ਗੁਰਦਾਸਪੁਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਪਿੰਡ ਬੱਬੇਹਾਲੀ ਵਿਚ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਿੱਖ ਸ਼ਕਤੀ ਨੂੰ ਖ਼ਤਮ ਕਰਨ ਦੀ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੇਂਦਰੀ ਤਾਕਤਾਂ ਵਲੋਂ ਬੇਅਦਬੀਆਂ ਦੇ ਝੂਠੇ ਇਲਜ਼ਾਮ ਲਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ ਜਦੋਂਕਿ ਅਕਾਲੀ ਦਲ ਕਮਜ਼ੋਰ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਆਰ.ਐਸ.ਐਸ. ਦਾ ਕਬਜ਼ਾ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੂਨ 1984 ਵਿਚ ਕਾਂਗਰਸ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਕਰਕੇ ਤੋਪਾਂ, ਟੈਂਕਾਂ ਦੇ ਗੋਲਿਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ, ਨਵੰਬਰ ‘84 ਵਿਚ ਹਜ਼ਾਰਾਂ ਬੇਦੋਸ਼ੇ ਸਿੱਖਾਂ ਦਾ ਦਿੱਲੀ ਤੇ ਦੇਸ਼ ਦੇ ਹੋਰਨਾਂ ਸ਼ਹਿਰਾਂ ਵਿਚ ਬੇਰਹਿਮੀ ਨਾਲ ਕਤਲੇਆਮ ਕਰਵਾਇਆ ਤੇ ਪੰਜਾਬ ਵਿਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਕਤਲ ਕੀਤਾ ਪਰ ਦੁੱਖ ਦੀ ਗੱਲ ਹੈ ਕਿ ਅੱਜ ਦੇ ਸਿੱਖ ਇਸ ਕਾਤਲ ਜਮਾਤ ਦੇ ਜ਼ੁਲਮਾਂ ਨੂੰ ਭੁੱਲ੍ਹਦੇ ਜਾ ਰਹੇ ਹਨ।
ਅੱਜ ਇੱਥੋਂ ਨੇੜਲੇ ਪਿੰਡ ਬੱਬੇਹਾਲੀ ਵਿਖੇ ਪ੍ਰੀਤ ਸੈਲੀਬਰੇਸ਼ਨ ਪੈਲੇਸ ਵਿਖੇ ਭਾਰੀ ਲੋਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਵਾਲੇ ਸਿੱਖੀ ਬਾਣਿਆਂ ਵਿਚ ਵੜੇ ਕੁਝ ਆਗੂ ਭਾਰਤੀ ਏਜੰਸੀਆਂ ਦੇ ਟਾਊਟ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਘਰ ਰੋਜ਼ਾਨਾ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਉਨ੍ਹਾਂ ਦਾ ਪਰਿਵਾਰ ਰੋਜ਼ਾਨਾ ਘਰੋਂ ਨਿਕਲਣ ਤੋਂ ਪਹਿਲਾਂ ਗੁਰੂ ਸਾਹਿਬ ਅੱਗੇ ਨਤਮਸਤਕ ਹੁੰਦਾ ਹੈ।ਜਦੋਂਕਿ ਦੂਜੇ ਪਾਸੇ ਭਗਵੰਤ ਮਾਨ ਵਰਗੇ ਲੋਕ ਤਾਂ ਕਦੇ ਗੁਰੂ-ਘਰ ਵੀ ਮੱਥਾ ਟੇਕਣ ਨਹੀਂ ਜਾਂਦੇ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਤਾਕਤਾਂ ਨੂੰ ਪਤਾ ਹੈ ਕਿ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਦੇ ਰੂਪ ਵਿਚ ਮਜਬੂਤ ਹੈ ਤਾਂ ਉਹ ਪੰਜਾਬ ਵੱਲ ਝਾਕ ਵੀ ਨਹੀਂ ਸਕਣਗੇ, ਇਸੇ ਕਾਰਨ ਪੰਜਾਬ ਨੂੰ ਦਿੱਲੀ ਦਾ ਗੁਲਾਮ ਬਣਾਉਣ ਵਾਸਤੇ ਅਕਾਲੀ ਦਲ ਨੂੰ ਸਾਜ਼ਿਸ਼ ਤਹਿਤ ਕਮਜ਼ੋਰ ਕੀਤਾ ਗਿਆ। ਉਨ੍ਹਾਂ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਜੇਕਰ ਉਹ ਵਿਕਾਸ ਵਾਲਾ ਤੇ ਲੋਕ-ਪੱਖੀ ਰਾਜ ਚਾਹੁੰਦੇ ਹਨ ਤਾਂ ਮੁੜ ਅਕਾਲੀ ਦਲ ਦੀ ਸਰਕਾਰ ਬਣਾਉਣ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਿੰਨਾ ਵਿਕਾਸ ਅਕਾਲੀ ਦਲ ਨੇ 15 ਸਾਲਾ ਰਾਜ ਦੌਰਾਨ ਕੀਤਾ, ਕਾਂਗਰਸ 50 ਸਾਲਾਂ ਵਿਚ ਵੀ ਨਹੀਂ ਕਰ ਸਕੀ, ਪਰ ਬਦਕਿਸਮਤੀ ਨਾਲ ਪੰਜਾਬੀਆਂ ਨੇ ਦੂਜੀਆਂ ਪਾਰਟੀਆਂ ਦੇ ਝਾਂਸੇ ‘ਚ ਆ ਕੇ ਅਕਾਲੀ ਦਲ ਨੂੰ ਰਾਜ ਤੋਂ ਲਾਂਭੇ ਕਰ ਦਿੱਤਾ ਤੇ ਪੰਜਾਬ ਮੁੜ ਦਹਾਕਿਆਂ ਲਈ ਪੱਛੜ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬੀਆਂ ਨੂੰ ਦਿੱਲੀ ਤੋਂ ਵੋਟਾਂ ਮੰਗਣ ਪੰਜਾਬ ਵਿਚ ਆਉਣ ਵਾਲੀਆਂ ਪਾਰਟੀਆਂ ਕੋਲੋਂ ਦਰਿਆਈ ਪਾਣੀਆਂ ਸਮੇਤ ਪੰਜਾਬ ਦੇ ਮਸਲਿਆਂ ‘ਤੇ ਉਨ੍ਹਾਂ ਦੇ ਏਜੰਡੇ ਦੀ ਜਵਾਬਦੇਹੀ ਮੰਗਣੀ ਚਾਹੀਦੀ ਹੈ।
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਪੰਜਾਬ ਵਿਚ ਸਥਾਈ ਤੇ ਵਿਕਾਸਮੁਖੀ ਰਾਜ ਸਿਰਫ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਸਾਰਕਾਰਾਂ ਵੇਲੇ ਹੀ ਹੋਇਆ ਹੈ ਅਤੇ ਉਨ੍ਹਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਲਿਜਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ, ਪੰਜਾਬ ਵਿਚ ਸਾਰੇ ਵਰਗਾਂ ਦੇ ਲੋਕ ਆਪਣੇ ਆਪ ਨੂੰ ਸੁਰੱਖਿਆ ਮਹਿਸੂਸ ਕਰਦੇ ਸਨ ਪਰ ਹੁਣ ਪੰਜਾਬ ਵਿਚ ਬਦਅਮਨੀ ਏਨੀ ਵਧ ਗਈ ਹੈ ਕਿ ਕੋਈ ਪਤਾ ਨਹੀਂ ਲੱਗਦਾ ਕਦੋਂ ਕਿਸ ਨੂੰ ਫਿਰੌਤੀ ਦੀ ਚਿੱਠੀ ਆ ਜਾਵੇ ਤੇ ਕਦੋਂ ਕਿਸੇ ਦਾ ਕਤਲ ਹੋ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਸ਼ੈਰੀ ਕਲਸੀ ਨੇ ਆਪਣੇ ਚੋਣ ਪ੍ਰਚਾਰ ਲਈ ਛਾਪੇ ਇਕ ਕੈਲੰਡਰ ਵਿਚ ਪ੍ਰਭੂ ਯਿਸੂ ਮਸੀਹ ਦੇ ਬਰਾਬਰ ਸ਼ਰਾਬ ਘੁਟਾਲੇ ਵਿਚ ਜ਼ਮਾਨਤ ‘ਤੇ ਰਿਹਾਅ ਹੋਏ ਅਰਵਿੰਦ ਕੇਜਰੀਵਾਲ ਅਤੇ ਸ਼ਰਾਬ ਪੀਣ ਦੇ ਆਦੀ ਭਗਵੰਤ ਮਾਨ ਦੀ ਤਸਵੀਰ ਲਗਾ ਕੇ ਘੋਰ-ਅਪਮਾਨ ਕੀਤਾ ਹੈ ਜਦੋਂਕਿ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਮਸੀਹੀ ਭਾਈਚਾਰੇ ਦੀਆਂ ਧੀਆਂ-ਭੈਣਾਂ ਬਾਰੇ ਬੇਹੱਦ ਅਪਮਾਨਜਨਕ ਸ਼ਬਦਾਵਲੀ ਵਰਤ ਕੇ ਸਮਾਜ ਨੂੰ ਸ਼ਰਮਸਾਰ ਕੀਤਾ ਹੈ, ਜੋ ਇਕ ਕਥਿਤ ਆਡੀਓ ਦੇ ਰੂਪ ਵਿਚ ਵਾਇਰਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਸਬਕ ਸਿਖਾਉਣ ਲਈ 1 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਵੋਟਾਂ ਪਾਈਆਂ ਜਾਣ, ਜੋ ਸਾਰੇ ਧਰਮਾਂ ਤੇ ਸਾਰੇ ਵਰਗਾਂ ਨੂੰ ਬਰਾਬਰ ਪਿਆਰ ਕਰਨ ਵਾਲੀ ਪਾਰਟੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਗੁਰਬਚਨ ਸਿੰਘ ਬੱਬੇਹਾਲੀ ਨੇ ਦਾਅਵਾ ਕੀਤਾ ਕਿ ਡਾ. ਚੀਮਾ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਪਾਰਲੀਮੈਂਟ ਵਿਚ ਭੇਜਿਆ ਜਾਵੇਗਾ।
ਇਸ ਮੌਕੇ ਕਾਦੀਆਂ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਦੀਨਾਨਗਰ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ, ਨੌਜਵਾਨ ਆਗੂ ਜਥੇਦਾਰ ਕਿਰਪਾਲ ਸਿੰਘ ਗੁੰਜੀਆਂ, ਗੁਰਜੀਤ ਸਿੰਘ ਬਿਜਲੀਵਾਲ, ਕਾਨੂੰਨੀ ਸਲਾਹਕਾਰ ਐਡਵੋਕੇਟ ਰਣਜੀਤ ਸਿੰਘ ਗਿਰਾਇਆ, ਬੀਸੀ ਵਿੰਗ ਦਿਹਾਤੀ ਪ੍ਰਧਾਨ ਰਣਜੀਤ ਸਿੰਘ ਚਾਨਣ, ਗੁੰਜਣ ਸੈਣੀ ਅਤੇ ਵਿਕਟਰ ਮਸੀਹ ਆਦਿ ਵੀ ਹਾਜ਼ਰ ਸਨ।ਮਨਜੀਤ ਸਿੰਘ ਕੋਟ ਮੋਹਨ ਲਾਲ ਸਰਕਲ ਪ੍ਰਧਾਨ, ਮਹਿੰਦਰ ਸਿੰਘ ਸਿੱਧਵਓ ਸਾਬਕਾ ਚੇਅਰਮੈਨ, ਅਵਤਾਰ ਸਿੰਘ ਕਾਲਾ ਨੰਗਲ ਸਰਕਲ ਪ੍ਰਧਾਨ, ਵਿਜੇ ਮਹਾਜਨ ਸ਼ਹਿਰੀ ਪ੍ਰਧਾਨ, ਜਥੇਦਾਰ ਸਰੂਪ ਸਿੰਘ ਸ਼ਹੂਰ, ਰਾਮ ਲਾਲ ਕਾਲਾ ਸਾਬਕਾ ਕੌਂਸਲਰ, ਰਜਿੰਦਰ ਸਿੰਘ ਬੈਂਸ ਸਾਬਕਾ ਕੌਂਸਲਰ, ਗੁਲਸ਼ਨ ਸੈਣੀ ਸ਼ਹਿਰੀ ਪ੍ਰਧਾਨ ਗੁਰਦਾਸਪੁਰ, ਕੁਲਵਿੰਦਰ ਸਿੰਘ ਤਿੱਬੜ, ਸਰਵਨ ਸਿੰਘ ਤਿੱਬੜ, ਕੁਲਵਿੰਦਰ ਸਿੰਘ ਝੌਰ, ਇੰਸਪੈਕਟਰ ਗੁਰਪ੍ਰਤਾਪ ਸਿੰਘ, ਸੁੱਚਾ ਸਿੰਘ ਨੰਗਲ ਸਾਬਕਾ ਸਰਪੰਚ, ਜਗੀਰ ਸਿੰਘ ਬੱਬਰੀ, ਜੈਮਲ ਸਿੰਘ ਬੱਬਰੀ, ਬਲਕਾਰ ਸਿੰਘ ਮਾੜੇ, ਪਰਸ ਰਾਮ ਸਾਬਕਾ ਵਾਇਸ ਚੇਅਰਮੈਨ, ਹਰਦੀਪ ਸਿੰਘ ਮੁਸਤਫਾਬਾਦ ਜੱਟਾਂ, ਕੁਲਵੰਤ ਸਿੰਘ ਹੇਮਰਾਜਪੁਰ, ਜਗਤਾਰ ਸਿੰਘ ਭੁੰਬਲੀ, ਬਲਵਿੰਦਰ ਸਿੰਘ ਬਾਊ ਭੁੰਬਲੀ, ਕੁਲਦੀਪ ਮਹਾਜਨ ਅਤੇ ਸੇਵਾਮੁਕਤ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਆਦਿ ਵੀ ਹਾਜ਼ਰ ਸਨ।