸਾਡੇ ਸਮਾਜਿਕ, ਸਭਿਆਚਰਕ ਰਸਮ-ਰਿਵਾਜ ਜਾਂ ਰਵਾਇਤਾਂ ‘ਚ ਹੀ ਨਹੀਂ ਰਚਿਆ ਸਗੋਂ ਸਾਡੇ ਧਾਰਮਿਕ ਅਤੇ ਆਸਥਾ ਦੇ ਰਹੁ-ਰੀਤ ‘ਚ ਵੀ ਰਮਿਐਂ। ਬੜੇ ਸ਼ਰਧਾਲੂ ਧੜਾ ਧੜ ਧਾਰਮਿਕ ਅਸਥਾਨਾਂ ਉਪਰ ਸੋਨੇ ਦਾ ਚੜ੍ਹਾਵਾ ਚੜ੍ਹਾਉਂਦੇ ਹਨ। ਪਤਾ ਨਹੀਂ ਰੱਬ ਵੀ ਗਹਿਣੇ-ਗੱਟੇ ਨਾਲ ਰਾਜ਼ੀ ਹੁੰਦੈ? ਉਂਝ ਅਜਿਹਾ ਹੋਣਾ ਤਾਂ ਨਹੀਂ ਚਾਹੀਦੈ। ਪਰ ਰੱਬ ਤਾਂ ਰੱਬ ਐ, ਸਾਡੇ ਵਰਗੇ ਲੱਲੀ-ਛੱਲੀ ਭਲਾ ਕਿਸ ਬਾਗ ਦੀ ਮੂਲੀ ਹਨ ਰੱਬ ਜੀ ਸਾਹਮਣੇ? ‘ਕੈ ਬਾਗੇ ਦੀ ਮੂਲੀ ਹੁਸੈਨਾ, /ਤੂੰ ਕੈ ਬਾਗੇ ਦੀ ਮੂਲੀ।/ਬਾਗਾਂ ਦੇ ਵਿਚਿ  ਫੁਲਿ ਅਜਾਇਬ/ਤੂੰ ਵੀ ਇੱਕ ਗਧੂਲੀ’!

ਵੈਸੇ ਹਰ ਲਿਛਕਦੀ ਸ਼ੈਅ ਸੋਨਾ ਨਹੀਂ ਹੁੰਦੀ! ਸੋਨੇ ਤੇ ਸੁਹਾਗੇ ਵਾਲੀ ਗਲ ਇਹ ਕਿ ਸਾਡੀ ਬੋਲੀ ‘ਚ ਸੋਨੇ ਸਬੰਧੀ ਅਨੇਕਾਂ ਮੁਹਾਵਰੇ/ਅਖਾਣ ਹਨ। ਕੁਝ ਕੁ ਪੇਸ਼ ਹਨ-ਬਾਰਾਂ ਵੰਨੀ ਦਾ ਸੋਨਾ ਸਾਬਤ ਹੋਣਾ,ਖਰਾ ਸੋਨਾ/24 ਕੈਰੇਟ ਦਾ ਸੋਨਾ, ਸੋਨੇ ਦੀ ਖਾਨ, ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ, ਸੋਨੇ ਦਾ ਦਿਲ,ਸੋਨੇ ਦੀ ਕਟਰ ਢਿੱਡ ਵਿਚ ਕੋਈ ਨਹੀਂ ਖੋਭਦਾ, ਸੋਨੇ ਦੀ ਕਟਾਰੀ ਜਿਥੇ ਲਗੀ ਉਥੇ ਕਾਰੀ, ਸੋਨੇ ਰੁੱਪੇ ਲੱਦੀ, ਮੁੜ (ਅੰਤ) ਘੁਮਿਆਰ ਸੱਦੀ, ਸੋਨੇ ਵਿਚ ਸੁਗੰਧੀ, ਸੌ ਸੁਨਾਰ ਦੀ ਇਕ ਲੁਹਾਰ ਦੀ, ਮਾਮੇ ਕੰਨੀ ਬੀਰ ਵਾਲੀਆਂ, ਭਾਣਜਾ ਆਕੜਿਆ ਫਿਰੇ ਆਦਿ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਚ ਸੋਨਾ, ਸੋਇਨਾ, ਕੰਚਨ, ਕੁੰਦਨ ਆਦਿ ਸ਼ਬਦਾਂ ਨਾਲ ਸਬੰਧਤ ਬਹੁਤ ਟੂਕਾਂ ਹਨ।ਕੁਝ ਕੁ ਤਾਂ ਪਹਿਲਾਂ ਲਿਖ ਚੁਕੇ ਹਾਂ, ਕੁਝ ਕੁ ਹੋਰ ਪੜ੍ਹ ਲਉ-‘ਕੰਚਨ ਸਿਉ ਪਾਈਐ ਨਹੀ ਤੋਲਿ।। ਮਨੁ ਦੇ ਰਾਮੁ ਲੀਆ ਹੈ ਮੋਲਿ’।। (ਅੰਗ-੩੨੭), ‘ਸੋਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ’।। (ਅੰਗ-੭੬੨), ‘ਕਾਮੁ ਕ੍ਰੋਧੁ ਕਾਇਆ ਕਉ ਗਾਲੈ।। ਜਿਉ ਕੰਚਨ ਸੋਹਾਗਾ ਢਾਲੈ’।। (ਅੰਗ ੯੩੨)

ਖੈਰ,ਕੁਠਾਲੀ ਦਾ ਸੇਕ ਸਹਾਰ ਕੇ ਹੀ ਢਲਿਆ ਸੋਨਾ ਕਸਵੱਟੀ ਦੀ ਕੱਸ ਸਹਾਰਦੈ ਅਤੇ ਫਿਰ ‘ਨਦਰਿ ਸਰਾਫ ਵੰਨੀ ਸਚੜਾਉ’!

ਜਦ ਸਾਡੀ ਬਿਲੌਰੀ ਬਿੱਲੋ ਨੇ ਕੋਕਾ ਘੜਵਾ ਕੇ ਦੇਣ ਦੀ ਰਟ ਨਾਂ ਛੱਡੀ ਅਤੇ ਇਸ ਨਾਮੁਰਾਦ ਦੇ ਨਾਂ ਘੜਵਾਏ ਜਾਣ ਦੀ ਸੂਰਤ ‘ਚ ਸਾਨੂੰ ਛੱਡਣ ਦਾ ਅਲਟੀਮੇਟਮ ਦੇ ਮਾਰਿਆ ਤਾਂ ਅਸੀਂ ਡਾਢੇ ਦਾ ਸੱਤੀਂ ਵੀਹੀਂ ਸੌ ਵਾਲੀ ਗਲ ਮੰਨ ਕੇ ਉਸ ਦੀ ਮੰਗ ਮੰਨ ਲਈ।

ਤੇ ਹੇਠਲੀ ਸਿਰਲੇਖੀ ਸਤਰ ਬੁੜਬੁੜਾਉਂਦਿਆਂ ਇਸ ਮੰਗ ਨੂੰ ਪੂਰਾ ਕਰਨ ਲਈ ਸਰਾਫਾਂ ਬਾਜ਼ਾਰ ਵਲ ਚਾਲੇ ਪਾ ਦਿਤੇ –

“ਭੱਠ ਪਿਆ ਸੋਨਾਂ ਜਿਹੜਾ ਕੰਨਾਂ ਨੂੰ ਖਾਏ’!

Related posts

ਭਾਰਤ ਅਤੇ ਇਟਲੀ ਵਲੋਂ 20 ਬਿਲੀਅਨ ਯੂਰੋ ਦਾ ਵਪਾਰਕ ਟੀਚਾ ਨਿਰਧਾਰਤ !

ਸਿਆਸੀ ਏਜੰਡਿਆਂ ਤੋਂ ਗਾਇਬ ਪੰਜਾਬ ਦੀ ‘ਰੂਹ’ ਦਾ ਉਜਾੜਾ !

ਬੇਅਦਬੀ ਕਾਨੂੰਨ ਨੇ ਡਰ ਪੈਦਾ ਕੀਤਾ ਹੈ, ਵਿਸ਼ਵਾਸ ਨਹੀਂ !