ਨਵੀਂ ਦਿੱਲੀ – ਕਾਂਗਰਸ ਪਾਰਟੀ ਦਿੱਲੀ ਪੁਲਿਸ ਵੱਲੋਂ ਆਪਣੇ ਆਗੂਆਂ ‘ਤੇ ਕੀਤੇ ਕਥਿਤ ਹਮਲੇ ਨੂੰ ਲੈ ਕੇ ਲਗਾਤਾਰ ਆਪਣਾ ਗੁੱਸਾ ਜ਼ਾਹਰ ਕਰ ਰਹੀ ਹੈ। ਇਸ ਦੌਰਾਨ, ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰਾਂ ਦਾ ਇੱਕ ਵਫ਼ਦ ਚੇਅਰਮੈਨ ਵੈਂਕਈਆ ਨਾਇਡੂ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲਿਆ ਅਤੇ ਉਨ੍ਹਾਂ ਦੇ ਧਿਆਨ ਵਿੱਚ ਦਿੱਲੀ ਪੁਲਿਸ ਦੁਆਰਾ ਸੰਸਦ ਮੈਂਬਰਾਂ ਦੇ “ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ” ਨੂੰ ਲਿਆਂਦਾ। ਵਫ਼ਦ ਦੀ ਅਗਵਾਈ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਕਰ ਰਹੇ ਸਨ ਅਤੇ ਇਸ ਵਿੱਚ ਪੀ ਚਿਦੰਬਰਮ, ਜੈਰਾਮ ਰਮੇਸ਼ ਅਤੇ ਕੇਸੀ ਵੇਣੂਗੋਪਾਲ ਵਰਗੇ ਸੀਨੀਅਰ ਕਾਂਗਰਸੀ ਆਗੂ ਸ਼ਾਮਲ ਸਨ।
ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਬੈਠਕ ਤੋਂ ਬਾਅਦ ਕਿਹਾ ਕਿ ਹਿਰਾਸਤ ‘ਚ ਲਏ ਗਏ ਸਾਰੇ ਕਾਂਗਰਸੀ ਨੇਤਾਵਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰੱਖਿਆ ਗਿਆ ਸੀ। ਕੋਈ ਕੇਸ ਦਰਜ ਨਹੀਂ ਹੋਇਆ। ਸਾਡੇ ਲੀਡਰਾਂ ਨੂੰ ਹਸਪਤਾਲਾਂ ਵਿੱਚ ਜਾਣਾ ਪਿਆ, ਕਈਆਂ ਦੀਆਂ ਪੱਸਲੀਆਂ ਟੁੱਟ ਗਈਆਂ। ਅਸੀਂ ਇਸ ਮਾਮਲੇ ਵਿੱਚ ਉਪ ਰਾਸ਼ਟਰਪਤੀ ਕੋਲ ਆਪਣੇ ਬਚਾਅ ਦੀ ਅਪੀਲ ਕਰਨ ਲਈ ਆਏ ਹਾਂ ਅਤੇ ਸਾਡੀ ਸੁਰੱਖਿਆ ਕਰਨਾ ਉਨ੍ਹਾਂ ਦਾ ਫਰਜ਼ ਹੈ।