ਐੱਸਏਐੱਸ ਨਗਰ – ਲੁਧਿਆਣਾ ਜ਼ਿਲ੍ਹੇ ਤੋਂ ਚਾਰ ਵਾਰ ਵਿਧਾਇਕ ਤੇ ਪੰਜਾਬ ਦੇ ਜੇਲ੍ਹ ਮੰਤਰੀ ਰਹਿ ਚੁੱਕੇ ਮਲਕੀਅਤ ਸਿੰਘ ਬੀਰਮੀ ਪ੍ਰਧਾਨ ਪੰਜਾਬ ਲੋਕ ਹਿੱਤ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ਮਿਲ ਕੇ ਚੋਣ ਗਠਜੋੜ ਕੀਤਾ ਹੈ।ਗੋਲਫ ਰੇਂਜ ਕਲੱਬ ਵਿਖੇ ਬੀਰਮੀ ਸਮੇਤ ਸੀਨੀਅਰ ਆਗੂਆਂ ਦੀ ਹਾਜ਼ਰੀ ’ਚ ਢੀਂਡਸਾ ਨੇ ਐਲਾਨ ਕੀਤਾ ਕਿ ਦੋ ਹਫ਼ਤਿਆਂ ਦੌਰਾਨ ਪੰਜਾਬ ਨੂੰ ਤੀਜਾ ਬਦਲ ਦੇ ਦਿੱਤਾ ਜਾਵੇਗਾ ਜਿਸ ’ਚ ਕੁਝ ਅਹਿਮ ਰਾਜਸੀ ਧਿਰਾਂ ਵੀ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦਾ ਕਿਸਾਨ ਇਕ ਸਾਲ ਤੋਂ ਸੜਕਾਂ ’ਤੇ ਬੈਠਕੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਅੰਦੋਲਨ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਬੇਹੱਦ ਦੁੱਖਦਾਈ ਹੈ।ਇਸ ਮੌਕੇ ਬੀਰਮੀ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਢੀਂਡਸਾ ਨਾਲ ਲਗਾਤਾਰ ਵਿਚਾਰ ਵਟਾਂਦਰਾ ਹੁੰਦਾ ਰਿਹਾ ਹੈ, ਆਉਂਦੇ ਦਿਨਾਂ ’ਚ ਪੰਜਾਬ ਦੀ ਖੁਸ਼ਹਾਲੀ ਲਈ ਅਹਿਮ ਕਦਮ ਪੁੱਟੇ ਜਾਣਗੇ।ਢੀਂਡਸਾ ਨੇ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਬਾਰੇ ਕਿਹਾ ਕਿ ਖਹਿਰਾ ਦੇ ਪੁਲਿਸ ਰਿਮਾਂਡ ਦੌਰਾਨ ਉਨ੍ਹਾਂ ਨੂੰ ਚੰਡੀਗੜ੍ਹ ਪੰਜਾਬ ਦੇ ਕਿਸੇ ਪਾਂਡੇ ਨਾਮ ਦੇ ਅਧਿਕਾਰੀ ਵੱਲੋਂ ਕੜਾ ਲਾਹੁਣ ਲਈ ਕਹਿਣਾ ਬੇਹੱਦ ਨਿੰਦਣਯੋਗ ਗੱਲ ਹੈ ਸਿੱਖ ਕੌਮ ਦੇ ਪੰਜ ਕਕਾਰਾਂ ’ਚ ਸ਼ਾਮਲ ਕੜਾ ਸਾਡੀ ਧਾਰਮਿਕ ਆਸਥਾ ਦਾ ਪ੍ਰਤੀਕ ਹੈ ਜਿਸ ਵੀ ਅਧਿਕਾਰੀ ਨੇ ਅਜਿਹੀ ਗੁਸਤਾਖੀ ਕੀਤੀ ਹੈ, ਦੀ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬ ਦੀ ਅਸੈਂਬਲੀ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਗੱਦਾਰ ਪਾਰਟੀ ਕਹਿਣ ਦਾ ਸਖ਼ਤ ਨੋਟਿਸ ਲੈਂਦਿਆਂ ਚੰਨੀ ਨੂੰ 20 ਨਵੰਬਰ ਤਕ ਇਸ ਵੱਡੀ ਭੁੱਲ ਦੀ ਮੁਆਫੀ ਮੰਗਣ ਲਈ ਕਿਹਾ ਹੈ। ਇਸ ਮੌਕੇ ਰਿਟਾਇਰਡ ਜਸਟਿਸ ਨਿਰਮਲ ਸਿੰਘ, ਕਰਨੈਲ ਸਿੰਘ ਪੀਰਮੁਹੰਮਦ, ਜਸਵਿੰਦਰ ਸਿੰਘ, ਦਵਿੰਦਰ ਸਿੰਘ ਸੋਢੀ, ਰਣਧੀਰ ਸਿੰਘ ਰੱਖੜਾ, ਅਮਰ ਸਿੰਘ, ਐਡਵੋਕੇਟ ਕੰਵਰ ਸਿੰਘ, ਕੁਲਵੰਤ ਸਿੰਘ ਮੱਲ੍ਹੀ, ਨਰਿੰਦਰ ਸਿੰਘ ਸੱਗੂ, ਰਮੇਸ਼ ਕੁਮਾਰੀ, ਸੋਹਣ ਲਾਲ ਬਲੱਗਣ ਆਦਿ ਹਾਜ਼ਰ ਸਨ।