ਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈਣ ਵਾਲੇ ਐੱਨ. ਸੀ. ਸੀ. ਵਿਦਿਆਰਥੀ ਸਨਮਾਨਿਤ

ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਡਾ. ਹਰਬਿਲਾਸ ਸਿੰਘ ਰੰਧਾਵਾ ਪਰੇਡ ’ਚ ਹਿੱਸਾ ਲੈਣ ਵਾਲੇ ਕੈਡਿਟਾਂ ਨਾਲ ਇਕ ਤਸਵੀਰ।

ਅੰਮ੍ਰਿਤਸਰ – ਖਾਲਸਾ ਕਾਲਜ ਵੱਲੋਂ ਐੱਨ. ਸੀ. ਸੀ. ਕੈਡਿਟਾਂ ਨੂੰ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈਣ ਉਪਰੰਤ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਖ਼ਾਲਸਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ, ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਮੌਜ਼ੂਦਗੀ ’ਚ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਉਕਤ ਰਾਸ਼ਟਰੀ ਸਮਾਗਮ ਲਈ ਕਾਲਜ ਦੇ ਕੁੱਲ 8 ਐੱਨ. ਸੀ. ਸੀ. ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਚੁਣੇ ਗਏ ਅੱਠ ਕੈਡਿਟਾਂ ’ਚੋਂ ਤਿੰਨ ਰਿਪਨਦੀਪ ਕੌਰ (ਆਰਮੀ ਵਿੰਗ), ਅਭਿਸ਼ੇਕ ਯਾਦਵ (ਐੱਨ. ਸੀ. ਸੀ. ਏਅਰ ਵਿੰਗ) ਅਤੇ ਗੁਰਸਹਿਜਦੀਪ ਸਿੰਘ (ਐੱਨ. ਸੀ. ਸੀ. ਨੇਵਲ ਵਿੰਗ) ਐੱਨ. ਸੀ. ਸੀ. ਟੁਕੜੀ ਦਾ ਹਿੱਸਾ ਸਨ, ਜਿਨ੍ਹਾਂ ਨੇ 26 ਜਨਵਰੀ 2026 ਨੂੰ ਕਾਰਤਵਯ ਪਥ, ਨਵੀਂ ਦਿੱਲੀ ਵਿਖੇ ਆਯੋਜਿਤ ਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈ ਕੇ ਕਾਲਜ ਦਾ ਮਾਣ ਵਧਾਇਆ।

ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਐੱਨ. ਸੀ. ਸੀ. ਕੈਡਿਟਾਂ ਨੂੰ ਰਾਸ਼ਟਰੀ ਸਮਾਗਮ ’ਚ ਸ਼ਲਾਘਾਯੋਗ ਪ੍ਰਦਰਸ਼ਨ ਕਰਨ ’ਤੇ ਵਧਾਈ ਦਿੰਦਿਆਂ ਸ: ਮਜੀਠੀਆ ਅਤੇ ਸ: ਛੀਨਾ ਦੁਆਰਾ ਵਿਦਿਆਰਥੀਆ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਮੁਹੱਈਆ ਕੀਤੀਆਂ ਜਾਂਦੀਆਂ ਹਰੇਕ ਪ੍ਰਕਾਰ ਦੀ ਸੁਵਿਧਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ 6 ਹੋਰਨਾਂ ਕੈਡਿਟਾਂ ਵਰੁਣ ਸ਼ਰਮਾ, ਦੀਪਕ ਭਾਰਦਵਾਜ, ਹਰਪ੍ਰੀਤ ਸਿੰਘ, ਪਵਨ ਕੁਮਾਰ ਅਤੇ ਸਿਮਰਨਜੀਤ ਕੌਰ ਨੇ ਨਵੀਂ ਦਿੱਲੀ ਵਿਖੇ ਆਯੋਜਿਤ ਪ੍ਰਧਾਨ ਮੰਤਰੀ ਰੈਲੀ ’ਚ ਸ਼ਿਰਕਤ ਕੀਤੀ। ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਉਕਤ ਵਿਦਿਆਰਥੀ ਰਾਸ਼ਟਰਵਾਦੀ ਜੋਸ਼ ਅਤੇ ਉੱਚੀ ਭਾਵਨਾ ਨਾਲ ਦੇਸ਼ ਦੇ ਰਾਸ਼ਟਰੀ ਝੰਡੇ ਦਾ ਹਮੇਸ਼ਾਂ ਦੇਸ਼ ਅਤੇ ਵਿਦੇਸ਼ਾਂ ’ਚ ਸਤਿਕਾਰ ਬਰਕਰਾਰ ਰੱਖਣਗੇ।

ਇਸ ਦੌਰਾਨ ਉਨ੍ਹਾਂ ਕਾਲਜ ਦੇ ਐਨ. ਸੀ. ਸੀ. ਇੰਚਾਰਜ ਡਾ. ਹਰਬਿਲਾਸ ਸਿੰਘ ਰੰਧਾਵਾ (ਏ. ਐੱਨ. ਓ. ਆਰਮੀ ਵਿੰਗ), ਡਾ. ਕਿਰਨਦੀਪ ਕੌਰ (ਇੰਚਾਰਜ ਏਅਰ ਵਿੰਗ), ਡਾ. ਪਰਮਿੰਦਰ ਸਿੰਘ (ਇੰਚਾਰਜ ਨੇਵਲ ਵਿੰਗ) ਅਤੇ ਵੱਖ-ਵੱਖ ਯੂਨਿਟਾਂ ਦੇ ਕਮਾਂਡਿੰਗ ਅਫ਼ਸਰਾਂ ਦੇ ਸਮਰਪਿਤ ਅਤੇ ਵਚਨਬੱਧ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਜ਼ਬੂਤ ਅਤੇ ਅਨੁਸ਼ਾਸਿਤ ਸਿਖਲਾਈ ਸਦਕਾ ਹੀ ਐੱਨ. ਸੀ. ਸੀ. ਕੈਡਿਟਾਂ ’ਚ ਰਾਸ਼ਟਰਵਾਦੀ ਸੱਭਿਆਚਾਰ ਪੈਦਾ ਹੋਈ ਹੈ।

Related posts

ਪੰਜਾਬ ਸਰਕਾਰ ਵੱਲੋਂ ‘ਮਾਣ-ਸਨਮਾਨ ਭੱਤਾ’ ਮਿਲਣ ‘ਤੇ ਬੀਬੀਆਂ ਹੋਈਆਂ ਬਾਗ਼ੋ-ਬਾਗ਼

ਖਾਲਸਾ ਕਾਲਜ ਦੇ 23 ਵਿਦਿਆਰਥੀਆਂ ਦੀ ਏ. ਆਈ. ਐੱਮ. ਗਰੁੱਪ ਵਲੋਂ ਚੋਣ

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?