ਨਵੀਂ ਦਿੱਲੀ – ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਐਲਾਨੀ ਨਵੀਂ ਫੌਜੀ ਭਰਤੀ ਪ੍ਰਣਾਲੀ ਦੇ ਖਿਲਾਫ ਵੀਰਵਾਰ ਨੂੰ ਦੇਸ਼ ਦੇ ਕਈ ਸੂਬਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ। ਫੌਜ, ਜਲ ਸੈਨਾ ਤੇ ਹਵਾਈ ਸੈਨਾ ਵਿੱਚ ਭਰਤੀ ਲਈ ਸਰਕਾਰ ਦੀ ਨਵੀਂ ਯੋਜਨਾ ‘ਅਗਨੀਪਥ’ ਦੇ ਵਿਰੋਧ ਵਿੱਚ ਨੌਜਵਾਨਾਂ ਵੱਲੋਂ ਹਿੰਸਕ ਪ੍ਰਦਰਸ਼ਨ ਕੀਤਾ ਗਿਆ। ਬੀਤੇ ਦਿਨੀਂ ਬਿਹਾਰ ਤੋਂ ਸ਼ੁਰੂ ਹੋਇਆ ਇਹ ਪ੍ਰਦਰਸ਼ਨ ਯੂਪੀ, ਹਰਿਆਣਾ ਤੇ ਰਾਜਸਥਾਨ ਤਕ ਪਹੁੰਚ ਗਿਆ ਹੈ। ਸ਼ਾਂਤਮਈ ਢੰਗ ਨਾਲ ਸ਼ੁਰੂ ਹੋਏ ਇਸ ਧਰਨੇ ਨੇ ਅੱਜ ਭਿਆਨਕ ਰੂਪ ਧਾਰਨ ਕਰ ਲਿਆ ਹੈ। ਬਿਹਾਰ ਵਿੱਚ ਵੀ ਕਈ ਜ਼ਿਲ੍ਹਿਆਂ ਤੋਂ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਕੇਂਦਰ ਸਰਕਾਰ ਦੀ ਇਸ ਨਵੀਂ ਯੋਜਨਾ ਦਾ ਸਭ ਤੋਂ ਵਧ ਵਿਰੋਧ ਬਿਹਾਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਪ੍ਰਦਰਸ਼ਨ ‘ਚ ਸ਼ਾਮਲ ਨੌਜਵਾਨ ਸੜਕਾਂ ‘ਤੇ ਅੱਗ ਲਗਾਉਣ ਤੋਂ ਇਲਾਵਾ ਰੇਲ ਗੱਡੀਆਂ ਦੀਆਂ ਬੋਗੀਆਂ ਨੂੰ ਅੱਗ ਲਗਾਉਂਦੇ ਵੀ ਦੇਖੇ ਗਏ | ਇਸ ਦੇ ਨਾਲ ਹੀ ਦਿੱਲੀ-ਹਾਵੜਾ ਮੁੱਖ ਰੇਲ ਲਾਈਨ ਦੇ ਬਕਸਰ ਅਤੇ ਆਰਾ ਸਟੇਸ਼ਨਾਂ ‘ਤੇ ਭੰਨਤੋੜ ਕੀਤੀ ਗਈ ਅਤੇ ਰੇਲਵੇ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਗਿਆ।
ਅਗਨੀਪਥ ਯੋਜਨਾ ਦਾ ਵਿਰੋਧ ਹੁਣ ਰਾਜਸਥਾਨ ਵਿੱਚ ਵੀ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ ਸੂਬੇ ਦੇ ਕਈ ਜ਼ਿਲਿਆਂ ‘ਚ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ। ਰਾਸ਼ਟਰੀ ਲੋਕਤਾਂਤਰਿਕ ਪਾਰਟੀ (ਆਰ.ਐੱਲ.ਪੀ.) ਨੇ ਵੀ ਇਸ ਯੋਜਨਾ ਵਿਰੁੱਧ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਸੀਕਰ ਵਿੱਚ ਸਵੇਰ ਤੋਂ ਹੀ ਨੌਜਵਾਨਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਦੁਪਹਿਰ 12 ਵਜੇ ਵੱਡੀ ਗਿਣਤੀ ‘ਚ ਨੌਜਵਾਨ ਇਕੱਠੇ ਹੋ ਗਏ ਅਤੇ ਭੰਨਤੋੜ ਕੀਤੀ।
ਭੜਕੇ ਨੌਜਵਾਨਾਂ ਨੇ ਦੁਕਾਨਾਂ ਦੀ ਭੰਨਤੋੜ ਕਰਨ ਦੇ ਨਾਲ-ਨਾਲ ਸਰਕਾਰੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ। ਪ੍ਰਦਰਸ਼ਨਕਾਰੀ ਨੌਜਵਾਨਾਂ ਨੇ 20 ਜੂਨ ਨੂੰ ਦਿੱਲੀ ਵੱਲ ਮਾਰਚ ਕੀਤਾ ਅਤੇ ਜੰਤਰ-ਮੰਤਰ ਵਿਖੇ ਅੰਦੋਲਨ ਸ਼ੁਰੂ ਕਰਨ ਦੀ ਧਮਕੀ ਦਿੱਤੀ।
ਯੂਪੀ ਵਿੱਚ ਵੀ ਅਗਨੀਪੱਥ ਯੋਜਨਾ ਦਾ ਸਖ਼ਤ ਵਿਰੋਧ ਹੋਇਆ ਹੈ। ਇੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਸਰਕਾਰ ਦੀ ਇਸ ਯੋਜਨਾ ਦਾ ਵਿਰੋਧ ਕਰ ਰਹੇ ਹਨ। ਇਹ ਪ੍ਰਦਰਸ਼ਨ ਕਈ ਜ਼ਿਲ੍ਹਿਆਂ ‘ਚ ਦੇਖਣ ਨੂੰ ਮਿਲਿਆ, ਬੁਲੰਦਸ਼ਹਿਰ ਦੇ ਨਾਲ-ਨਾਲ ਮਥੁਰਾ, ਪ੍ਰਯਾਗਰਾਜ, ਗੋਰਖਪੁਰ ‘ਚ ਵੀ ਇਹ ਪ੍ਰਦਰਸ਼ਨ ਕੀਤਾ ਗਿਆ। ਨੌਜਵਾਨਾਂ ਨੇ ਇਸ ਸਕੀਮ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ‘ਅਗਨੀਪਥ ਸਕੀਮ ਵਾਪਸ ਲਓ’ ਦੇ ਨਾਅਰੇ ਲਾਏ।
ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਐਲਾਨੀ ਗਈ ਅਗਨੀਪੱਥ ਯੋਜਨਾ ਤਹਿਤ ਇਸ ਸਾਲ 46 ਹਜ਼ਾਰ ਨੌਜਵਾਨਾਂ ਨੂੰ ਸਹਸਤਰ ਬਲਾਂ ਵਿੱਚ ਸ਼ਾਮਲ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਯੋਜਨਾ ਦੇ ਮੁਤਾਬਕ ਨੌਜਵਾਨਾਂ ਦੀ ਭਰਤੀ ਠੇਕੇ ਦੇ ਆਧਾਰ ‘ਤੇ ਹੋਵੇਗੀ, ਜੋ ਚਾਰ ਸਾਲ ਲਈ ਹੋਵੇਗੀ। ਭਰਤੀ ਕੀਤੇ ਗਏ ਨੌਜਵਾਨਾਂ ਨੂੰ ‘ਅਗਨੀਵੀਰ’ ਕਿਹਾ ਜਾਵੇਗਾ। ਅਗਨੀਵੀਰਾਂ ਦੀ ਉਮਰ 17 ਤੋਂ 21 ਸਾਲ ਦਰਮਿਆਨ ਹੋਵੇਗੀ ਅਤੇ ਉਨ੍ਹਾਂ ਨੂੰ 30-40 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਹਾਲਾਂਕਿ ਭਰਤੀ ਕੀਤੇ ਗਏ ਨੌਜਵਾਨਾਂ ‘ਚੋਂ 25 ਫੀਸਦੀ ਨੂੰ ਫੌਜ ‘ਚ ਹੋਰ ਮੌਕਾ ਮਿਲੇਗਾ ਅਤੇ ਬਾਕੀ 75 ਫੀਸਦੀ ਨੂੰ ਨੌਕਰੀ ਛੱਡਣੀ ਪਵੇਗੀ।