ਸ੍ਰੀਨਗਰ – ਕਸ਼ਮੀਰ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ‘ਚ ਵਿਘਨ ਪਾਉਣ ਦੀ ਅੱਤਵਾਦੀਆਂ ਦੀ ਸਾਜ਼ਿਸ਼ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਹੈ। ਸ਼ੋਪੀਆਂ ਦੇ ਦਰਾਚ ਕੀਗਾਮ ਇਲਾਕੇ ‘ਚ ਲੁਕੇ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਹੈ।
ਮੰਗਲਵਾਰ ਸ਼ਾਮ ਨੂੰ ਡਰਾਚ ਸ਼ੋਪੀਆਂ ‘ਚ ਸ਼ੁਰੂ ਹੋਇਆ ਇਹ ਮੁਕਾਬਲਾ ਅਜੇ ਖਤਮ ਹੀ ਹੋਇਆ ਸੀ ਕਿ ਸ਼ੋਪੀਆਂ ਦੇ ਮੋਲੂ ਇਲਾਕੇ ‘ਚ ਵੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਇੱਥੇ ਵੀ ਦੋ ਤੋਂ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਹੈ।ਪੁਲਿਸ ਦਾ ਕਹਿਣਾ ਹੈ ਕਿ ਮੁਕਾਬਲੇ ਦੇ ਸ਼ੁਰੂ ਵਿੱਚ ਹੀ ਇੱਕ ਅੱਤਵਾਦੀ ਮਾਰਿਆ ਗਿਆ ਹੈ। ਫਿਲਹਾਲ ਇੱਥੇ ਮੁਹਿੰਮ ਚੱਲ ਰਹੀ ਹੈ। ਮਾਰੇ ਗਏ ਅੱਤਵਾਦੀ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।
ਮਾਰੇ ਗਏ ਤਿੰਨ ਜੈਸ਼ ਅੱਤਵਾਦੀਆਂ ‘ਚੋਂ ਦੋ ਦੀ ਪਛਾਣ ਹੋ ਗਈ: ਏਡੀਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਤਿੰਨੋਂ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ‘ਚ ਹਨਾਨ ਬਿਨ ਯਾਕੂਬ ਅਤੇ ਜਮਸ਼ੇਦ ਸ਼ਾਮਲ ਹਨ। ਇਹ ਦੋਵੇਂ ਹਾਲ ਹੀ ਵਿੱਚ ਪੁਲਵਾਮਾ ਦੇ ਪਿੰਗਲਾਨਾ ਵਿੱਚ ਐਸਪੀਓ ਜਾਵੇਦ ਡਾਰ ਅਤੇ ਪੁਲਵਾਮਾ ਵਿੱਚ ਪੱਛਮੀ ਬੰਗਾਲ ਦੇ ਇੱਕ ਮਜ਼ਦੂਰ ਦੀ ਹੱਤਿਆ ਵਿੱਚ ਸ਼ਾਮਲ ਸਨ।
ਪੁਲਿਸ ਨੇ ਦੱਸਿਆ ਕਿ ਸ਼ੋਪੀਆਂ ਦੇ ਦਰਾਚ ਕੀਗਾਮ ਇਲਾਕੇ ‘ਚ ਮੰਗਲਵਾਰ ਸ਼ਾਮ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋਇਆ। ਅੱਤਵਾਦੀਆਂ ਦੇ ਨਜ਼ਰ ਆਉਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਇੱਥੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜੋ ਬਾਅਦ ਵਿੱਚ ਮੁਕਾਬਲੇ ਵਿੱਚ ਬਦਲ ਗਿਆ। ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਅੱਤਵਾਦੀ ਭੱਜ ਨਾ ਜਾਣ, ਇਸ ਲਈ ਸੁਰੱਖਿਆ ਬਲਾਂ ਨੇ ਸਭ ਤੋਂ ਪਹਿਲਾਂ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਵਿਸ਼ੇਸ਼ ਲਾਈਟਾਂ ਦਾ ਵੀ ਪ੍ਰਬੰਧ ਕੀਤਾ।ਦੱਸਿਆ ਜਾ ਰਿਹਾ ਹੈ ਕਿ ਰਾਤ ਭਰ ਲਗਾਤਾਰ ਗੋਲੀਬਾਰੀ ਜਾਰੀ ਰਹੀ। ਅੱਤਵਾਦੀਆਂ ਨੂੰ ਸਵੇਰੇ ਆਤਮ ਸਮਰਪਣ ਕਰਨ ਦਾ ਮੌਕਾ ਦਿੱਤਾ ਗਿਆ ਪਰ ਜਦੋਂ ਉਹ ਨਾ ਮੰਨੇ ਤਾਂ ਇਕ ਤੋਂ ਬਾਅਦ ਇਕ ਤਿੰਨ ਅੱਤਵਾਦੀ ਮਾਰੇ ਗਏ।