ਸਰਕਾਰ ਨੇ ਖੁਦਕੁਸ਼ੀ ਕਰਨ ਵਾਲੀ ਬੇਰੋਜ਼ਗਾਰ ਅਸਿਸਟੈਂਟ ਪ੍ਰੋਫੈਸਰ ਡਾ. ਬਲਵਿੰਦਰ ਕੌਰ ਦੀ ਧੀ ਨੂੰ 13 ਸਾਲਾਂ ਬਾਅਦ ਸਰਕਾਰੀ ਨੌਕਰੀ ਦੇਣ ਦਾ ਗੈਰ ਸਰਕਾਰੀ ਤੌਰ ’ਤੇ ਵਾਅਦਾ ਕਰ ਕੇ ਬਹੁਤ ਵੱਡਾ ਧੋਖਾ ਕੀਤਾ: ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਨਾ ਸਿਰਫ ਅਸਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਸਰਕਾਰੀ ਖ਼ਜ਼ਾਨੇ ਵਿਚੋਂ 750 ਕਰੋੜ ਰੁਪਏ ਲੁੱਟ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਬਲਕਿ ਇਸਨੇ ਖੁਦਕੁਸ਼ੀ ਕਰਨ ਵਾਲੀ ਬੇਰੋਜ਼ਗਾਰ ਅਸਿਸਟੈਂਟ ਪ੍ਰੋਫੈਸਰ  ਡਾ. ਬਲਵਿੰਦਰ ਕੌਰ ਰੋਪੜ ਦੀ ਧੀ ਨੂੰ 13 ਸਾਲਾਂ ਬਾਅਦ ਸਰਕਾਰੀ ਨੌਕਰੀ ਦੇਣ ਦਾ ਗੈਰ ਸਰਕਾਰੀ ਵਾਅਦਾ ਕਰ ਕੇ ਸਭ ਤੋਂ ਵੱਡਾ ਧਰੋਹ ਕਮਾਇਆ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਭਰ ਵਿਚ ਆਪ ਦੇ ਪ੍ਰਚਾਰ ਵਾਸਤੇ 750 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜੋ ਪੰਜਾਬ ਦੇ ਖ਼ਜ਼ਾਨੇ ਵਿਚੋਂ ਲੁੱਟੇ ਜਾ ਰਹੇ ਹਨ ਤੇ ਮੀਡੀਆ ਦੇ ਉਸ ਵਰਗ ਨੂੰ ਦਿੱਤੇ ਜਾ ਰਹੇ ਹਨ ਜੋ ਚੁੱਪ ਹੈ ਤੇ ਸਰਕਾਰ ਨੂੰ ਇਹ ਚੇਤੇ ਨਹੀਂ ਕਰਵਾ ਰਿਹਾ ਕਿ ਬੇਰੋਜ਼ਗਾਰ ਅਸਿਸਟੈਂਟ ਪ੍ਰੋਫੈਸਰ  ਡਾ. ਬਲਵਿੰਦਰ ਕੌਰ ਨੇ ਆਪਣੇ ਖੁਦਕੁਸ਼ੀ ਨੋਟ ਵਿਚ ਜਿਸ ਮੰਤਰੀ ਹਰਜੋਤ ਬੈਂਸ ਦਾ ਨਾਂ ਲਿਆ ਹੈ, ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਨਕਲੀ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮਨਪਸੰਦੀਦਾ ਚੈਨਲਾਂ ਨੂੰ ਕਰੋੜਾਂ ਰੁਪਏ ਦੇ ਕੇ ਮੀਡੀਆ ਦੀ ਆਵਾਜ਼ ਕੁਚਲਣ ਵਿਚ ਲੱਗਾ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਫਿਰ ਤੋਂ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਸ ਸਾਰੇ ਘੁਟਾਲੇ ਦੀ ਜਾਂਚ ਕਰਵਾਈ ਜਾਵੇਗੀ ਤੇ ਜਿਹੜੇ ਅਫਸਰਾਂ ਨੇ ਭਗਵੰਤ ਮਾਨ ਦੇ ਕਹਿਣ ’ਤੇ ਸਰਕਾਰੀ ਖ਼ਜ਼ਾਨਾ ਖਾਲੀ ਕੀਤਾ ਹੈ, ਉਹਨਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਆਮ ਆਦਮੀ ਪਾਰਟੀ ਨੂੰ ਲੁਟੇਰਿਆਂ ਦੀ ਪਾਰਟੀ ਕਰਾਰ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਸਰਕਾਰ ਉਹਨਾਂ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨੂੰ 8 ਲੱਖ ਰੁਪਏ ਦੇਣ ਦੀ ਤਿਆਰੀ ਵਿਚ ਹੈ ਜੋ ਇਸਦੇ ਹੱਕ ਵਿਚ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਉਣਗੇ। ਉਹਨਾਂ ਕਿਹਾ ਕਿ ਇਹ ਤਾਂ ਸਪਸ਼ਟ ਤੌਰ ’ਤੇ ਭ੍ਰਿਸ਼ਟਾਚਾਰ ਦਾ ਕੇਸ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਪੰਜਾਬ ਆਬਕਾਰੀ ਘੁਟਾਲੇ ਵਿਚ ਕਾਰਵਾਈ ਹੋਣੀ ਤੈਅ ਹੈ, ਉਸੇ ਤਰੀਕੇ ਇਸ ਮਾਮਲੇ ਵਿਚ ਵੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਆਬਕਾਰੀ ਘੁਟਾਲੇ ਵਿਚ ਛੇਤੀ ਹੀ ਭਗਵੰਤ ਮਾਨ ਦਾ ਨਾਂ ਵੀ ਆਵੇਗਾ ਤੇ ਉਹ ਵੀ ਗ੍ਰਿਫਤਾਰ ਹੋਣਗੇ।ਸਰਦਾਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਪੰਜਾਬੀਆਂ ਨੂੰ ਮੂਰਖ ਬਣਾਉਣ ’ਤੇ ਤੁਲੀ ਹੈ। ਉਹਨਾਂ ਕਿਹਾ ਕਿ ਬੇਰੋਜ਼ਗਾਰ ਅਸਿਸਟੈਂਟ ਪ੍ਰੋਫੈਸਰ  ਡਾ. ਬਲਵਿੰਦਰ ਕੌਰ ਦੇ ਖੁਦਕੁਸ਼ੀ ਮਾਮਲੇ ਵਿਚ ਪੀੜਤ ਪਰਿਵਾਰ ਨੂੰ ਗੈਰ ਸਰਕਾਰੀ ਪੱਤਰ ਸੌਂਪ ਦਿੱਤਾ ਗਿਆ ਹੈ ਜਿਸ ’ਤੇ ਕਿਸੇ ਫੀਲਡ ਅਫਸਰ ਨੇ ਹਸਤਾਖ਼ਰ ਕੀਤੇ ਹਨ ਜੋ ਕਿ ਨਿਯਮਾਂ ਦੇ ਮੁਤਾਬਕ ਨਹੀਂ ਹਨ ਪਰ ਇਸ ਨਾਲ ਉਸ ਡਾ. ਬਲਵਿੰਦਰ ਕੌਰ ਦੀ ਸ਼ਹਾਦਤ ਦਾ ਅਪਮਾਨ ਕੀਤਾ ਗਿਆ ਹੈ, ਜਿਸਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਸਜ਼ਾ ਮਿਲਣੀ ਯਕੀਨੀ ਬਣਾਉਣ ਵਾਸਤੇ ਆਪਣੀ ਜਾਨ ਦਿੱਤੀ ਹੈ।
ਉਹਨਾਂ ਕਿਹਾ ਕਿ ਹੁਣ ਤੱਕ ਐਫ ਆਈ ਆਰ ਵਿਚ ਬੈਂਸ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਤੇ ਆਪ ਸਰਕਾਰ ਨੇ ਬਿਜਲੀ ਦੀ ਤੇਜ਼ ਰਫਤਾਰ ਨਾਲ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੂੰ ਐਡਿਟ ਕੀਤੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਕਿਹਾ ਕਿ ਇਹ ਵੀਡੀਓ ਪਹਿਲਾਂ 2015 ਵਿਚ ਸੋਸ਼ਲ ਮੀਡੀਆ ’ਤੇ ਪਾਈ ਗਈਸੀ  ਤੇ ਹੁਣ ਤੱਕ ਲੱਖਾਂ ਲੋਕਾਂ ਨੇ ਵੇਖੀਹੈ। ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਵਫਦ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਐਡਿਟ ਕੀਤੀਆਂ ਤੇ ਬਦਨਾਮੀ ਕਰਨ ਵਾਲੀਆਂ ਪੋਸਟਾਂ ਪਾਈਆਂ ਹਨ ਪਰ ਮੁਹਾਲੀ ਪੁਲਿਸ ਨੇ ਹਾਲੇ ਤੱਕ ਉਸ ਤੇਜ਼ ਰਫਤਾਰ ਨਾਲ ਮੁੱਖ ਮੰਤਰੀ ਖਿਲਾਫ ਕਾਰਵਾਈ ਨਹੀਂ ਕੀਤੀ ਜਿਸ ਤੇਜ਼ ਰਫਤਾਰ ਨਾਲ ਸਰਦਾਰ ਰੋਮਾਣਾ ਖਿਲਾਫ ਕੀਤੀ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਦੋ ਤਰੀਕੇ ਦੇ ਕਾਨੂੰਨ ਨਹੀਂ ਹੋ ਸਕਦੇ।ਉਹਨਾਂ ਕਿਹਾ ਕਿ ਮੁੱਖ ਮੰਤਰੀ ਖਿਲਾਫ ਸਾਈਬਰ ਐਕਟ ਤਹਿਤ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।ਇਸ ਮੌਕੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਗੁਲਜ਼ਾਰ ਸਿੰਘ ਰਣੀਕੇ, ਸਰਦਾਰ ਵਿਰਸਾ ਸਿੰਘ ਵਲਟੋਹਾ, ਸ੍ਰੀ ਅਨਿਲ ਜੋਸ਼ੀ ਤੇ ਤਲਬੀਰ ਸਿੰਘ ਗਿੱਲ ਵੀ ਹਾਜ਼ਰ ਸਨ।

Related posts

ਪੰਜਾਬ ਸਰਕਾਰ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ – ਡਾ. ਰਵਜੋਤ ਸਿੰਘ

‘ਪੰਜਾਬ ਦਰਿਆਈ ਜਲ ਵਿਵਾਦ ਦੱਖਣੀ ਏਸ਼ੀਆ’ ’ਤੇ ਭਾਸ਼ਣ ਕਰਵਾਇਆ ਗਿਆ

ਜਥੇਦਾਰ ਕਰਨੈਲ ਸਿੰਘ ਪੰਜੌਲੀ ਵਲੋਂ ‘ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)’ ਨੂੰ ਅਲਵਿਦਾ