ਸ਼ਹੀਦੀ ਨਿੱਡਰਤਾ ਦੀ ਨਿਸ਼ਾਨੀ ਤੇ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ

ਮੁਕਤਸਰ ਸਾਹਿਬ – ਸਮੂਹ ਨਿਹੰਗ ਸਿੰਘ ਦਲਾਂ ਬੁੱਢਾ ਦਲ ਅਤੇ ਵੱਖ-ਵੱਖ ਤਰਨਾਦਲਾਂ ਵੱਲੋਂ ਅੱਜ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਨਿਹੰਗ ਸਿੰਘਾਂ ਦੀ ਪੁਰਾਤਨ ਪਰੰਪਰਾ ਅਨੁਸਾਰ ਅਰੰਭ ਕੀਤੇ ਗਏ ਹਨ। ਜਿਨ੍ਹਾਂ ਦੇ ਭੋਗ 15 ਜਨਵਰੀ ਨੂੰ ਪੈਣਗੇ ਅਤੇ ੳਪਰੰਤ ਮਹੱਲਾ ਅਰੰਭ ਹੋਵੇਗਾ। ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲ਼ੀ 96 ਕਰੋੜੀ ਨੇ ਸਿੱਖ ਕੌਮ ਦੇ ਨਾਮ ਸ਼ੰਦੇਸ ਜਾਰੀ ਕਰਦਿਆਂ ਕਿਹਾ ਕਿ ਮਾਘੀ ਦੇ ਪਾਵਨ ਦਿਹਾੜੇ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਸੰਗਤਾਂ ਵੱਡੀ ਗਿਣਤੀ ਵਿੱਚ ਮੁਕਤਸਰ ਸਾਹਿਬ ਪੁਜਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਭੁੱਲਾਂ ਬਖਸ਼ਾਉਣ ਵਾਲਾ ਹੈ। ਬੇਦਾਵਾ ਦੇਣ ਵਾਲੇ ਸਿੰਘਾਂ ਨੇ ਕੁਰਬਾਨੀ ਦੇ ਕੇ ਗੁਰੂ ਸਾਹਿਬ ਤੋਂ ਆਪਣੀ ਭੁੱਲ ਬਖ਼ਸਾਈ ਤੇ ਵੱਖ-ਵੱਖ ਖਿਤਾਬਾਂ ਦੀਆਂ ਗੁਰੂ ਸਾਹਿਬ ਤੋਂ ਬਖਸ਼ਿਸ਼ਾਂ ਵੀ ਪ੍ਰਾਪਤ ਕੀਤੀਆਂ।ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਲੀ ਸ਼ਹੀਦ ਸਿੰਘਾਂ ਨੂੰ ਮੁਕਤੀ ਪਦ ਬਖਸ਼ ਕੇ ਇਸ ਢਾਬ ਦਾ ਨਾਮ ਮੁਕਤਸਰ ਰੱਖਿਆ ।ਉਨ੍ਹਾਂ ਕਿਹਾ ਚਾਲੀ ਮੁਕਤਿਆਂ ਦੇ ਸ਼ਹੀਦੀ ਅਸਥਾਨ ਤੇ ਮੁਕਤਸਰ ਸ਼ਹਿਰ ਵੱਸਿਆ ਹੈ।

     ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਧਰਮ ਪ੍ਰਤੀ ਕੁਰਬਾਨੀ, ਬਲੀਦਾਨ ਤੇ ਸ਼ਹਾਦਤ ਦਾ ਸੰਕਲਪ ਗੁਰੂ ਸਾਹਿਬ ਨੇ ਹੀ ਰੋਸ਼ਨ ਕੀਤਾ।ਸ਼ਹੀਦੀ ਪ੍ਰੰਪਰਾ ਦੇ ਇਤਿਹਾਸ ਵਿੱਚ ਸਿੱਖ ਕੌਮ ਦਾ ਸਥਾਨ ਬਹੁਤ ਉੱਚਾ ਤੇ ਮਹਾਨ ਹੈ। ਪੰਜਵੇਂ, ਨੌਵੇਂ, ਦਸਵੇਂ ਜਾਮੇ ਵਿੱਚ ਸਿੱਖ ਗੁਰੂ ਸਾਹਿਬਾਨ ਨੇ ਆਪ ਸ਼ਹੀਦੀ ਦੇ ਕੇ ਗੁਰੂ ਨਾਨਕ ਸਾਹਿਬ ਜੀ ਵੱਲੋ ਸਥਾਪਿਤ ਸ਼ਹੀਦੀ ਪ੍ਰੰਪਰਾ ਨੂੰ ਅਮੀਰ ਕਰ ਦਿੱਤਾ। ਉਨ੍ਹਾਂ ਕਿਹਾ 30 ਮਈ 1606 ਨੂੰ ਗੁਰੂ ਅਰਜਨ ਸਾਹਿਬ ਸ਼ਹੀਦ ਹੋਏ, 1621 ਵਿੱਚ ਸਿੱਖਾਂ ਨੇ ਸ੍ਰੀ ਹਰਿਗੋਬਿੰਦਪੁਰ ਵਾਲੀ  ਧਰਤੀ ਤੇ ਪਹਿਲੀ ਜੰਗ ਲੜੀ, ਉਸ ਸਮੇਂ ਤਂੋ ਹੁਣ ਤੀਕ ਲੱਖਾਂ ਹੀ ਸਿੱਖਾਂ ਨੇ ਤਲੀ ਤੇ ਸੀਸ ਰੱਖ ਕੌਮੀ ਅਣੱਖ ਤੇ ਅਜ਼ਾਦੀ, ਇਨਸਾਫ, ਹੱਕ, ਸੱਚ ਦੇ ਧਰਮ ਲਈ ਜੂਝੇ ਤੇ ਸ਼ਹੀਦ ਹੋਏ ਹਨ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹਾਦਤ ਦਾ ਸਿਧਾਂਤ ਤੇ ਪ੍ਰੰਪਰਾ ਸਿੱਖ ਇਤਿਹਾਸ, ਸਿੱਖ ਸਭਿਆਚਾਰ ਦੀ ਇੱਕ ਨਵੇਕਲੀ ਪਹਿਚਾਣ ਹੈ। ਸ਼ਹੀਦੀ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ ਹੈ। ਸ਼ਹੀਦੀ ਨਿਡਰਤਾ ਦੀ ਨਿਸ਼ਾਨੀ ਹੈ।ਉਨ੍ਹਾਂ ਨੇ ਕਿਹਾ ਕਿ 40 ਸਿੰਘਾਂ ਦੀ ਸ਼ਹੀਦੀ ਦੇ ਇਸ ਇਤਿਹਾਸਕ ਅਧਿਆਇ ਨੂੰ ਸੰਗਤਾਂ ਵਿੱਚ ਵੱਖ-ਵੱਖ ਮਾਧਿਅਮ ਰਾਹੀ ਪ੍ਰਚਾਰਨ ਅਤੇ ਉਹਨਾਂ ਸ਼ਹੀਦ ਸਿੰਘਾਂ ਦੇ ਜੀਵਨ ਬਾਰੇ ਵਿਸਥਾਰਤ ਜਾਣਕਾਰੀ ਸੰਗਤ ਤੀਕ ਪਹੁੰਚਾਉਣ ਦੀ ਲੋੜ ਹੈ।ਉਨਾਂ ਕਿਹਾ ਕਿ ਇਹ ਸਮਾਗਮ ਨਿਰੇ ਸਿਆਸੀ ਅਖਾੜੇ ਨਹੀਂ ਬਨਣੇ ਚਾਹੀਦੇ ਸਗੋਂ ਬਣਨ, ਇਸ ਮਹਾਨ ਦਿਹਾੜੇ ਦਾ ਅਸਲ ਉਦੇਸ਼ ਵੀ ਸੰਗਤਾਂ ਤੱਕ ਪੁਜਣਾ ਚਾਹੀਦਾ ਹੈ।

Related posts

ਕਿੱਤਾਮੁੱਖੀ ਸੰਵਾਦ ਹੁਨਰ ਦੀ ਭੂਮਿਕਾ ਵਿਸ਼ੇ ’ਤੇ ਵਰਕਸਾਪ ਕਰਵਾਈ

ਮੁੱਖ-ਮੰਤਰੀ ਵਲੋਂ ਪੰਜਾਬ ਵਿੱਚ ਐਲਪੀਜੀ ਗੈਸ ਦੀ ਜਮ੍ਹਾਖੋਰੀ ਵਿਰੁੱਧ ਚੇਤਾਵਨੀ

ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਮਾਰਚ ‘ਤੇ ਪੁਲਿਸ ਵਲੋਂ ਹੰਝੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾੜਾਂ