Victorian Multicultural Commission (VMC) ਨੇ 2026 ਲਈ ਆਪਣੇ Multicultural Youth Network (MYN) ਵਿੱਚ 20 ਕਾਬਿਲ ਨੌਜਵਾਨਾਂ ਨੂੰ ਚੁਣਿਆ ਹੈ। ਇਹ ਚੋਣ ਸੂਬੇ ਭਰ ਵਿੱਚ ਕੀਤੀ ਗਈ ਇੱਕ ਵੱਡੀ ਭਰਤੀ ਪ੍ਰਕਿਰਿਆ ਤੋਂ ਬਾਅਦ ਹੋਈ ਹੈ।
ਮਲਟੀਕਲਚਰਲ ਯੂਥ ਨੈਟਵਰਕ ਦੇ ਇਹ ਨਵੇਂ ਮੈਂਬਰ ਵਿਕਟੋਰੀਆ ਦੇ ਸ਼ਹਿਰੀ ਅਤੇ ਖੇਤਰੀ ਇਲਾਕਿਆਂ ਤੋਂ ਵੱਖ-ਵੱਖ ਸਭਿਆਚਾਰਾਂ ਅਤੇ ਧਰਮਾਂ ਦੀ ਨੁਮਾਇੰਦਗੀ ਕਰਦੇ ਹਨ। ਇਹ ਨੌਜਵਾਨ VMC ਅਤੇ ਵਿਕਟੋਰੀਆ ਸਰਕਾਰ ਨੂੰ ਉਹਨਾਂ ਮੁੱਦਿਆਂ ਬਾਰੇ ਸਲਾਹ ਦੇਣਗੇ ਜੋ ਬਹੁ-ਸੱਭਿਆਚਾਰਕ ਪਿਛੋਕੜ ਵਾਲੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੇ ਹਨ। ਇਹ ਨੈੱਟਵਰਕ ਖਾਸ ਤੌਰ ‘ਤੇ ਮਾਨਸਿਕ ਸਿਹਤ, ਸਿੱਖਿਆ, ਰੁਜ਼ਗਾਰ, ਨਸਲਵਾਦ, ਭੇਦਭਾਵ ਅਤੇ ਕਮਿਊਨਿਟੀ ਨੁਮਾਇੰਦਗੀ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਆਪਣੀ ਰਾਇ ਦੇਵੇਗਾ।
ਮਲਟੀਕਲਚਰਲ ਯੂਥ ਨੈਟਵਰਕ ਦੇ ਮੈਂਬਰਾਂ ਨੇ ਪਹਿਲੀ ਮੀਟਿੰਗ ਕਰਕੇ 2026 ਲਈ ਆਪਣੀਆਂ ਤਰਜੀਹਾਂ ਤੈਅ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨੈੱਟਵਰਕ ਦੀ ਅਗਵਾਈ ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੀ ਕਮਿਸ਼ਨਰ ਡਾ: ਜੂਡੀ ਟੈਂਗ ਕਰ ਰਹੀ ਹੈ। ਮਲਟੀਕਲਚਰਲ ਯੂਥ ਨੈਟਵਰਕ ਦੇ ਮੈਂਬਰ ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੇ ਵੱਡੇ ਪ੍ਰੋਗਰਾਮਾਂ ਵਿੱਚ ਵੀ ਸਹਿਯੋਗ ਦੇਣਗੇ। ਇਸ ਵਿੱਚ ਸਭ ਤੋਂ ਪਹਿਲਾਂ Cultural Diversity Week (21–29 ਮਾਰਚ 2026) ਸ਼ਾਮਲ ਹੈ, ਜਿਸ ਦੌਰਾਨ ਨੌਜਵਾਨ ਆਪਣੀ ਆਵਾਜ਼ ਨੂੰ ਮੁਹਿੰਮਾਂ, ਸਮਾਗਮਾਂ ਅਤੇ ਕਮਿਊਨਿਟੀ ਗਤੀਵਿਧੀਆਂ ਰਾਹੀਂ ਉਭਾਰਨਗੇ। ਇਸ ਤੋਂ ਇਲਾਵਾ ਮਲਟੀਕਲਚਰਲ ਯੂਥ ਨੈਟਵਰਕ ਦੇ ਮੈਂਬਰ ਜੂਨ 2026 ਵਿੱਚ ਹੋਣ ਵਾਲੇ ਮਲਟੀਕਲਚਰਲ ਫਿਲਮ ਫੈਸਟੀਵਲ ਵਿੱਚ ਵੀ ਸਹਿਯੋਗ ਦੇਣਗੇ। ਉਹ ਆਪਣੇ ਭਾਈਚਾਰਿਆਂ ਵਿੱਚ ਇਸ ਫੈਸਟੀਵਲ ਦਾ ਪ੍ਰਚਾਰ ਕਰਨਗੇ ਅਤੇ ਵਿਕਟੋਰੀਆ ਦੇ ਨਵੇਂ ਮਲਟੀਕਲਚਰਲ ਫਿਲਮਮੇਕਰਾਂ ਨੂੰ ਉਤਸ਼ਾਹਿਤ ਕਰਨਗੇ।
ਮਲਟੀਕਲਚਰਲ ਯੂਥ ਨੈਟਵਰਕ ਇੱਕ ਮਹੱਤਵਪੂਰਨ ਪਲੇਟਫਾਰਮ ਹੈ ਜਿੱਥੇ ਨੌਜਵਾਨ ਲੀਡਰ ਇਕ-ਦੂਜੇ ਨਾਲ ਜੁੜ ਕੇ ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਨਾਉਣ ਲਈ ਕੰਮ ਕਰਦੇ ਹਨ। ਇਹ ਨੈੱਟਵਰਕ ਵੱਖ-ਵੱਖ ਕਮਿਊਨਿਟੀਆਂ ਅਤੇ ਵਿਕਟੋਰੀਆ ਸਰਕਾਰ ਵਿਚਕਾਰ ਮਜ਼ਬੂਤ ਸੰਬੰਧ ਬਨਾਉਣ ਵਿੱਚ ਵੀ ਮੱਦਦ ਕਰਦਾ ਹੈ।
ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੀ ਚੇਅਰਪਰਸਨ ਵਿਵੀਏਨ ਨਗੁਏਨ ਨੇ ਇਸ ਮੌਕੇ ਕਿਹਾ ਕਿ, “ਮੈਨੂੰ ਖੁਸ਼ੀ ਹੈ ਕਿ ਸਾਲ 2026 ਲਈ ਮਲਟੀਕਲਚਰਲ ਯੂਥ ਨੈਟਵਰਕ ਵਿੱਚ 20 ਨਵੇਂ ਅਤੇ ਪ੍ਰਤਿਭਾਸ਼ਾਲੀ ਨੌਜਵਾਨ ਲੀਡਰ ਸ਼ਾਮਲ ਹੋਏ ਹਨ। ਉਹਨਾਂ ਦੇ ਤਜ਼ਰਬੇ ਨਾਲ ਸਾਨੂੰ ਮਲਟੀਕਲਚਰਲ ਅਤੇ ਮਲਟੀਫੇਥ ਕਮਿਊਨਿਟੀਆਂ ਦੇ ਨੌਜਵਾਨਾਂ ਦੀਆਂ ਚੁਣੌਤੀਆਂ ਅਤੇ ਮੌਕਿਆਂ ਨੂੰ ਸਮਝਣ ਵਿੱਚ ਮੱਦਦ ਮਿਲੇਗੀ।”
ਵਿਕਟੋਰੀਆ ਦੀ ਮਲਟੀਕਲਚਰਲ ਅਫੇਅਰਜ਼ ਮੰਤਰੀ ਇੰਗਰਿੱਡ ਸਟਿੱਟ ਨੇ ਇਸ ਮੌਕੇ ਕਿਹਾ ਕਿ, “ਮੈਂ ਨਵੇਂ ਚੁਣੇ ਗਏ ਮੈਂਬਰਾਂ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ ਅਤੇ ਉਨ੍ਹਾਂ ਨੂੰ ਵਧਾਈ ਦਿੰਦੀ ਹਾਂ। ਮਲਟੀਕਲਚਰਲ ਯੂਥ ਨੈਟਵਰਕ ਮੈਂਬਰਾਂ ਦੇ ਵਿਚਾਰ ਅਤੇ ਤਜਰਬੇ ਇਹ ਯਕੀਨੀ ਬਨਾਉਣ ਵਿੱਚ ਮੱਦਦ ਕਰਨਗੇ ਕਿ ਮਲਟੀਕਲਚਰਲ ਨੌਜਵਾਨਾਂ ਦੀ ਆਵਾਜ਼ ਵਿਕਟੋਰੀਆ ਦੇ ਭਵਿੱਖ ਬਾਰੇ ਹੋਣ ਵਾਲੀਆਂ ਗੱਲਬਾਤਾਂ ਵਿੱਚ ਸੁਣੀ ਜਾਵੇ।”