ਨਵੀਂ ਦਿੱਲੀ – ਡੀਜੀਸੀਏ ਨੇ ਕੋਰੋਨਾ ਵਾਇਰਸ ਕਾਰਨ ਲਾਈ ਗਈ ਅਨੁਸੂਚਿਤ ਅੰਤਰਰਾਸ਼ਟਰੀ ਯਾਤਰੀ ਉਡਾਨਾਂ ’ਤੇ ਰੋਕ 31 ਅਕਤੂਬਰ ਤਕ ਵਧਾ ਦਿੱਤੀ ਹੈ। ਪੀਟੀਆਈ ਦੀ ਖਬਰ ਮੁਤਾਬਕ ਡੀਸੀਸੀਏ ਨੇ ਮੰਗਲਵਾਰ ਨੂੰ ਕਿਹਾ ਕਿ ਹਾਲਾਂਕਿ ਚੋਣਵੇਂ ਰੂਟਾਂ ’ਤੇ ਮਾਮਲਾ ਦਰ ਮਾਮਲਾ ਆਧਾਰ ’ਤੇ ਸਮਰੱਥ ਅਧਿਕਾਰੀ ਦੀ ਇਜਾਜ਼ਤ ਨਾਲ ਸ਼ਡਿਊਲਡ ਇੰਟਰਨੈਸ਼ਨਲ ਫਲਾਈਟਾਂ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।ਖਬਰਾਂ ਅਨੁਸਾਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ 23 ਮਾਰਚ, 2020 ਤੋਂ ਅਨੁਸੂਚਿਤ ਅੰਤਰਰਾਸ਼ਟਰੀ ਉਡਾਣਾਂ ਤੇ ਪਾਬੰਦੀ ਲਗਾਈ ਗਈ ਸੀ ਪਰ ਮਈ 2020 ਤੋਂ ਵੰਦੇ ਭਾਰਤ ਮਿਸ਼ਨ ਦੇ ਅਧੀਨ ਨਿਰਧਾਰਤ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਚੁਣੇ ਹੋਏ ਦੇਸ਼ਾਂ ਨਾਲ ‘ਦੁਵੱਲੇ’ ਏਅਰ ਬੱਬਲ ‘ਸਮਝੌਤੇ ਦੇ ਤਹਿਤ ਜੁਲਾਈ, 2020 ਤੋਂ ਉਡਾਣਾਂ ਦਾ ਸੰਚਾਲਨ ਚੱਲ ਰਿਹਾ ਹੈ।ਭਾਰਤ ਨੇ ਅਮਰੀਕਾ, ਯੂਕੇ, ਯੂਏਈ, ਕੀਨੀਆ, ਭੂਟਾਨ ਅਤੇ ਫਰਾਂਸ ਸਮੇਤ ਲਗਭਗ 28 ਦੇਸ਼ਾਂ ਨਾਲ ਏਅਰ ਬਬਲ ਐਗਰੀਮੈਂਟ ਕੀਤੇ ਹਨ। ਇਸ ਤਹਿਤ ਅੰਤਰਰਾਸ਼ਟਰੀ ਉਡਾਣਾਂ ਉਨ੍ਹਾਂ ਦੀਆਂ ਏਅਰਲਾਈਨਾਂ ਦੁਆਰਾ ਦੋ ਦੇਸ਼ਾਂ ਦੇ ਵਿੱਚ ਚਲਾਈਆਂ ਜਾ ਸਕਦੀਆਂ ਹਨ। ਡੀਜੀਸੀਏ ਦੇ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਆਲ-ਕਾਰਗੋ ਉਡਾਣਾਂ ਦੇ ਸੰਚਾਲਨ ਇਸ ਫੈਸਲੇ ਨਾਲ ਪ੍ਰਭਾਵਤ ਨਹੀਂ ਹੋਣਗੇ। ਇਸ ਤੋਂ ਪਹਿਲਾਂ ਵੀ, ਡੀਜੀਸੀਏ ਅੰਤਰਰਾਸ਼ਟਰੀ ਉਡਾਣਾਂ ਦੀ ਆਵਾਜਾਈ ‘ਤੇ ਪਾਬੰਦੀ ਨੂੰ ਕਈ ਵਾਰ ਵਧਾ ਚੁੱਕੀ ਹੈ। ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ‘ਤੇ ਲੰਮੇ ਸਮੇਂ ਤੋਂ ਪਾਬੰਦੀ ਲਗਾਈ ਗਈ ਹੈ। ਕੋਵਿਡ ਦਾ ਫੈਲਣਾ ਇਸ ਸਮੇਂ ਦੇਸ਼ ਵਿੱਚ ਨਿਯੰਤਰਣ ਵਿੱਚ ਹੈ।