ਕੋਲੰਬੋ – ਸ੍ਰੀ ਲੰਕਾ ’ਚ ਹਾਲਾਤ ਬੇਹਦ ਖਰਾਬ ਹੋ ਗਏ ਹਨ। ਸ੍ਰੀ ਲੰਕਾ ਦੇ ਊਰਜਾ ਮੰਤਰੀ ਨੇ ਵੀਰਵਾਰ ਨੂੰ ਦੱਸਿਆ ਕਿ ਦੇਸ਼ ’ਚ ਹੁਣ ਲਗਪਗ ਪੰਜ ਦਿਨਾਂ ਦਾ ਹੀ ਈਂਧਣ ਸਟਾਕ ਬਚਿਆ ਹੈ। ਸ੍ਰੀ ਲੰਕਾ ਈਂਧਣ ਲਈ 500 ਮਿਲੀਅਨ ਡਾਲਰ ਦੀ ਨਵੀ ਕ੍ਰੇਡਿਟ ਲਾਈਨ ਲਈ ਭਾਰਤ ਸਰਕਾਰ ਦੀ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ। ਸ੍ਰੀ ਲੰਕਾ ਸੱਤ ਦਹਾਕਿਆਂ ’ਚ ਆਪਣੇ ਸਭ ਤੋਂ ਖ਼ਰਾਬ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸ੍ਰੀ ਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ ਘਟ ਕੇ ਰਿਕਾਰਡ ਹੇਠਲੇ ਪੱਧਰ ’ਤੇ ਆ ਗਿਆ ਹੈ।
ਦੇਸ਼ ’ਚ ਭੋਜਨ, ਦਵਾਈ ਤੇ ਈਂਧਣ ਸਮੇਤ ਜ਼ਰੂਰੀ ਆਯਾਤ ਦੇ ਭੁਗਤਾਨ ਲਈ ਬਚਿਆ-ਖੁਚਿਆ ਵਿਦੇਸ਼ੀ ਕਰੰਸੀ ਭੰਡਾਰ ਵੀ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਦੇਸ਼ ਭਰ ’ਚ ਗੈਸ ਸਟੇਸ਼ਨਾਂ ’ਤੇ ਕਿਲੋਮੀਟਰ ਤਕ ਲੰਮੀ ਲਾਈਨ ਲੱਗੀ ਹੋਈ ਹੈ। ਇਸ ਨੂੰ ਲੈ ਕੇ ਕੁਝ ਕੁ ਵਿਰੋਧ ਪ੍ਰਦਰਸ਼ਨ ਵੀ ਹੋਏ ਹਨ। ਆਲਮ ਇਹ ਹੈ ਕਿ ਵਾਹਨ ਮਾਲਕਾਂ ਨੂੰ ਪੈਟਰੋਲ ਤੇ ਡੀਜ਼ਨ ਲਈ ਰਾਤ ਭਰ ਉਡੀਕ ਕਰਨੀ ਪੈ ਰਹੀ ਹੈ। ਦੇਸ਼ ’ਚ ਈਂਧਣ ਦਾ ਜੋ ਸਟਾਕ ਹੈ ਉਸ ਨੂੰ ਕੁਝ ਉਦਯੋਗਾਂ ਤੇ ਜ਼ਰੂਰੀ ਸੇਵਾਵਾਂ ਲਈ ਹੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਊਰਜਾ ਮੰਤਰੀ ਕੰਚਨਾ ਵਿਜੇਸੇਕੇਰਾ ਨੇ ਕਿਹਾ ਕਿ ਸ੍ਰੀ ਲੰਕਾ ਸਪਲਾਈਕਰਤਾ ਨੂੰ 725 ਮਿਲੀਅਨ ਡਾਲਰ ਦਾ ਭੁਗਤਾਨ ਕਰਨ ’ਚ ਅਸਮਰਥ ਹੈ। ਸਰਕਾਰ 21 ਜੂਨ ਤਕ ਡੀਜ਼ਲ ਤੇ ਪੈਟਰੋਲ ਦੇ ਮੌਜੂਦਾ ਸਟਾਕ ਦਾ ਪ੍ਰਬੰਧਨ ਕਰਨ ਲਈ ਕੰਮ ਕਰ ਰਹੀ ਹੈ। ਸ੍ਰੀ ਲੰਕਾ ਬੇਲਆਊਟ ਪੈਕੇਜ ਲਈ ਕੌਮਾਂਤਰੀ ਮੁਦਰਾ ਕੋਸ਼ ਭਾਵ ਆਈਐਮਐਫ ਨਾਲ ਵੀ ਗੱਲਬਾਤ ਕਰ ਰਿਹਾ ਹੈ। 20 ਜੂਨ ਨੂੰ ਆਈਐਮਐਫ ਦੇ ਇਕ ਵਫ਼ਦ ਦੇ ਸ੍ਰੀ ਲੰਕਾ ਪੁੱਜਣ ਦੀ ਉਮੀਦ ਹੈ।