ਸ਼੍ਰੀ ਮਾਛੀਵਾੜਾ ਸਾਹਿਬ – ਇੱਥੋਂ ਨੇੜਲੇ ਪਿੰਡ ਰਾਮਗੜ੍ਹ ਦਾ ਇੱਕ ਫ਼ੌਜੀ ਹਰਪ੍ਰੀਤ ਸਿੰਘ ਇੱਕ ਵਿਆਹ ਸਮਾਗਮ ਤੋਂ ਬਾਅਦ ਘਰ ਪਰਤ ਰਿਹਾ ਸੀ ਪਰ ਉਹ ਘਰ ਨਹੀਂ ਪਹੁੰਚਿਆ ਅਤੇ ਅੱਜ ਉਸਦਾ ਮੋਟਰਸਾਈਕਲ ਅਤੇ ਹੋਰ ਸਮਾਨ ਨੇੜਿਓਂ ਲੰਘਦੀ ਸਰਹਿੰਦ ਕਿਨਾਰੇ ਮਿਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਫ਼ੌਜੀ ਹਰਪ੍ਰੀਤ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਹੈ ਕਿ ਉਹ ਪਿੰਡ ਰਾਮਗੜ੍ਹ, ਤਹਿਸੀਲ ਖੰਨਾ ਦੇ ਨਿਵਾਸੀ ਹਨ ਅਤੇ ਉਸਦਾ ਪਤੀ ਅੰਬਾਲਾ ਵਿਖੇ ਫ਼ੌਜ ਵਿਚ ਡਿਊਟੀ ਕਰਦਾ ਹੈ। ਲੰਘੀ 9 ਜੁਲਾਈ ਨੂੰ ਉਹ ਪਰਿਵਾਰ ਸਮੇਤ ਨੇੜਲੇ ਪਿੰਡ ਲੱਖੋਵਾਲ ਕਲਾਂ ਵਿਖੇ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਵਿਚ ਆਏ ਸਨ ਅਤੇ ਰਾਤ 12 ਵਜੇ ਉਸਦਾ ਪਤੀ ਇਹ ਕਹਿ ਕੇ ਚਲਾ ਗਿਆ ਕਿ ਉਸ ਨੂੰ ਆਪਣੇ ਪਿੰਡ ਰਾਮਗੜ੍ਹ ਵਿਖੇ ਜ਼ਰੂਰੀ ਕੰਮ ਹੈ ਅਤੇ ਉਹ ਸਵੇਰੇ ਵਾਪਸ ਆ ਜਾਵੇਗਾ। ਦੂਸਰੇ ਦਿਨ 6 ਵਜੇ ਉਸ ਨੂੰ ਫੋਨ ਕੀਤਾ ਗਿਆ ਤਾਂ ਬੰਦ ਆ ਰਿਹਾ ਸੀ ਅਤੇ ਨਾ ਹੀ ਉਹ ਆਪਣੇ ਪਿੰਡ ਰਾਮਗੜ੍ਹ ਪਹੁੰਚਿਆ ਜਿਸ ’ਤੇ ਉਸਦੀ ਤਲਾਸ਼ ਸ਼ੁਰੂ ਕੀਤੀ ਗਈ। ਫ਼ੌਜੀ ਹਰਪ੍ਰੀਤ ਸਿੰਘ ਦਾ ਮੋਟਰਸਾਈਕਲ, ਮੋਬਾਈਲ, ਬੈਂਕ ਦੀ ਕਾਪੀ, ਚੈੱਕ ਬੁੱਕ, ਸੋਨੇ ਦੀ ਰਿੰਗ ਅਤੇ ਹੋਰ ਕੁਝ ਸਮਾਨ ਸਰਹਿੰਦ ਨਹਿਰ ਕਿਨਾਰਿਓਂ ਮਿਲਿਆ। ਪੁਲਿਸ ਵਲੋਂ ਰਿਪੋਰਟ ਦਰਜ ਕਰ ਲਾਪਤਾ ਹੋਏ ਫ਼ੌਜੀ ਹਰਪ੍ਰੀਤ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।