ਜਲੰਧਰ – ”ਪਟਿਆਲਾ ‘ਚ ਹੋਏ ਹਿੰਸਕ ਕਾਂਡ ਪਿੱਛੇ ਇੰਟੈਲੀਜੈਂਸ ਦੀ ਨਾਕਾਮੀ ਹੈ। ਜਦ ਉਨ੍ਹਾਂ ਨੂੰ ਪਤਾ ਸੀ ਕਿ ਖ਼ਾਲਿਸਤਾਨ ਖ਼ਿਲਾਫ਼ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਤੇ ਪੁਤਲਾ ਫੂਕਿਆ ਜਾਣਾ ਹੈ ਤਾਂ ਉਸ ਦੇ ਲਈ ਪੁਖ਼ਤਾ ਪ੍ਰਬੰਧ ਕਿਉਂ ਨਹੀ ਕੀਤੇ ਗਏ।” ਇਹ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼ਨਿੱਚਰਵਾਰ ਨੂੰ ਪੰਜਾਬ ਪ੍ਰੈੱਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਹ ਤਾਂ ਇਕ ਪਾਸੇ ਟੈਂਟ ਲਾ ਕੇ ਆਪਣਾ ਪ੍ਰਦਰਸ਼ਨ ਤੇ ਰੋਸ ਕਰ ਰਹੇ ਸਨ। ਪਟਿਆਲਾ ‘ਚ ਹੋਏ ਹਿੰਸਕ ਕਾਂਡ ‘ਚ ਉਨ੍ਹਾਂ ਦੀ ਪਾਰਟੀ ਦਾ ਕੋਈ ਹੱਥ ਨਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਾਈ ਖ਼ਾਲਿਸਤਾਨ ਬਣਾਉਣ ਲਈ ਭਾਰਤ ਖ਼ਿਲਾਫ਼ ਹੈ। ਇਸ ਲੜਾਈ ਦਾ ਪੱਧਰ ਸ਼ਿਵ ਸੈਨਾ ਨਾਲ ਜੋੜ ਕੇ ਹੇਠਾਂ ਨਾ ਕੀਤਾ ਜਾਵੇ।
ਮਾਨ ਨੇ ਬਰਗਾੜੀ ਦੇ ਦੋਸ਼ੀਆਂ ਨੂੰ ਫੜਨ, ਸੁਮੇਧ ਸੈਣੀ ਨੂੰ ਜ਼ਮਾਨਤ ਦੇਣ ਜਿਹੇ ਮੁੱਦਿਆਂ ਚੁੱਕਦਿਆਂ ਸਿੱਖਾਂ ਨਾਲ ਭੇਦਭਾਵ ਦੀਆਂ ਨੀਤੀਆਂ ਦਾ ਵਿਰੋਧ ਕਰਨ ਸਬੰਧੀ ਮੁੱਦੇ ਵੀ ਚੁੱਕੇ। ਪ੍ਰੈੱਸ ਕਾਨਫਰੰਸ ਤੋਂ 2 ਘੰਟੇ ਪਹਿਲਾਂ ਹੀ ਪ੍ਰੈੱਸ ਕਲੱਬ ਦੇ ਅੰਦਰ ਤੇ ਬਾਹਰ ਤੇ ਇਸ ਪਾਸੇ ਆਉਣ ਵਾਲੀਆਂ ਸਾਰੀਆਂ ਸੜਕਾਂ ‘ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ। ਆਲੇ-ਦੁਆਲੇ 300 ਮੀਟਰ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਨਾਕੇਬੰਦੀ ਕਰ ਕੇ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਸੀ। ਰਸਤਿਆਂ ‘ਤੇ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ ਅਤੇ ਹਰ ਆਉਣ-ਜਾਣ ਵਾਲੇ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਸੀ। ਇੱਥੋਂ ਤਕ ਕਿ ਪ੍ਰੈੱਸ ਕਲੱਬ ਦੇ ਗੇਟ ਨੂੰ ਬੰਦ ਰੱਖਿਆ ਗਿਆ ਸੀ ਅਤੇ ਅੰਦਰ ਆਉਣ ਵਾਲਿਆਂ ਦੀ ਪਛਾਣ ਹੋਣ ‘ਤੇ ਹੀ ਉਨ੍ਹਾਂ ਨੂੰ ਦਾਖਲ ਕਰਵਾਇਆ ਜਾ ਰਿਹਾ ਸੀ।