ਸਿਲਿੰਡਰ ਦੇਵਤਾ (ਵਿਅੰਗ)

ਐੇਲ.ਪੀ.ਜੀ. ਗੈਸ ਸਿਲ਼ਿੰਡਰ।

ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ।

ਅੱਜ ਕੱਲ੍ਹ ਅਸੀਂ ਹਰ ਰੋਜ਼ ਸੁਭਾ ਸਵੇਰੇ ਉੱਠ ਕੇ ‘ਸਿਲਿੰਡਰ ਦੇਵਤਾ’ ਨੂੰ ਧਿਆਉਂਦੇ ਹਾਂ। ਆਪਣੇ ਖਾਣਾ ਪਕਾਉਣ ਵਾਲੇ ਗੈਸ ਦੇ ਸਿਲਿੰਡਰ ਨੂੰ ਮੱਥਾ ਟੇਕਣ ਉਪਰੰਤ ਉਸ ਦੀ ਧੂਫ-ਬੱਤੀ ਕਰੀਦੀ ਐ,ਆਰਤੀ ਉਤਾਰਦੀ ਐ,ਅਰਦਾਸ-ਜੋਦੜੀ ਕਰੀਦੀ ਐ ਕਿ ‘ਹੇ ਸਿਲਿੰਡਰ ਦੇਵਤਾ! ਸਾਡਾ ਗੈਸੀ ਚੁੱਲ੍ਹਾ ਚੱਲਦਾ ਰਹੇ (ਬਾਕੀਆਂ ਦਾ ਵੀ ਚੱਲੇ ਪਰ ਸਾਡਾ ਸਭ ਤੋਂ ਪਹਿਲਾਂ ਚੱਲੇ)। ਸਾਡਾ ਸ਼ਾਹ-ਵੇਲਾ,ਦੁਪਹਿਰਾ ਅਤੇ ਸੰਧਿਆ ਵੇਲਾ ਸੰਭਾਲੀਂ ਤਾਂ ਕਿ ਸਾਡੇ ਪਾਪੀ ਪੇਟ ਦਾ ਝੁਲਕਾ ਹੁੰਦਾ ਰਹੇ।

ਘਰੇਲੂ ਰਸੋਈ ਗੈਸ ਦੀ ਬੁੱਕਿੰਗ ਸਮਾ-ਸੀਮਾਂ ਤਕ ਤਾਂ ਹਰ ਹਾਲਤ ‘ਚ ਚਲਦਾ ਰਹੀਂ ਨਹੀਂ ਤਾਂ ਭੁੱਖਣ-ਭਾਣੇ ਤਾਂ ਸਾਥੋਂ ਭਗਤੀ ਵੀ ਨਹੀਂ ਹੋਣੀ।ਸਾਡੇ ਤਾਂ ਸੱਚੀਂ-ਮੁੱਚੀਂ ਦੇ ਭਗਤਾਂ ਨੇ ਵੀ ਰੱਬ ਨੂੰ ਸਿੱਧੀਆਂ-ਸਿੱਧੀਆਂ ਅਤੇ ਖਰੀਆਂ-ਖਰੀਆਂ ਸੁਣਾਉਂਦਿਆਂ ਸਾਫ ਸਪੱਸ਼ਟ ਕਹਿ ਛੱਡਿਐ-“ਭੂਖੇ ਭਗਤਿ ਨਾ ਕੀਜੈ।।ਯਹ ਮਾਲਾ  ਅਪਨੀ ਲੀਜੈ”(ਸ.ਗ.ਗ.ਸ.ਅੰਗ-੬੫੬)(ਕ੍ਰਾਂਤੀਕਾਰੀ ਭਗਤ ਕਬੀਰ ਜੀ ਦੀ ਇਸ ਸਤਰ ਨੂੰ ਸਾਡੇ ਸਵ.ਨਾਨਾ ਜੀ ਸ.ਸੁਰੈਣ ਸਿੰਘ ਗੋਰਾਇਆ ਖੁਲ੍ਹੀਆਂ ਧਾਰਨਾਂ ‘ਚ ਇਸ ਤਰਾਂ ਗਾਇਆ ਕਰਦੇ ਸਨ-‘ਸਾਥੋਂ ਭੁੱਖਿਆਂ ਭਗਤੀ ਨਾਂ ਹੋਵੇ,ਆਹ ਲੈ ਫੜ ਮਾਲਾ ਆਪਣੀ’)।

ਅੱਜ- ਕੱਲ੍ਹ ਅਸੀਂ ਸਿਲਿੰਡਰ ਨੂੰ ਸਿਰਫ ਸਰਫੇ ਤੇ ਸਤਿਕਾਰ ਸਹਿਤ ਹੀ ਨਹੀਂ ਵਰਤਦੇ ਸਗੋਂ ਸੁਭਾ-ਸ਼ਾਂਮ ਇਹ ਸੁਨਿਸਚਿਤ ਕਰਦੇ ਹਾਂ ਕਿ ‘ਸਿਲਿੰਡਰ ਦੇਵਤਾ’ ਜੀ ਦੀ ਸੁਲੱਖਣੀ ਮੌਜੂਦਗੀ ਸਾਡੀ ਰਸੋਈ ਦੀ ਸ਼ੋਭਾ ਵਧਾ ਰਹੀ ਹੈ ਕਿ ਨਹੀਂ।

ਮਿਡਲ ਈਸਟ ‘ਚ ਜਦ ਤੋਂ ਇਜ਼ਰਾਈਲ+ਅਮਰੀਕਾ-ਈਰਾਨ ਵਿਚਾਲੇ ਯੁੱਧ ਛਿੜਿਐ ਅਤੇ ਈਰਾਨ ਨੇਂ ਸਮੁੰਦਰੀ ਜਹਾਜ਼ਾਂ ਲਈ ਹੋਰਮੁਜ਼ ਜਲਮਾਰਗ ਬਲੌਕ ਕੀਤੈ,ਅਸੀਂ ਆਪਣੀ ਪੂਜਾ ਪੱਧਤੀ ‘ਚ ‘ਜੰਗੀ-ਫੇਰ ਬਦਲ’ ਕੀਤੀ ਹੈ। ਪਹਿਲਾਂ ਅਸੀਂ ਸਾਹਜਰੇ ਉੱਠ ਕੇ ‘ਵਟਜ਼ਐਪ’ ਧਿਆਉਂਦੇ ਸਾਂ-“ਸੁਭਾ-ਸਵਰੇ ਉੱਠ ਕੇ ਹਰ ਦਿਨ ਵਟਜ਼ਐਪ ਧਿਆਉਂਦੇ ਹਾਂ, ਸੌ ਕੁ ‘ਮੈਸੇਜ’ ਕਰਕੇ ਫਿਰ ਚਾਹ ਦੀ ਚੁਸਕੀ ਲਾਉਂਦੇ ਹਾਂ”! ਹੁਣ ਸਾਨੂੰ ਸੁਵੱਖਤੇ ਸੁਵੱਖਤੇ ਵਟਜ਼ਐਪ ਤੇ ‘ਟੈਕਸਟਿੰਗ’ ਕਰਨ ਦੀ ਨਹੀਂ ਸੁੱਝਦੀ, ਸਗੋਂ ਉਠਦਿਆਂ ਸਾਰ ਹੀ ਅੱਖਾਂ ਮਲਦਿਆਂ ਮਲਦਿਆਂ ਅਸੀਂ ਆਪਣੇ ਸਿਲਿੰਡਰ ਬਾਬੇ ਨੂੰ ਹਿਲਾ ਜੁਲਾ,ਇਧਰ ਓਧਰ ਘੁਮਾ-ਪਲਟਾ ਕੇ ਦੇਖਦੇ ਹਾਂ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੀ ਅੱਜ ਨਾਸ਼ਤਾ ਮਿਲੇਗਾ ਕਿ ਨਹੀਂ।ਸਾਡੀ ਬਹੁਤ ਹੀ ਸਨਿਮਰ ਸਲੀਕਾ-ਸੁਥਰੀ ਨੇ ਬੜੇ ਹੀ ਸਖਤ ਲਫਜ਼ਾਂ ‘ਚ ਤਾੜਨਾਂ ਕਰ ਛੱਡੀ ਹੈ ਕਿ ਜੇ ਕਰ ਸਿਲਿੰਡਰ ‘ਚੋਂ ਗੈਸ ਖਤਮ ਹੋ ਗਈ ਤਾਂ ਸਾਨੂੰ ਦਫਤਰ ਨਿਰਨੇ ਕਾਲਜੇ ਹੀ ਜਾਣਾਂ ਪਊ, ਪੇਟ ਤੇ ਪੱਥਰ ਬੰਨ੍ਹਣਾ ਪਊ। ਉਸ ਨੇ ਚੁੱਲ੍ਹੇ ਅੱਗ ਬਾਲਣੋਂ ਸਾਫ ਇਨਕਾਰ ਕਰ ਰਖਿਐ। ਅਸੀਂ ਉਸ ਨੂੰ ਆਪਣੇ ਟੁੱਟੇ-ਭੱਜੇ ਕਾਵਿਕ ਅੰਦਾਜ਼ ‘ਚ ਸਮਝਾਉਣ ਦੀ ਕੋਸ਼ਿਸ਼ ਕੀਤੀ-“ਸਭ ਦੇ ਚੁੱਲ੍ਹੇ ਮਘਦੇ ਰਹਿਣ, ਸਭ ਦੇ ਦੀਵੇ ਜਗਦੇ ਰਹਿਣ”! ਪਰ ਉਸ ਨੇ ਫਟਾਕ ਦੇਣੀ ਸਾਡੇ ਸਿਰ ‘ਚ ਆਪਣਾ ਮੋੜਵਾਂ ਕਾਵਿਕ ਜਵਾਬ ਵਗਾਹ ਮਾਰਿਆ ਕਿ ‘ਚੁਲ਼੍ਹੇ ਅੱਗ ਨਾ ਬਲਦੀ,ਹੁਣ ਬਿਨ ਗੈਸ ਦੇ, ਮੰਡੇ ਨਹੀਂ ਹਨ ਪੱਕਦੇ, ਨਾਲ ਬਹਿਸ ਦੇ”। ਨਾਲ ਹੀ ਘਰ ਦੀ ਮਾਲਕਣ ਨੇ ਦਿਆਲਤਾ ਦੇ ਘਰ ਆ ਕੇ ਇਹ ਵੀ ਦਸ ਦਿਤਾ ਕਿ ‘ਭੁੱਖ-ਨੰਗ ਦੀ ਇਹੋ ਨਿਸ਼ਾਨੀ, ਚੁੱਲ੍ਹੇ ਅੱਗ ਨਾਂ ਘੜੇ ‘ਚ ਪਾਣੀ’!

ਭਾਵੇਂ ਸਾਡੇ ਹਾਲਾਤ ‘ਨੌਂ ਪੂਰਬੀਏ ਤੇਰਾਂ ਚੁੱਲ੍ਹੇ’ ਵਰਗੇ  ਹਨ ਪਰ ਫਿਰ ਵੀ ਅਸੀਂ ਬੜੇ ਠਰੰਮੇਂ ਨਾਲ ਕਿਹਾ ਕਿ ‘ਭਾਗਵਾਨੇਂ, ਚੁੱਲ੍ਹੇ ਬਲਦੇ ਈ ਚੰਗੇ, ਕਿਸੇ ਦਾ ਵੀ ਚੁੱਲ੍ਹਾ ਕਦੀ ਠੰਡਾ ਨਾ ਹੋਵੇ, ਨਾ ਹੀ ਚੁੱਲ੍ਹੇ ਅੱਡ ਅੱਡ ਹੋਣ, ਸਗੋਂ ਚੁੱਲ੍ਹੇ ਤਾਂ ਸਾਂਝੇ ਹੀ ਸੋਭਦੇ’। ਤੇ ਨਾਲ ਹੀ ਡਰਦਿਆਂ ਡਰਦਿਆਂ ਅਸੀਂ ਸਲਾਹ ਦਿਤੀ ਕਿ ਪੁਰਾਣੇ ਚੁੱਲ੍ਹੇ ਦੀਆਂ ਸੇਵਾਵਾਂ ਲੈ ਕੇ ਲੱਕੜ ਰਾਣੀ ਦੀ ਵਰਤੋਂ ਕਰ ਲਈ ਜਾਏ ਤਾਂ ਸਾਡੀ ਸਹਿਜ-ਸ਼ਾਂਤ ਸੁਭਾ ਅਰਧਾਂਗਣੀ ਦੇ ਸੱਤੀਂ ਕੱਪੜੀਂ ਅੱਗ ਲਗ ਗਈ। ਉਸ ਨੇ ਅੱਗ ਬਗੂਲਾ ਹੁੰਦਿਆਂ ਸਾਨੂੰ ਸਲਵਾਤਾਂ ਸੁਣਾਉਂਦਿਆਂ ‘ਸਾਡੇ ਸਿਰ ‘ਚ ਸੱਤਾਂ ਚੁੱਲ੍ਹਿਆਂ ਦੀ ਸੁਆਹ’ ਪੈ ਜਾਣ ਦੀ ਅਸੀਸ ਦੇ ਮਾਰੀ!ਨਾਲ ਹੀ ਉਸ ਨੇ ਇੱਕ-ਦੋ ਹੋਰ ਅਖਾਣ ਸਾਡੇ ਸਿਰ ਦੇ ਮਾਰੇ-‘ਸੁਹਣਾ ਤਕ ਕੇ ਭੁੱਲੀ,ਚੌਥਾ ਲੰਘਣ ਚੁੱਲ੍ਹੀ’ ਅਤੇ ‘ਪੀਹ ਮੋਈ ਪਕਾ ਮੋਈ, ਆਏ ਡੱਟੇ ਖਾ ਗਏ’!ਅਸੀਂ ਵੀ ਬਰਾਬਰ ਅਖਾਣ ਛੱਡ ਮਾਰਿਆ-‘ਚੁਲਿਓਂ ਦੂਰ,ਸੋ ਦੂਰ’ ਪਰ ਹੋਈ ਸਾਡੇ ਨਾਲ ਓਹੀ ਜੋ ਹੋਣੀ ਸੀ: ‘ਚੁੱਲ੍ਹੇ ਵਿਚੋਂ ਨਿਕਲੇ, ਭੱਠ ਵਿਚ ਪਏ’! ਸਾਡਾ ਹਾਲ ਤਾਂ ‘ਕੁੱਕੜ ਖੇਹ ਉਡਾਈ,ਆਪਣੇ ਹੀ ਸਿਰ ਪਾਈ’ ਵਾਲਾ ਹੋ ਗਿਆ।

ਖੈਰ,ਅਸੀਂ ਬੜੀ ਹੁਸ਼ਿਆਰੀ ਵਰਤਦਿਆਂ ਖਾੜੀ ਜੰਗ ਛਿੜਦਿਆਂ ਹੀ ਰਸੋਈ ਗੈਸ ਬੁੱਕ ਕਰਵਾ ਦਿਤੀ ਸੀ। ਸਿਰਫਿਰੇ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਵਲੋਂ ਈਰਾਨ ਨੂੰ ਪੱਥਰ ਯੁਗ ‘ਚ ਭੇਜਣ ਅਤੇ ਈਰਾਨ ਵਲੋਂ ਅਮਰੀਕਾ ਨੂੰ ਜਹੰਨਮ ‘ਚ ਭੇਜਣ ਦੇ ਨੇਕ ਇਰਾਦਿਆਂ ਉਪਰੰਤ ਸਾਡੀ ਚਿੰਤਾ ਹੋਰ ਵਧ ਗਈ। ਉਤੋਂ ਟਰੰਪ ਨੇ ਈਰਾਨ ਨੂੰ ਗਾਲੀ-ਗਲੋਚ ਵੀ ਕਰਨਾਂ ਸ਼ੁਰੂ ਕਰ ਦਿਤੈ। ਨਾਲ ਹੀ ਟਰੰਪ ਦੀ ਤੀਜੀ-ਚੌਥੀ ਵਾਰ ਮਿੱਥੀ ਗਈ ‘ਡੈੱਡਲਾਈਨ’ ਵੀ 7 ਅਪ੍ਰੈਲ ਨੂੰ ਪੁੱਗ ਜਾਣੀ ਐਂ,ਬਸ਼ਰਤੇ ਕਿ ਇਹ ਨਵੇਂ ਸਿਰਿਉਂ ਹੋਰ ਨਾਂ ਵਧਾ ਦਿਤੀ ਜਾਵੇ।

ਇਹਨਾਂ ਖਬਰਾਂ ਨੇ ਸਾਡੀ ਚਿੰਤਾ ਹੋਰ ਵਧਾ ਦਿਤੀ ਕਿ 5 ਕਿਲੋ ਦੇ ਛੋਟੇ ਗੈਸ ਸਿਲਿੰਡਰ, ਜਿਹਨਾਂ ਨੂੰ ‘ਬੋਤਲ’ ਜਾਂ ਐਫ.ਟੀ.ਐੇਲ. ਸਿਲਿੰਡਰ ਕਹਿੰਦੇ ਹਨ, ਮਾਰਕਿਟ ‘ਚ ਨਾ ਮਿਲਣ ਕਾਰਨ ਹਜ਼ਰਾਂ ਦੀ ਗਿਣਤੀ ਵਿਚ ਪਰਵਾਸੀ ਮਜ਼ਦੂਰ ਆਪਣੇ ਪਿਤਰ ਪ੍ਰਾਂਤਾਂ ਬਿਹਾਰ ਅਤੇ ਉਤਰ ਪ੍ਰਦੇਸ਼ ਵਲ ਵਹੀਰਾਂ ਘਤ ਪਰਤਣ ਲਗੇ ਹਨ (ਬੇਸ਼ਕ ਬਾਅਦਲੀਆਂ ਸਰਕਾਰੀ ਰਿਪੋਰਟਾਂ ਅਨੁਸਾਰ ਅਜਿਹੇ ਛੋਟੇ ਸਿਲਿੰਡਰ ਹੁਣ ਮਾਰਕਿਟ ‘ਚ ਉਪਲਬਧ ਹਨ)। ਸਬਸਿਡੀ ਵਾਲੇ 14.2 ਕਿਲੋ ਦੇ ਘਰੇਲੂ ਗੈਸ ਸਿਲ਼ਿੰਡਰ (ਐੇਲ.ਪੀ.ਜੀ.) ਅਤੇ ਕਮਰਸ਼ਲ ਸਿਲਿੰਡਰਾਂ ਦਾ ਰੇਟ ਪਹਿਲਾਂ ਹੀ ਵਧ ਚੁਕੈ ਅਤੇ ਕਿੱਲਤ ਵੀ ਵਧ ਗਈ ਹੈ।ਪਾਈਪਡ ਨੈਚੁਰਲ ਗੈਸ ਦੀ ਸਾਡੇ ਵਲ ਵਿਵਸਥਾ ਨਹੀਂ ਹੈ।

ਗੈਸ ਏਜੰਸੀਆਂ ਅੱਗੇ ਲੱਗੀਆਂ ਲੰਮੀਆਂ-ਲੰਮੀਆਂ ਲਾਈਨਾਂ-ਕਤਾਰਾਂ ਅਤੇ ਕਈ ਥਾਂ ਗੈਸ ਦੀ ਕਿੱਲਤ ਤੋਂ ਅੱਕੇ ਲੋਕਾਂ ਵਲੋਂ ਖਾਲੀ ਸਿਲਿੰਡਰ ਸੜਕਾਂ ਉਪਰ ਸੁਟ ਕੇ ਕੀਤੇ ਗਏ ਰੋਜ਼ ਮੁਜ਼ਾਹਰਿਆਂ ਕਾਰਨ ਸਾਨੂੰ ਹੋਰ ਵੀ ਧੁੜਕੂ ਲਗਾ, ਦਿਲ ਘਾਊਂ-ਮਾਂਊਂ ਕਰਨ ਲੱਗਾ।

ਇਹਨਾਂ ਹਾਲਾਤਾਂ ‘ਚ ਜੇ ‘ਸਿਲਿੰਡਰ ਦੇਵਤਾ’ ਦੇ ਦਰਸ਼ਨ ਨਾਂ ਹੁੰਦੇ ਤਾਂ ਗੋਹਟੇ,ਪਾਥੀ, ਲੱਕੜਾਂ ਵਾਲੇ ‘ਚੁੱਲ੍ਹਾ-ਦੌਰ’ ਵਲ ਪਰਤਣਾਂ ਪੈਣਾਂ ਸੀ ਪਰ ਇਹ ਵਾਪਸੀ ਬੜੀ ਮਹਿੰਗੀ ਪੈਣੀ ਸੀ। ਸਾਡੀ ਸਲੀਕਾ ਸੁਥਰੀ ਦੀ ਤਾਂ ਤਾੜਨਾਂ ਸੀ ਕਿ ਜਾਂ ਤਾਂ ਸਿਲਿੰਡਰ ਜਾਂ ਉਸ ਸ਼ਹਿਰ ਸ਼ਿਫਟਿੰਗ ਜਿਥੇ ਪਾਈਪਡ ਗੈਸ ਦੀ ਸਹੂਲਤ ਹੋਵੇ। ਇਹਨਾਂ ਦੋਵਾਂ ਸੂਰਤਾਂ ਦੀ ਗੈਰ-ਹਾਜ਼ਰੀ ‘ਚ ਉਸ ਨੇ ਗ੍ਰਹਿਸਥੀ ‘ਚੋਂ ਹੀ ਗੈਰ-ਹਾਜ਼ਰ ਹੋ ਜਾਣ ਦੀ ਧਮਕੀ ਦੇ ਰਖੀ ਸੀ।

ਇਹਨਾਂ ਗੰਭੀਰ ਗੱਲਾਂ ਕਾਰਨ ਅਸੀਂ ਸੋਚਣ ਲਗੇ ਕੇ ਜੇ ਜੰਗ ਕੁਝ ਮਹੀਨੇ ਹੋਰ ਜਾਰੀ ਰਹੀ ਤਾਂ ਰਸੋਈ ਗੈਸ ਸਿਲਿੰਡਰ ਐੇਨੀ ਕੀਮਤੀ ਤੇ ਦੁਰਲੱਭ ਸ਼ੈਅ ਬਣ ਜਾਏਗੀ ਕਿ ਲੋਕ ਆਪਣੀਆਂ ਧੀਆਂ-ਧਿਆਣੀਆਂ ਦੀ ਸ਼ਾਦੀ-ਵਿਆਹ ਵੇਲੇ ਇਸ ਨੂੰ ਇੱਕ ਸਿਰਕੱਢ ਸੌਗਾਤ ਵਜੋਂ ‘ਗਿਫਟ’ ਕਰਿਆ ਕਰਨਗੇ!

ਇਸ ਲਈ ਪੱਛਮੀ ਏਸ਼ੀਆ ਦੀ ਜੰਗ ਦੇ ਕੇਵਲ 39ਵੇਂ ਦਿਨ ਜਦ ਗੈਸ ਏਜੰਸੀ ਦਾ ਮੁਲਾਜ਼ਮ ਸਿਲਿੰਡਰ ਦੇਣ ਆਇਆ ਤਾਂ ਅਸੀਂ ਉਸ ਨੂੰ ਧਾ ਕੇ ਮਿਲੇ,ਘੁੱਟ ਕੇ ਜੱਫੀ ਪਾਈ! ਇਹ ਧਾ ਕੇ ਮਿਲਣਾਂ ਭਾਈ ਵੀਰ ਸਿੰਘ ਦੀ ਪ੍ਰਸਿੱਧ ਕਵਿਤਾ ‘ਕੰਬਦੀ ਕਲਾਈ’ ਵਾਲਾ ਨਹੀਂ ਸੀ:

“ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾ ਗਲਵਕੜੀ ਪਾਈ,
ਨਿਰਾ ਨੂਰ ਤੁਸੀਂ ਹਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ”।

ਸਗੋਂ ਇਹ ਮਿਲਣਾ ਸ਼ੁਕਰਾਨੇ ਵਾਲਾ ਸੀ।ਅ ਗੇ ਅਸੀਂ ਕਦੀ ਵੀ ਸਿਲਿੰਡਰ ਦੇਣ ਵਾਲੇ ਦਾ ਕੋਈ ਖਾਸ ਨੋਟਿਸ ਨਹੀਂ ਸੀ ਲਿਆ ਪਰ ਅੱਜ ਉਸ ਦਾ ਆਉਣਾ ਸਾਨੂੰ ਐਂ ਲਗਾ ਜਿਵੇਂ ਕੋਈ ਲਾਰੇ-ਹੱਥੀ ਮਾਸ਼ੂਕਾ ਕਿਸੇ ਵੇਲੇ ਆਪਣੇ ਕੀਤੇ ਵਾਅਦੇ ਅਨੁਸਾਰ ਮਿਲਣ ਵਾਲੀ ਥਾਂ ਅੱਪੜ ਜਾਵੇ!ਗੈਸ ਸਿਲਿੰਡਰ ਤਾਂ ਬੇਸ਼ਕ ਗੈਸ ਏਜੰਸੀ ਦਾ ਮਾਲਿਕ ਭੇਜਦੈ ਪਰ ਅਸੀਂ ਲੈ ਕੇ ਆਉਣ ਵਾਲੇ ਪ੍ਰਤੀ ਇਸ ਲਈ ਕ੍ਰਿਤਾਰਥ ਸਾਂ ਕਿ ਆਖਿਰ ਉਸ ਨੇ ਸਿਰਫ ਸਾਡਾ ਚੁੱਲ੍ਹਾ ਹੀ ਨਹੀਂ ਸੀ ਚਲਦਾ ਰਖਿਆ ਸਗੋਂ ਸਾਡਾ ਘਰ ਵੀ ਚਲਦਾ ਰਖਿਆ ਸੀ।

ਸੋ,ਉਹ ਮੁਲਾਜ਼ਮ ਸਾਨੂੰ ਮੁਹਤਬਰ ਲਗਾ,ਇੱਕ ਵੀ.ਆਈ.ਪੀ.!ਅਸੀਂ ਚਾਹੁੰਦੇ ਤਾਂ ਸਾਂ ਕਿ ਉਸ ਦੇ ਗਲ ‘ਚ ਹਾਰ ਪਾਈਏ ਪਰ ਝਿਜਕ ਗਏ ਤੇ ਹਾਰ ‘ਸਿਲਿੰਡਰ ਦੇਵਤਾ’ ਨੂੰ ਪਾ ਦਿਤਾ!

ਤੇ ਫਿਰ ਅਸੀਂ ‘ਸਿਲਿੰਡਰ ਦੇਵਤਾ’ ਨੂੰ ਇੱਕ ਵਾਰ ਦੁਬਾਰਾ ਨਮਨ ਕੀਤਾ!

Related posts

ਯੇਹ ਝਾਲਮੁੜੀ ਕਯਾ ਹੈ ? (ਵਿਅੰਗ)

ਖਾਲਸਾ ਮੇਰੋ ਰੂਪ ਹੈ ਖਾਸ !

ਬਿਹਾਰ ਤਾਂ ਝਾਕੀ ਹੈ, ਬੰਗਾਲ ਅਜੇ ਬਾਕੀ ਹੈ