ਸ਼ਿਮਲਾ – ਕਾਂਗੜਾ ਜ਼ਿਲ੍ਹੇ ਦੇ ਪਾਲਮਪੁਰ ਦੇ ਰਹਿਣ ਵਾਲੇ ਕਾਰੋਬਾਰੀ ਨਿਸ਼ਾਂਤ ਦੇ ਮਾਮਲੇ ਵਿੱਚ ਡੀ.ਜੀ.ਪੀ. ਸੰਜੇ ਕੁੰਡੂ ਹੁਣ ਸੁਪਰੀਮ ਕੋਰਟ ਵਿੱਚ ਪਹੁੰਚ ਗਏ ਹਨ। ਇਸ ਮਾਮਲੇ ਵਿੱਚ ਹਿਮਾਚਲ ਹਾਈ ਕੋਰਟ ਨੇ ਡੀ.ਜੀ.ਪੀ. ਸੰਜੇ ਕੁੰਡੂ ਅਤੇ ਐਸ.ਪੀ. ਕਾਂਗੜਾ ਨੂੰ ਉਨ੍ਹਾਂ ਦੇ ਮੌਜੂਦਾ ਅਹੁਦੇ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ 4 ਜਨਵਰੀ ਨੂੰ ਤੈਅ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੁਖਵਿੰਦਰ ਸਰਕਾਰ ਨੇ ਡੀ.ਜੀ.ਪੀ. ਅਤੇ ਐਸ.ਪੀ. ਕਾਂਗੜਾ ਨੂੰ ਹਟਾਉਣ ਦਾ ਫੈਸਲਾ ਲੈਣਾ ਹੈ। ਹਿਮਾਚਲ ਹਾਈ ਕੋਰਟ ਦੇ ਚੀਫ਼ ਜਸਟਿਸ ਐਮ.ਐਸ. ਰਾਮਚੰਦਰ ਰਾਓ ਅਤੇ ਜਸਟਿਸ ਜਯੋਤਸਨਾ ਰੇਵਾਲ ਦੁਆ ਦੀ ਡਿਵੀਜ਼ਨ ਬੈਂਚ ਨੇ ਮੰਗਲਵਾਰ ਨੂੰ ਕਾਰੋਬਾਰੀ ਨਿਸ਼ਾਂਤ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਡੀ.ਜੀ.ਪੀ. ਅਤੇ ਐਸ.ਪੀ. ਕਾਂਗੜਾ ਨੂੰ ਅਹੁਦੇ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ। ਹੁਣ ਡੀ.ਜੀ.ਪੀ. ਸੰਜੇ ਕੁੰਡੂ ਨੇ ਇਨ੍ਹਾਂ ਹੁਕਮਾਂ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਤਕ ਪਹੁੰਚ ਕੀਤੀ ਹੈ। ਸੰਜੇ ਕੁੰਡੂ ਆਈ.ਪੀ.ਐਸ. ਬਨਾਮ ਰਜਿਸਟਰਾਰ ਜਨਰਲ ਹਾਈ ਕੋਰਟ ਆਫ਼ ਹਿਮਾਚਲ ਪ੍ਰਦੇਸ਼ ਦਾ ਕੇਸ ਅਜੇ ਸੁਪਰੀਮ ਕੋਰਟ ਸੂਚੀਬੱਧ ਕਰਨ ਲਈ ਲੰਬਿਤ ਹੈ, ਇਸ ਨੂੰ ਜਲਦੀ ਹੀ ਸੂਚੀਬੱਧ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਸੀ.ਐਮ. ਸੁਖਵਿੰਦਰ ਸਿੰਘ ਸੁੱਖੂ ਨੇ ਬਿਆਨ ਦਿੱਤਾ ਹੈ ਕਿ ਫੈਸਲੇ ਦਾ ਅਧਿਐਨ ਕਰਨ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ। ਦੱਸ ਦੇਈਏ ਕਿ ਕਾਂਗੜਾ ਜ਼ਿਲੇ ਦੇ ਪਾਲਮਪੁਰ ਦੇ ਇੱਕ ਵਪਾਰੀ ਨਿਸ਼ਾਂਤ ਨੇ ਡੀ.ਜੀ.ਪੀ. ਸੰਜੇ ਕੁੰਡੂ ਉੱਤੇ ਆਪਣੇ ਅਤੇ ਉਸਦੇ ਪਰਿਵਾਰ ‘ਤੇ ਜਾਨ ਨੂੰ ਖ਼ਤਰਾ ਹੋਣ ਦਾ ਇਲਜ਼ਾਮ ਲਗਾਇਆ ਸੀ। ਜਿਸ ‘ਤੇ ਹਿਮਾਚਲ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵਪਾਰੀ ਦੀ ਸ਼ਿਕਾਇਤ ‘ਤੇ ਡੀ.ਜੀ.ਪੀ. ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਸੀ ਅਤੇ ਹੁਣ ਹਾਈਕੋਰਟ ਨੇ ਡੀ.ਜੀ.ਪੀ. ਅਤੇ ਐਸ.ਪੀ. ਕਾਂਗੜਾ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।