ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵਿਰਸਾ-ਏ-ਪੰਜਾਬ ਸਮਾਗਮ ਕਰਾਇਆ ਗਿਆ

ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਪੇਸ਼ਕਾਰੀ ਦਿੰਦੇ ਹੋਏ ਵਿਦਿਆਰਥੀ।

ਅੰਮ੍ਰਿਤਸਰ – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ, ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਕਲਾਤਮਿਕ ਕਲਾਵਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਤਹਿਤ ਸਾਲਾਨਾ ਇਨਾਮ ਵੰਡ ਸਮਾਗਮ ਵਿਰਸਾ-ਏ-ਪੰਜਾਬ ਕਰਵਾਇਆ ਗਿਆ। ਜਿਸ ’ਚ ਲਿਟਲ ਫਲਾਵਰ ਸੀਨੀਅਰ ਸੈਕੰਡਰੀ ਸਕੂਲ ਡਾਇਰੈਕਟਰ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਨੇ ਮੁੱਖ ਮਹਿਮਾਨ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ।ਜਦਕਿ ਗਰੋਇੰਗ ਟ੍ਰੀਜ਼ ਪਲੇਪੇਨ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਾਨੀਆ ਵਿਸ਼ੇਸ਼ ਮਹਿਮਾਨ ਦੇ ਹਾਜ਼ਰ ਸਨ।

ਇਸ ਮੌਕੇ ਸ੍ਰੀਮਤੀ ਛੀਨਾ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਅਤੇ ਸੱਭਿਆਚਾਰਕ ਸਮਾਗਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪੰਜਾਬੀ ਮਾਤ ਭਾਸ਼ਾ ਪ੍ਰਤੀ ਸਨੇਹ ਰੱਖਣ ਅਤੇ ਉਸਦੇ ਵਿਕਾਸ ’ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।ਜਦਕਿ ਇਸ ਦੌਰਾਨ ਸ: ਗੁਨਬੀਰ ਸਿੰਘ ਨੇ ਕਿਹਾ ਕਿ ਆਧੁਨਿਕਤਾ ਦੇ ਇਸ ਦੌਰ ’ਚ ਉਹੀ ਵਿਅਕਤੀ ਜੀਵਨ ’ਚ ਸਫ਼ਲਤਾ ਦੀ ਪੌੜੀ ਚੜ੍ਹ ਸਕਦਾ ਹੈ, ਜੋ ਆਪਣੇ ਅੰਦਰ ਛੁਪੀਆਂ ਕਲਾਵਾਂ ਦੀ ਪਹਿਚਾਣ ਕਰਕੇ ਭਵਿੱਖ ਦੀਆਂ ਯੋਜਨਾਵਾਂ ਨੂੰ ਨਿਰਧਾਰਿਤ ਕਰੇ।ਉਨ੍ਹਾਂ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਕੇ ਦੇਸ਼ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਸਾਲਾਨਾ ਰਿਪੋਰਟ ਪੜ੍ਹਦਿਆਂ ਸੰਸਥਾ ਦੀਆਂ ਕਾਰਗੁਜ਼ਾਰੀਆਂ ਬਾਰੇ ਜਾਣੂ ਕਰਵਾਇਆ।ਉਨ੍ਹਾਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੱਭਿਆਚਾਰਕ ਵਿਰਾਸਤ ਨਾ ਕੇਵਲ ਇਤਿਹਾਸ ਦਾ ਭੰਡਾਰ ਹੁੰਦੀ ਹੈ, ਸਗੋਂ ਇਹ ਕਿਸੇ ਭਾਈਚਾਰੇ ਦੀਆਂ ਕਦਰਾਂ ਕੀਮਤਾਂ, ਵਿਸ਼ਵਾਸਾਂ ਅਤੇ ਅਨੁਭਵਾਂ ਦੀ ਜਿਊਂਦੀ ਜਾਗਦੀ ਮੂਰਤ ਵੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਇਹ ਅਪਣੱਤ ਦੇ ਬੋਧ ਦਾ ਸੰਚਾਰ ਕਰਦੀ ਹੈ ਅਤੇ ਪ੍ਰੇਰਨਾ ਦੇ ਸਰੋਤ ਦਾ ਕੰਮ ਦਿੰਦੀ ਹੈ।ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਿਦਿਆਰਥੀਆਂ ’ਚ ਆਪਣੀ ਮਾਤ ਭਾਸ਼ਾ ਪ੍ਰਤੀ ਸਨੇਹ ਰੱਖਣ ਲਈ ਅਤੇ ਮਾਣਮੱਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ  ਉਲੀਕਿਆ ਗਿਆ ਸੀ। ਉਨ੍ਹਾਂ ਕਿਹਾ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਰੰਗ—ਬਿਰੰਗੀਆਂ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ ਅਤੇ ਸਾਲਾਨਾ ਸਮਾਗਮ ਖਾਸ ਤੌਰ ’ਤੇ ਪੰਜਾਬ ਦੇ ਅਮੀਰ ਵਿਰਸੇ ’ਤੇ ਅਧਾਰਿਤ ਸੀ, ਜਿਸ ’ਚ ਕੋਰੀਓਗ੍ਰਾਫੀ ਅਤੇ ਨਾਟ ਦ੍ਰਿਸ਼ਾਂ ਰਾਹੀਂ ਪੰਜਾਬ ਦੇ ਗੌਰਵਮਈ ਵਿਰਸੇ ਨੂੰ ਦਰਸਾਇਆ ਗਿਆ।ਇਸ ਮੌਕੇ ਸ਼ੇਰ—ਏ—ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਸਬੰਧੀ ਝਾਕੀਆਂ ਨੂੰ ਬਹੁਤ ਹੀ ਭਾਵਪੂਰਤ ਰੂਪ ’ਚ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਦੀਆਂ ਲੋਕ ਖੇਡਾਂ ਅਧਾਰਿਤ ਕੋਰੀਓਗ੍ਰਾਫੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ।ਇਸ ਮੌਕੇ ਵਿਦਿਆਰਥੀਆਂ ਨੇ ਗਤਕੇ ਸ਼ਾਨਦਾਰ ਜੌਹਰ ਵਿਖਾਏ, ਜਦਕਿ ਅਰਮਾਨ ਸਿੰਘ ਦੁਆਰਾ ਲੋਕ ਗੀਤ ‘ਬੱਕੀ’ ਪੇਸ਼ ਕੀਤਾ ਗਿਆ।ਇਸ ਮੌਕੇ ਸ੍ਰੀਮਤੀ ਛੀਨਾ, ਸ: ਗੁਨਬੀਰ ਸਿੰਘ ਨੇ ਪ੍ਰਿੰ: ਸ੍ਰੀਮਤੀ ਗਿੱਲ ਨਾਲ ਮਿਲ ਕੇ ਅਕਾਦਮਿਕ ਅਤੇ ਕਿਰਿਆਤਮਕ ਕਿਰਿਆਵਾਂ ’ਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਪਰਮਜੀਤ ਸਿੰਘ ਬੱਲ, ਸ: ਲਖਵਿੰਦਰ ਸਿੰਘ ਢਿੱਲੋਂ, ਮੈਂਬਰ ਡਾ. ਸੁਖਬੀਰ ਕੌਰ ਮਾਹਲ, ਖਾਲਸਾ ਕਾਲਜ ਪਬਲਿਕ ਸਕੂਲ ਜੀ.ਟੀ. ਰੋਡ ਪ੍ਰਿੰਸੀਪਲ ਸ. ਅਮਰਜੀਤ ਸਿੰਘ ਗਿੱਲ, ਖਾਲਸਾ ਕਾਲਜ ਪਬਲਿਕ ਸਕੂਲ, ਹੇਰ ਪ੍ਰਿੰਸੀਪਲ ਗੁਰਿੰਦਰਜੀਤ ਕੌਰ, ਬੀ. ਕੇ. ਐਸ. ਬੀ. ਡੀ. ਐਸ. ਪ੍ਰਿੰਸੀਪਲ ਸ੍ਰੀਮਤੀ ਸੁਲੇਖਾ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Related posts

ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਪਰ ਜੇਲ੍ਹ ‘ਚੋਂ ਰਿਹਾਈ ਟਲੀ !

ਆਸਟ੍ਰੇਲੀਆਨ ਫੈਸਟੀਵਲ ਆਫ ਚੈਂਬਰ ਮਿਊਜ਼ਿਕ 2026 ਹੁਣ ਕੈਨਜ਼ ਵਿੱਚ ਹੋਵੇਗਾ

ਸ਼੍ਰੋ਼ਮਣੀ ਕਮੇਟੀ ਵਲੋਂ AI ਮਾਹਿਰਾਂ ਦੀ ਸਬ-ਕਮੇਟੀ ਦਾ ਗਠਨ