ਕੋਲੰਬੋ – ਵਿਦੇਸ਼ ਮੰਤਰੀ, ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਸ੍ਰੀਲੰਕਾ ਦੌਰੇ ਦੇ ਪਹਿਲੇ ਦਿਨ ਉੱਥੋਂ ਦੇ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਦੇਸ਼ ਦੀ ਆਰਥਿਕ ਸਥਿਤੀ ਤੇ ਮੌਜੂਦਾ ਵਿਦੇਸ਼ੀ ਕਰੰਸੀ ਸੰਕਟ ਦੌਰਾਨ ਭਾਰਤ ਵੱਲੋਂ ਕੀਤੀ ਗਈ ਮਦਦ ’ਤੇ ਚਰਚਾ ਕੀਤੀ। ਵਿਦੇਸ਼ੀ ਕਰੰਸੀ ਦੀ ਕਮੀ ਕਾਰਨ ਸ੍ਰੀਲੰਕਾ ਫਿਲਹਾਲ ਵੱਡੇ ਆਰਥਿਕ ਤੇ ਊਰਜਾ ਸੰਕਟ ’ਚੋਂ ਲੰਘ ਰਿਹਾ ਹੈ।
ਜੈਸ਼ੰਕਰ ਇੱਥੇ ਟਾਪੂ ਰਾਸ਼ਟਰ ਦੀ ਸਿਖਰਲੀ ਲੀਡਰਸ਼ਿਪ ਨਾਲ ਦੁਵੱਲੀ ਵਾਰਤਾ ਤੇ ਸੱਤ ਦੇਸ਼ਾਂ ਦੇ ਸਮੂਹ ਬਿਮਸਟੈਕ (ਬੰਗਾਲ ਦੀ ਖਾੜੀ ਬਹੁਖੇਤਰੀ ਤਕਨੀਕੀ ਤੇ ਆਰਥਿਕ ਸਹਿਯੋਗ ਪਹਿਲ) ਦੇ ਸਿਖਰਲ ਸੰਮੇਲਨ ’ਚ ਹਿੱਸਾ ਲੈਣ ਲਈ ਆਏ ਹਨ। ਉਨ੍ਹਾਂ ਨੇ ਟਵੀਟ ਕੀਤਾ ਕਿ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਨਾਲ ਮੁਲਾਕਾਤ ਨਾਲ ਦੌਰੇ ਦੀ ਸ਼ੁਰੂਆਤ ਕੀਤੀ। ਅਸੀਂ ਆਰਥਿਕ ਸਥਿਤੀ ਤੇ ਭਾਰਤ ਦੀ ਮਦਦ ’ਤੇ ਚਰਚਾ ਕੀਤੀ। ਅਸੀਂ ਗੁਆਂਢੀ ਪਹਿਲਾਂ ਦੀ ਨੀਤੀ ’ਤੇ ਚੱਲ ਰਹੇ ਹਾਂ। ਜੈਸ਼ੰਕਰ ਦਾ ਸ੍ਰੀਲੰਕਾ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਸੰਕਟ ਨਾਲ ਨਜਿੱਠਣ ’ਚ ਉੱਥੋਂ ਦੀ ਸਰਕਾਰ ਦੀ ਨਾਕਾਮੀ ਖ਼ਿਲਾਫ਼ ਲੋਕ ਖੁੱਲ੍ਹ ਕੇ ਬੋਲ ਰਹੇ ਹਨ। ਆਰਥਿਕ ਸੰਕਟ ਤੋਂ ਉੱਭਰਨ ਲਈ ਭਾਰਤ ਨੇ ਹੁਣੇ ਜਿਹੇ ਸ੍ਰੀਲੰਕਾਂ ਨੂੰ ਆਰਥਿਕ ਰਾਹਤ ਪੈਕੇਜ ਦਿੱਤਾ ਹੈ। ਆਰਥਿਕ ਪੈਕੇਜ ਦਿੱਤੇ ਜਾਣ ਤੋਂ ਬਾਅਦ ਜੈਸ਼ੰਕਰ ਦਾ ਇਹ ਪਹਿਲਾ ਸ੍ਰੀਲੰਕਾਈ ਦੌਰਾ ਹੈ।
ਬਿਮਸਟੈਕ ’ਚ ਭਾਰਤ ਤੋਂ ਇਲਾਵਾ ਬੰਗਲਾਦੇਸ਼, ਮਿਆਂਮਾਰ, ਥਾਈਲੈਂਡ, ਨੇਪਾਲ, ਸ੍ਰੀਲੰਕਾ ਤੇ ਭੂਟਾਨ ਸ਼ਾਮਿਲ ਹਨ। ਸ੍ਰੀਲੰਕਾ ਬਿਮਸਟੈਕ ਸਮੂਹ ਦਾ ਮੌਜੂਦਾ ਮੁਖੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਾਰਚ ਨੂੰ ਡਿਜੀਟਲ ਮਾਧਿਅਮ ਨਾਲ ਬਿਮਸਟੈਕ ਸਿਖਰ ਸੰਮੇਲਨ ’ਚ ਸ਼ਾਮਿਲ ਹੋਣਗੇ।