ਨਵੀਂ ਦਿੱਲੀ – ਪੰਜਾਬ ਸਰਕਾਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਦੱਸਿਆ ਕਿ ਪੁਲਿਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਕਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਵਿਦੇਸ਼ ਵਿਚ ਇਕ ਦੋਸ਼ੀ ਨਾਲ ਸਾਜ਼ਿਸ਼ ਕਰਨ ਦੀ ਜਾਂਚ ਕਰਨਾ ਚਾਹੁੰਦੀ ਹੈ। ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਡਾ. ਅਭਿਸ਼ੇਕ ਮਨੂ ਸਿੰਘਵੀ ਨੇ ਇਹ ਦਲੀਲ ਲਾਰੈਂਸ ਬਿਸ਼ਨੋਈ ਦੇ ਪਿਤਾ ਦੀ ਪਟੀਸ਼ਨ ਵਿਚ ਦਿੱਤੀ। ਜਿਸ ਵਿਚ ਦਿੱਲੀ ਦੀ ਇਕ ਅਦਾਲਤ ਵੱਲੋਂ ਉਨ੍ਹਾਂ ਦੇ ਬੇਟੇ ਨੂੰ ਮੂਸੇਵਾਲਾ ਹੱਤਿਆਕਾਂਡ ਮਾਮਲੇ ਵਿਚ ਪੰਜਾਬ ਦੀ ਮਾਨਸਾ ਕੋਰਟ ਵਿਚ ਪੇਸ਼ ਕਰਨ ਲਈ ਟ੍ਰਾਂਜ਼ਿਟ ਰਿਮਾਂਡ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ।
ਇਸ ਮਾਮਲੇ ਵਿਚ ਜਸਟਿਸ ਅਜੇ ਰਸਤੋਗੀ ਅਤੇ ਜਸਟਿਸ ਏਐਸਓਕਾ ਦੀ ਬੈਂਚ ਸਾਹਮਣੇ ਇਸ ਕੇਸ ਨੂੰ ਸੂਚੀਬੱਧ ਕੀਤਾ ਗਿਆ ਸੀ।ਮਾਮਲੇ ਨੂੰ ਕਾਫੀ ਸੰਜੀਦਾ ਦੱਸਦੇ ਹੋਏ ਪੰਜਾਬ ਸਰਕਾਰ ਦੇ ਸੀਨੀਅਰ ਐਡਵੋਕੇਟ ਸਿੰਘਵੀ ਨੇ ਪਟੀਸ਼ਨ ’ਤੇ ਜਵਾਬ ਦਾਖਲ ਕਰਨ ਲਈ ਸਮਂ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਬਿਸ਼ਨੋਈ 57 ਐਫਆਈਆਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਨੂੰ 100 ਪੁਲਿਸ ਮੁਲਾਜ਼ਮਾਂ ਅਤੇ ਵੀਡੀਓਗ੍ਰਾਫੀ ਨਾਲ ਮਾਨਸਾ ਲਿਜਾਇਆ ਗਿਆ।
ਬੈਂਚ ਨੇ ਪਟੀਸ਼ਨ ਦੀ ਸੁਣਵਾਈ ਅਗਲੇ ਸੋਮਵਾਰ ਤਕ ਮੁਲਤਵੀ ਕਰ ਦਿੱਤੀ।ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਮਾਨਸਾ ਦੇ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ 15 ਜੂਨ, 2022 ਨੂੰ ਦਿੱਤਾ ਗਿਆ ਹੁਕਮ ਜਿਸ ਰਾਹੀਂ ਬਿਸ਼ਨੋਈ ਨੂੰ 7 ਦਿਨਾਂ ਲਈ ਪੁਲੀਸ ਹਿਰਾਸਤ ਵਿੱਚ ਭੇਜਿਆ ਗਿਆ ਸੀ, ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਸੀ ਅਤੇ ਗ੍ਰਿਫ਼ਤਾਰੀ ਅਤੇ ਨਜ਼ਰਬੰਦੀ ਦੇ ਸਿਧਾਂਤਾਂ ਦੀ ਉਲੰਘਣਾ ਸੀ। ਇਹ ਵੀ ਦਰਜ ਕੀਤਾ ਗਿਆ ਸੀ ਕਿ ਉਸ ਦੇ ਪੁੱਤਰ ਨੂੰ ਗ੍ਰਿਫਤਾਰੀ ਦਾ ਕਾਰਨ ਨਹੀਂ ਦੱਸਿਆ ਗਿਆ ਸੀ। ਗ੍ਰਿਫਤਾਰੀ ਦਾ ਕੋਈ ਮੈਮੋ ਸਾਹਮਣੇ ਨਹੀਂ ਆਇਆ। ਬਿਸ਼ਨੋਈ ਦੇ ਰਿਸ਼ਤੇਦਾਰਾਂ ਨੂੰ ਉਸ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਮਾਨਸਾ ਸੀਟ ਤੋਂ ਕਾਂਗਰਸ ਉਮੀਦਵਾਰ ਵਜੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਲੇ ਮੂਸੇਵਾਲਾ ਦੀ 29 ਮਈ ਨੂੰ ਹੱਤਿਆ ਕਰ ਦਿੱਤੀ ਗਈ ਸੀ। ਬਿਸ਼ਨੋਈ ਉਸ ਸਮੇਂ ਸੰਗਠਿਤ ਅਪਰਾਧ ਨਾਲ ਸਬੰਧਤ ਮਾਮਲਿਆਂ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸੀ। ਪੰਜਾਬ ਪੁਲਿਸ ਦਾ ਇਲਜ਼ਾਮ ਹੈ ਕਿ ਬਿਸ਼ਨੋਈ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਹੈ ਅਤੇ ਇਸ ਅਪਰਾਧ ਨੂੰ ਤਿਹਾੜ ਜੇਲ੍ਹ ਵਿੱਚ ਹੀ ਅੰਜਾਮ ਦਿੱਤਾ ਗਿਆ ਸੀ।