ਮਜੀਠਾ – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਾਗ ਕਲਾਂ ਵਿਖੇ 12ਵੀਂ ਕਲਾਸ ਦੇ ਵਿਦਿਆਰਥੀ ‘ਤੇ ਸਕੂਲ ਟਾਇਮ ‘ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਗ ਕਲਾਂ ਦੀ ਪ੍ਰਿੰਸੀਪਲ ਅਨੂੰ ਬੇਦੀ ਤੇ ਜ਼ਖ਼ਮੀ ਵਿਦਿਆਰਥੀ ਰਾਜਨਦੀਪ ਵੱਲੋਂ ਥਾਣਾ ਮਜੀਠਾ ਵਿਖੇ ਦਿੱਤੀ ਲਿਖਤੀ ਦਰਖ਼ਾਸਤ ਅਨੁਸਾਰ ਬੀਤੇ ਦਿਨੀਂ ਸਕੂਲ ‘ਚ 12ਵੀਂ ਕਲਾਸ ਦੀ ਕਾਮਰਸ ਵਿਸ਼ੇ ਦੇ ਅਕਾਂਉਟੈਂਸੀ ਦੀ ਪ੍ਰਯੋਗੀ ਪ੍ਰੀਖਿਆ ਦੌਰਾਨ ਸਮਾਂ ਕਰੀਬ 1 ਵਜ ਕੇ 50 ਮਿੰਟ ‘ਤੇ ਸਕੂਲ ‘ਚ ਅਚਾਨਕ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪ੍ਰੀਖਿਆ ਕੇਂਦਰ ‘ਚ ਦਾਖਲ ਹੋ ਕੇ ਰਾਜਨਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਨੁਸ਼ਹਿਰਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਹਮਲਾਵਰ ਮੌਕੇ ਤੋਂ ਭੱਜ ਗਏ।
ਦਰਖ਼ਾਸਤ ਮਿਲਣ ‘ਤੇ ਅਤੇ ਜ਼ਖ਼ਮੀ ਵਿਦਿਆਰਥੀ ਰਾਜਨਦੀਪ ਸਿੰਘ ਦੇ ਹਸਪਤਾਲ ਵਿਖੇ ਜਾ ਕੇ ਕਲਮਬੰਦ ਕੀਤੇ ਬਿਆਨਾਂ ਦੇ ਆਧਾਰ ਤੇ ਥਾਣਾ ਮਜੀਠਾ ਦੀ ਪੁਲਿਸ ਵੱਲੋਂ ਜਸ਼ਨ, ਰੋਹਿਤ, ਅਸ਼ੀਸ਼ ਉਰਫ ਆਸੁ ਦਿਲਰਾਜ, ਸਨੀ, ਹਨੀ, ਵਾਸੀਆਨ ਨਾਗ ਕਲਾਂ ਅਤੇ ਹੋਰ 8,9 ਅਣਪਛਾਤੇ ਵਿਅਕਤੀਆਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਇੰਨਾਂ ਦੀ ਭਾਲ ਵਿੱਚ ਛਾਪਾਮਾਰੀ ਕੀਤੀ ਜਾ ਰਹੀ ਹੈ। ਸਕੂਲ ਪ੍ਰਿੰਸੀਪਲ ਨੇ ਥਾਣਾ ਮਜੀਠਾ ਦੀ ਪੁਲਿਸ ਪਾਸੋਂ ਸਕੂਲ ਦੇ ਬਾਹਰ ਸੁਰੱਖਿਆ ਦੇ ਇੰਤਜ਼ਾਮ ਕਰਨ ਲਈ ਕਿਹਾ ਤਾਂ ਕਿ ਅਗੇ ਤੋਂ ਦੁਬਾਰਾ ਕੋਈ ਅਜਿਹੀ ਵਾਰਦਾਤ ਨਾਂ ਹੋਵੇ ਅਤੇ ਵਿਦਿਆਰਥੀ ਤੇ ਅਧਿਆਪਕ ਸੁਰੱਖਿਅਤ ਰਹਿਣ।