ਵਿਮੇਰਾ ਅਤੇ ਨਾਰਥ ਈਸਟ ਜ਼ਿਲ੍ਹਿਆਂ ਲਈ ਕੱਲ੍ਹ, ਬੁੱਧਵਾਰ 28 ਜਨਵਰੀ 2026, ਨੂੰ ਟੋਟਲ ਫਾਇਰ ਬੈਨ (TFB) ਲਾਗੂ ਕੀਤਾ ਗਿਆ ਹੈ। ਕੱਲ੍ਹ ਵਿਮੇਰਾ ਅਤੇ ਨਾਰਥ ਈਸਟ ਵਿੱਚ ਪਿਛਲੇ ਕੁੱਝ ਦਿਨਾਂ ਵਾਂਗ ਹੀ ਗਰਮ, ਸੁੱਕੀਆਂ ਅਤੇ ਤੇਜ਼ ਹਵਾਵਾਂ ਵਾਲੇ ਮੌਸਮੀ ਹਾਲਾਤ ਜਾਰੀ ਰਹਿਣ ਦੀ ਸੰਭਾਵਨਾ ਹੈ। ਤਾਪਮਾਨ ਮੱਧ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ, ਜਦਕਿ ਦੱਖਣ-ਪੱਛਮੀ ਦਿਸ਼ਾ ਤੋਂ ਤੇਜ਼ ਹਵਾਵਾਂ ਵਗਣਗੀਆਂ।
ਟੋਟਲ ਫਾਇਰ ਬੈਨ ਦੇ ਦੌਰਾਨ, ਰਾਤ 12:01 ਵਜੇ ਤੋਂ ਰਾਤ 11:59 ਵਜੇ ਤੱਕ, ਖੁੱਲ੍ਹੀ ਹਵਾ ਵਿੱਚ ਕਿਸੇ ਵੀ ਤਰ੍ਹਾਂ ਦੀ ਅੱਗ ਲਗਾਉਣ ਜਾਂ ਜਲਦੀ ਹੋਈ ਅੱਗ ਨੂੰ ਜਾਰੀ ਰੱਖਣ ਦੀ ਮਨਾਹੀ ਹੁੰਦੀ ਹੈ।
ਕੰਟਰੀ ਫਾਇਰ ਅਥਾਰਟੀ (CFA)ਦੇ ਚੀਫ਼ ਆਫ਼ਿਸਰ ਜੇਸਨ ਹੈਫਰਨਨ ਨੇ ਕਿਹਾ ਹੈ ਕਿ, ‘ਉਮੀਦ ਕੀਤੀਆਂ ਮੌਸਮੀ ਸਥਿਤੀਆਂ ਅਤੇ ਵਿਮੇਰਾ ਤੇ ਨਾਰਥ ਈਸਟ ਵਿੱਚ ਮੌਜੂਦਾ ਜੰਗਲੀ ਅੱਗਾਂ ਦੇ ਮੱਦੇਨਜ਼ਰ ਇਹ ਟੋਟਲ ਫਾਇਰ ਬੈਨ ਲਾਗੂ ਕੀਤਾ ਗਿਆ ਹੈ। ਕੱਲ੍ਹ ਦੇ ਹਾਲਾਤ ਨਵੀਂ ਅੱਗ ਲੱਗਣ ਦੀ ਸਥਿਤੀ ਵਿੱਚ ਉਸ ‘ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਬਣਾ ਦੇਣਗੇ, ਨਾਲ ਹੀ ਮੌਜੂਦਾ ਅੱਗਾਂ ਨੂੰ ਸੰਭਾਲ ਰਹੇ ਅੱਗ-ਬੁਝਾਉ ਕਰਮਚਾਰੀਆਂ ਲਈ ਵੀ ਵੱਡੀ ਚੁਣੌਤੀ ਹੋਵੇਗੀ। ਭਾਵੇਂ ਕੁੱਝ ਇਲਾਕਿਆਂ ਵਿੱਚ ਟੋਟਲ ਫਾਇਰ ਬੈਨ ਲਾਗੂ ਨਾ ਵੀ ਹੋਵੇ, ਫਿਰ ਵੀ ਅਸੀਂ ਲੋਕਾਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਬਚਣ ਦੀ ਅਪੀਲ ਕਰਦੇ ਹਾਂ ਜੋ ਅੱਗ ਲੱਗਣ ਦਾ ਕਾਰਨ ਬਣ ਸਕਦੀਆਂ ਹਨ। ਸੂਬੇ ਭਰ ਵਿੱਚ ਸਾਡੇ ਕਰਿਊ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਅਸੀਂ ਟੋਟਲ ਫਾਇਰ ਬੈਨ ਦੀਆਂ ਸਖ਼ਤ ਪਾਬੰਦੀਆਂ ਦੀ ਪਾਲਣਾ ਕਰਕੇ ਉਨ੍ਹਾਂ ਦਾ ਧੰਨਵਾਦ ਕਰ ਸਕਦੇ ਹਾਂ।”
ਵਿਕਟੋਰੀਆ ਦੇ ਵਾਸੀ ਕੰਟਰੀ ਫਾਇਰ ਅਥਾਰਟੀ ਦੀ ਵੈੱਬਸਾਈਟ www.cfa.vic.gov.au ‘ਤੇ ਇਹ ਜਾਣ ਸਕਦੇ ਹਨ ਕਿ ਕਿਸ ਦਿਨ ਟੋਟਲ ਫਾਇਰ ਬੈਨ ਲਾਗੂ ਹੈ ਜਾਂ ਨਹੀਂ। ਆਮ ਤੌਰ ‘ਤੇ ਇਹ ਜਾਣਕਾਰੀ ਟੋਟਲ ਫਾਇਰ ਬੈਨ ਤੋਂ ਇੱਕ ਦਿਨ ਪਹਿਲਾਂ ਸ਼ਾਮ 5 ਵਜੇ ਤੱਕ ਜਾਰੀ ਕਰ ਦਿੱਤੀ ਜਾਂਦੀ ਹੈ। ਤੁਸੀਂ ਕੀ ਕਰ ਸਕਦੇ ਹੋ ਅਤੇ ਕੀ ਨਹੀਂ, ਇਸ ਬਾਰੇ ਹੋਰ ਜਾਣਕਾਰੀ ਲਈ ਕੰਟਰੀ ਫਾਇਰ ਅਥਾਰਟੀ ਦੀ ਵੈੱਬਸਾਈਟ ਦੇ Can I or Can’t I page ਪੇਜ ‘ਤੇ ਜਾਓ।
ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਾਣਕਾਰੀ ਲਈ ਇੱਕ ਤੋਂ ਵੱਧ ਸਰੋਤ ਵਰਤਣ, ਜਿਵੇਂ ਕਿ:
- ਏਬੀਸੀ ਲੋਕਲ ਰੇਡੀਓ ਅਤੇ ਵਪਾਰਕ ਰੇਡੀਓ ਸਟੇਸ਼ਨ ਸਕਾਈ ਨਿਊਜ਼
- VicEmergency ਐਪ
- VicEmergency ਵੈੱਬਸਾਈਟ emergency.vic.gov.au
- VicEmergency ਹੌਟਲਾਈਨ: 1800 226 226
- CFA ਜਾਂ VicEmergency ਦੇ ਟਵਿੱਟਰ ਜਾਂ ਫੇਸਬੁੱਕ ਪੇਜ