ਵਿਕਟੋਰੀਆ ਸਰਕਾਰ ਨੇ ਨਵੇਂ ਡਿਜ਼ੀਟਲ ਜਨਮ ਸਰਟੀਫਿਕੇਟ ਦਾ ਟਰਾਇਲ ਸ਼ੁਰੂ ਕੀਤਾ ਹੈ। ਇਸ ਟਰਾਇਲ ਨਾਲ ਮਾਪਿਆਂ ਨੂੰ ਪਹਿਲੀ ਵਾਰ ਆਪਣੇ ਬੱਚੇ ਦਾ ਜਨਮ ਸਰਟੀਫਿਕੇਟ ਸਿੱਧੇ ਆਪਣੇ ਮੋਬਾਈਲ ਫ਼ੋਨ ‘ਤੇ ਆਸਾਨੀ ਅਤੇ ਸੁਰੱਖਿਅਤ ਤਰੀਕੇ ਨਾਲ ਮਿਲ ਸਕੇਗਾ।
ਇਹ ਟਰਾਇਲ ਤਿੰਨ ਲੋਕਲ ਗਵਰਨਮੈਂਟ ਇਲਾਕਿਆਂ ਵਿੰਡਹੈਮ ਸਿਟੀ ਕੌਂਸਲ, ਸਿਟੀ ਆਫ ਕੇਸੀ ਅਤੇ ਮਿਚੇਲ ਸ਼ਾਇਰ ਕੌਂਸਲ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ। ਵਿਕਟੋਰੀਆ ਦੇ ਸਰਕਾਰ ਸੇਵਾਵਾਂ ਮੰਤਰੀ ਡੈਨੀ ਪੀਅਰਸਨ ਨੇ ਪੌਇੰਟ ਕੁੱਕ ਦੇ ਇੱਕ ਅਰਲੀ ਲਰਨਿੰਗ ਸੈਂਟਰ ਵਿੱਚ ਬੀਤੇ ਦਿਨ ਇਸ ਨਵੇਂ ਡਿਜ਼ੀਟਲ ਸਰਟੀਫਿਕੇਟ ਦੇ ਟਰਾਇਲ ਦਾ ਐਲਾਨ ਕੀਤਾ।
ਇਹ ਡਿਜ਼ੀਟਲ ਜਨਮ ਸਰਟੀਫਿਕੇਟ ਕਾਗਜ਼ੀ ਸਰਟੀਫਿਕੇਟ ਦਾ ਇੱਕ ਬਦਲ ਹੈ। ਟਰਾਇਲ ਵਿੱਚ ਸ਼ਾਮਲ ਮਾਪੇ ਆਪਣੇ ਬੱਚੇ ਦਾ ਜਨਮ ਸਰਟੀਫਿਕੇਟ ਸਰਵਿਸ ਵਿਕਟੋਰੀਆ ਐਪ ਦੇ ਡਿਜ਼ੀਟਲ ਵੌਲਿਟ ਵਿੱਚ ਆਸਾਨੀ ਨਾਲ ਜੋੜ ਸਕਦੇ ਹਨ। ਇਸ ਨਾਲ ਬੱਚਿਆਂ ਨੂੰ ਕਿੰਡਰਗਾਰਟਨ ਵਿੱਚ ਦਾਖਲਾ ਕਰਵਾਉਣਾ ਹੋਰ ਵੀ ਤੇਜ਼ ਅਤੇ ਸੌਖਾ ਹੋ ਜਾਵੇਗਾ। ਡਿਜ਼ੀਟਲ ਜਨਮ ਸਰਟੀਫਿਕੇਟ ਵਿਕਟੋਰੀਆ ਸਰਕਾਰ ਦੀ ਉਸ ਯੋਜਨਾ ਦਾ ਹਿੱਸਾ ਹੈ, ਜਿਸ ਅਧੀਨ ਵਧ ਤੋਂ ਵਧ ਸਰਕਾਰੀ ਸੇਵਾਵਾਂ ਨੂੰ ਡਿਜ਼ੀਟਲ ਬਣਾਇਆ ਜਾ ਰਿਹਾ ਹੈ। ਇਸ ਨਾਲ ਲੋਕਾਂ ਨੂੰ ਸਕੂਲ, ਕਿੰਡਰ, ਹਸਪਤਾਲ ਅਤੇ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜਨਾ ਆਸਾਨ ਹੋਵੇਗਾ। ਸਰਕਾਰ ਨੇ ਇਹ ਸਪੱਸ਼ਟ ਕੀਤਾ ਹੈ ਕਿ ਡਿਜ਼ੀਟਲ ਜਨਮ ਸਰਟੀਫਿਕੇਟ ਵਰਤਣਾ ਇੱਛਿਕ ਹੋਵੇਗਾ। ਜਿਨ੍ਹਾਂ ਲੋਕਾਂ ਨੂੰ ਕਾਗਜ਼ੀ ਜਨਮ ਸਰਟੀਫਿਕੇਟ ਚਾਹੀਦਾ ਹੈ, ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਫ਼ਿਜ਼ੀਕਲ ਕਾਪੀ ਮਿਲਦੀ ਰਹੇਗੀ। ਟਰਾਇਲ ਹੁਣ ਪੂਰੀ ਤਰ੍ਹਾਂ ਸ਼ੁਰੂ ਹੋ ਚੁੱਕਾ ਹੈ। ਤਿੰਨੋ ਲੋਕਲ ਗਵਰਨਮੈਂਟ ਇਲਾਕਿਆਂ ਦੇ ਮਾਪੇ ਅੱਜ ਹੀ ਸਰਵਿਸ ਵਿਕਟੋਰੀਆ ਐਪ ਵਿੱਚ ਲੌਗਇਨ ਕਰਕੇ ਆਪਣੇ ਬੱਚੇ ਦਾ ਡਿਜ਼ੀਟਲ ਜਨਮ ਸਰਟੀਫਿਕੇਟ ਜੋੜ ਸਕਦੇ ਹਨ।
ਸਰਵਿਸ ਵਿਕਟੋਰੀਆ ਦਾ ਡਿਜ਼ੀਟਲ ਵੌਲਿਟ ਪਹਿਲਾਂ ਹੀ ਕਈ ਦਸਤਾਵੇਜ਼ਾਂ ਦੀ ਸਹੂਲਤ ਦਿੰਦਾ ਹੈ, ਜਿਵੇਂ ਕਿ ਸੀਨੀਅਰਜ਼ ਕਾਰਡ, ਵੈਟਰਨਜ਼ ਕਾਰਡ, ਡਿਜ਼ੀਟਲ ਡਰਾਈਵਰ ਲਾਇਸੈਂਸ ਆਦਿ। ਵਿਕਟੋਰੀਆ ਦੇ ਨਿਵਾਸੀ ਹੁਣ 170 ਤੋਂ ਵੱਧ ਸਰਕਾਰੀ ਸੇਵਾਵਾਂ ਐਪ ਜਾਂ ਆਨਲਾਈਨ ਰਾਹੀਂ ਵਰਤ ਸਕਦੇ ਹਨ।
ਮੰਤਰੀ ਡੈਨੀ ਪੀਅਰਸਨ ਨੇ ਕਿਹਾ ਹੈ, “ਡਿਜ਼ੀਟਲ ਜਨਮ ਸਰਟੀਫਿਕੇਟ ਨਾਲ ਮਾਪਿਆਂ ਲਈ ਆਪਣੇ ਬੱਚਿਆਂ ਨੂੰ ਕਿੰਡਰ ਵਿੱਚ ਦਾਖਲ ਕਰਵਾਉਣਾ ਹੋਰ ਤੇਜ਼ ਅਤੇ ਆਸਾਨ ਹੋ ਜਾਵੇਗਾ। ਇਸ ਨਾਲ ਇਹ ਮਹੱਤਵਪੂਰਨ ਦਸਤਾਵੇਜ਼ ਹਰ ਸਮੇਂ, ਹਰ ਥਾਂ ਉਪਲਬਧ ਰਹੇਗਾ।”
ਪੌਇੰਟ ਕੁੱਕ ਤੋਂ ਮੈਂਬਰ ਮੈਥਿਊ ਹਿਲਕਾਰੀ ਨੇ ਕਿਹਾ ਕਿ, “ਮੈਂ ਪੌਇੰਟ ਕੁੱਕ ਅਤੇ ਵਿੰਡਹੈਮ ਦੇ ਪਰਿਵਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਟਰਾਇਲ ਵਿੱਚ ਸ਼ਾਮਲ ਹੋਣ। ਇਹ ਮਾਪਿਆਂ ਲਈ ਬੱਚਿਆਂ ਦੇ ਜਨਮ ਸਰਟੀਫਿਕੇਟ ਨੂੰ ਸੁਰੱਖਿਅਤ ਰੱਖਣ ਅਤੇ ਕਿੰਡਰ ਵਿੱਚ ਦਾਖਲਾ ਆਸਾਨ ਬਨਾਉਣ ਵਿੱਚ ਮਦਦ ਕਰੇਗਾ।”