ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜ਼ਸਵੀਰ ਸਿੰਘ ਰੋਡੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪਾਸੋ ਮੰਗ ਕੀਤੀ ਹੈ ਕਿ ਭਾਈ ਕਾਉਂਕੇ ਮਾਮਲੇ ਵਿੱਚ ਲਾਪ੍ਰਵਾਹੀ ਦੇ ਦੋਸ਼ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਗਏ ਪੰਥ ਰਤਨ, ਫਖਰ ਏ ਕੌਮ ਸਮੇਤ ਸਾਰੇ ਸਨਮਾਨ ਵਾਪਸ ਲਏ ਜਾਣ- ਅਤੇ
* ਉਪ ਮੁੱਖ ਮੰਤਰੀ, ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਸਮੇਂ ਦੇ ਦੋਸ਼ੀ ਹੋਰ ਨੇਤਾਵਾਂ, ਸਿਵਲ, ਪੁਲਿਸ ਅਧਿਕਾਰੀਆਂ ਨੂੰ ਸਖਤ ਸਜਾਵਾਂ ਦਿਵਾਈਆਂ ਜਾਣ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਖ ਵਖ ਪੰਥਕ ਜਥੇਬੰਦੀਆਂ ਦੇ ਆਗੂਆ ਨਾਲ ਜਥੇਦਾਰ ਨੂੰ ਮੰਗ ਪੱਤਰ ਦੇਣ ਆਏ ਭਾਈ ਰੋਡੇ ਨੇ ਕਿਹਾ ਕਿ ਭਾਈ ਕਾਉਂਕੇ ਨੂੰ ਸ਼ਹੀਦ ਕਰਨ ਵਾਲੇ, ਭਗੌੜਾ ਕਰਾਰ ਦੇਣ ਵਾਲੇ ਅਤੇ ਉਨ੍ਹਾਂ ਸਬੰਧੀ ਤਿਵਾੜੀ ਕਮਿਸ਼ਨ ਦੀ ਰਿਪੋਰਟ 30 ਸਾਲਾਂ ਤੱਕ ਦਬਾਅ ਕੇ ਰੱਖਣ ਵਾਲੇ, ਸਰਕਾਰਾਂ ਚਲਾਉਣ ਵਾਲੇ ਨੇਤਾਵਾਂ ਅਤੇ ਅਧਿਕਾਰੀਆਂ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।ਉਨਾਂ ਭਾਈ ਕਾਉਂਕੇ ਦੀ ਸ਼ਹੀਦੀ ਦੇ ਸਮੁੱਚੇ ਮਾਮਲੇ ਦੀ ਡੂੰਘੀ ਜਾਂਚ ਕਰਨ ਦੀ ਮੰਗ ਵੀ ਕੀਤੀ ।ਜਥੇਦਾਰ ਦੀ ਗੈਰ ਹਾਜਰੀ ਵਿਚ ਇਹ ਮੰਗ ਪੱਤਰ ਜਥੇਦਾਰ ਦੇ ਨਿਜੀ ਸਹਾਇਕ ਜ਼ਸਪਾਲ ਸਿੰਘ ਨੇ ਪ੍ਰਾਪਤ ਕੀਤਾ। ਮੰਗ ਪੱਤਰ ਦੇਣ ਦੌਰਾਨ ਭਾਈ ਰੋਡੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬ ਤੋਂ ਮੰਗ ਕਰਦੇ ਹਾਂ ਕਿ ਭਾਈ ਕਾਉਂਕੇ ਨੂੰ ਸ਼ਹੀਦ ਕਰਨ ਵਾਲੇ ਪੁਲਸ ਅਧਿਕਾਰੀਆਂ, ਮੁਲਾਜ਼ਮਾਂ ਨੂੰ ਸਖਤ ਸਜਾਵਾਂ ਦਿਵਾਉਣ ਦੇ ਨਾਲ ਨਾਲ, ਉਨ੍ਹਾਂ ਨੂੰ ਸ਼ਹੀਦ ਕਰਨ, ਭਗੌੜਾ ਕਰਾਰ ਦੇਣ ਮਾਮਲੇ ਵਿੱਚ ਤਿਆਰ ਕੀਤੀ ਗਈ ਤਿਵਾੜੀ ਕਮਿਸ਼ਨ ਦੀ ਰਿਪੋਰਟ 30 ਸਾਲਾਂ ਤੱਕ ਦਬਾਅ ਕੇ ਰੱਖਣ ਵਾਲੀਆਂ ਵੱਖ-ਵੱਖ ਸਰਕਾਰਾਂ, ਜਿਸ ਦੌਰਾਨ 15 ਸਾਲ ਅਕਾਲੀ ਦਲ ਬਾਦਲ ਦੀ ਸਰਕਾਰ ਰਹੀ, ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਦੋਸ਼ੀ ਉਸ ਸਮੇਂ ਦੇ ਮੰਤਰੀਆਂ, ਅਧਿਕਾਰੀਆਂ ਆਦਿ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ। ਸਿੰਘ ਸਾਹਿਬ ਨੇ ਕਿਹਾ ਕਿ ਸ ਪ੍ਰਕਾਸ਼ ਸਿੰਘ ਬਾਦਲ ਅਕਾਲ ਚਲਾਣਾ ਕਰ ਗਏ ਹਨ, ਉਨ੍ਹਾਂ ਨੂੰ ਕੋਈ ਸਜਾ ਤਾਂ ਨਹੀਂਂ ਦਿੱਤੀ ਜਾ ਸਕਦੀ, ਪਰ ਉਨ੍ਹਾਂ ਦੇ ਵੱਡੇ ਅਪਰਾਧਾਂ ਨੂੰ ਸਿੱਖ ਕੌਮ ਮਾਫ ਵੀ ਨਹੀਂ ਕਰ ਸਕਦੀ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਪੰਥ ਰਤਨ, ਫਖਰ-ਏ-ਕੌਮ ਸਮੇਤ ਹੋਰ ਸਾਰੇ ਦਿੱਤੇ ਗਏ ਪੰਥਕ ਸਨਮਾਨ ਵਾਪਸ ਲਏ ਜਾਣ।
ਉਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਗਿਆਨੀ ਰਘਬੀਰ ਸਿੰਘ ਬਿਨਾਂ ਕਿਸੇ ਸਿਆਸੀ ਦਬਾਅ ਵਿੱਚ ਆਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਇਸ ਅਸਥਾਨ ਨੂੰ ਬਖਸ਼ੀ ਹੋਈ ਤਾਕਤ ਦੇ ਪ੍ਰਭਾਵ ਵਿੱਚ ਸਾਡੀਆਂ ਮੰਗਾਂ ਉੱਪਰ ਢੁੱਕਵੀਂ ਕਾਰਵਾਈ ਕਰਨਗੇ। ਸਿੰਘ ਸਹਿਬ ਨੇ ਇਹ ਵੀ ਦੱਸਿਆ ਕਿ ਭਾਈ ਕਾਉਂਕੇ ਨੂੰ ਸ਼ਹੀਦ ਕਰਨ, ਭਗੌੜਾ ਕਰਾਰ ਦੇਣ ਅਤੇ ਸਾਹਮਣੇ ਆਈ ਜਾਂਚ ਰਿਪੋਰਟ ਉੱਪਰ ਵਿਚਾਰ ਕਰਨ ਲਈ ਸਮੂਹ ਪੰਥਕ ਜਥੇਬੰਦੀਆਂ ਦੀ 9 ਜਨਵਰੀ ਮੰਗਲਵਾਰ ਨੂੰ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਸਿੱਖ ਪੰਥ ਦੇ ਉਹ ਸਾਰੇ ਬੁੱਧੀਜੀਵੀ ਅਤੇ ਪੰਥਕ ਨੇਤਾ ਬੁਲਾਏ ਜਾਣਗੇ, ਜਿਨ੍ਹਾਂ ਨੇ ਸਿੱਖ ਸੰਘਰਸ਼ ਦੀ ਖਾਤਰ ਆਪਣੇ ਉੱਚੇ ਸਰਕਾਰੀ ਅਹੁਦਿਆਂ ਨੂੰ ਛੱਡ ਦਿੱਤਾ ਸੀ। ਇਸ ਮੀਟਿੰਗ ਵਿੱਚ ਵਿਚਾਰ ਚਰਚਾ ਕਰਕੇ ਇਨ੍ਹਾਂ ਬੁੱਧੀਜੀਵੀਆਂ ਅਤੇ ਸਿੱਖ ਕੌਮ ਦੇ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਪ੍ਰਮੁੱਖ ਵਕੀਲਾਂ ਨੂੰ ਨਾਲ ਲੈ ਕੇ ਗਿਆਨੀ ਰਘਬੀਰ ਸਿੰਘ ਨਾਲ ਮੁੜ ਮੁਲਾਕਾਤ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਮੰਗ ਕਰਦਿਆਂ ਸਮੁੱਚੀ ਪੰਥਕ ਸ਼ਕਤੀ ਨੂੰ ਲਾਮਬੰਦ ਕਰਾਂਗੇ। ਉਨਾਂ ਕਿਹਾ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ 25 ਦਸੰਬਰ 1992 ਨੂੰ ਉਨ੍ਹਾਂ ਦੀ ਗ੍ਰਿਫਤਾਰੀ ਸਮੇਂ ਸ ਤੇਜਵੰਤ ਸਿੰਘ ਗਰੇਵਾਲ ਅਤੇ ਜਥੇਦਾਰ ਸੁਰਜਨ ਸਿੰਘ ਠੇਕੇਦਾਰ ਦੇ ਕਹਿਣ ਤੇ ਸ ਪ੍ਰਕਾਸ਼ ਸਿੰਘ ਬਾਦਲ ਨੇ ਐੱਸ ਐੱਸ ਪੀ ਨੂੰ ਟੈਲੀਫੋਨ ਕਰਕੇ ਇਤਰਾਜ ਜਿਤਾਉਂਦਿਆਂ ਕਿਹਾ ਸੀ ਜਥੇਦਾਰ ਕਾਉਂਕੇ ਉੱਪਰ ਤਸ਼ੱਦਦ ਨਾ ਕੀਤਾ ਜਾਵੇ ਅਤੇ ਇਸਨੂੰ ਘਰ ਤੋਂ ਲਿਆਂਦਾ ਲੰਗਰ ਦਿੱਤਾ ਜਾਵੇ। ਇਸਦੀ ਪ੍ਰਵਾਹ ਨਾ ਕਰਦਿਆਂ ਪੁਲਿਸ ਅਧਿਕਾਰੀਆਂ ਨੇ 1 ਜਨਵਰੀ 1993 ਨੂੰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਕਤਲ ਕਰਕੇ ਟੋਟੇ- ਟੋਟੇ ਕਰਕੇ ਦਰਿਆ ਵਿੱਚ ਸੁੱਟ ਦਿੱਤਾ। ਇਸੇ ਤਰ੍ਹਾਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਅਗਵਾਈ ਵਿੱਚ ਉਸਦੀ ਟੀਮ ਵੱਲੋਂ ਪੁਲਿਸ ਦੁਆਰਾ ਅਣਪਛਾਤਿਆ ਅਤੇ ਲਾਵਾਰਿਸ ਕਹਿ ਕੇ ਸਸਕਾਰ ਕੀਤੇ ਗਏ ਹਜ਼ਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਦਾ ਨਾਮ, ਪਤਾ ਅਤੇ ਵੇਰਵਿਆਂ ਸਹਿਤ ਇਕੱਤਰ ਕਰਕੇ ਸਰਕਾਰ ਨੂੰ ਦਿੱਤੇ ਗਏ। 1995 ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਵੱਲੋਂ ਦਿਨ ਦਿਹਾੜੇ ਚੁੱਕ ਕੇ ਜ਼ਬਰ ਜ਼ੁਲਮ ਕਰਕੇ ਸ਼ਹੀਦ ਕਰ ਦਿੱਤਾ ਗਿਆ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਿੱਖਾਂ ਨਾਲ ਵਾਪਰਿਆ।ਭਾਈ ਰੋਡੇ ਨੇ ਕਿਹਾ ਕਿ 1997 ਵਿੱਚ ਸ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ੋਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਪੜਤਾਲ ਕਰਵਾਈ ਜਾਵੇਗੀ। ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਥਕ ਨੁਮਾਇੰਦਿਆਂ ਨੇ ਸ ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਕਰਕੇ ਅਤੇ ਜਥੇਦਾਰ ਕਾਉਂਕੇ ਦੇ ਕਤਲ ਦੀ ਪੜਤਾਲ ਏ ਡੀ ਜੀ ਪੀ, ਬੀ ਪੀ ਤਿਵਾੜੀ ਤੋਂ ਕਰਵਾਉਣ ਦੀ ਮੰਗ ਕੀਤੀ, ਜਿਸ ਨੂੰ ਸ ਬਾਦਲ ਨੇ ਪ੍ਰਵਾਨ ਕਰਕੇ ਸ੍ਰੀ ਤਿਵਾੜੀ ਵੱਲੋਂ ਪੜਤਾਲ ਕਰਵਾਉਣ ਲਈ ਇੱਕ ਮੈਂਬਰੀ ਕਮਿਸ਼ਨ ਦੀ ਨਿਯੁਕਤੀ ਕੀਤੀ। ਪੰਥਕ ਨੁਮਾਇੰਦੇ ਕਈ ਵਾਰ ਸ ਬਾਦਲ ਨੂੰ ਇਸ ਰਿਪੋਰਟ ੋਤੇ ਕਾਰਵਾਈ ਲਈ ਮਿਲਦੇ ਰਹੇ ਅਤੇ ਉਹ ਹਮੇਸ਼ਾ ਟਾਲਾ ਲਾਉਂਦੇ ਰਹੇ। ਇਸ ਰਿਪੋਰਟ ਵਿੱਚ ਤੱਥਾਂ ਅਤੇ ਸਬੂਤਾਂ ਸਹਿਤ ਸਾਰੇ ਦੋਸ਼ੀ ਪੁਲਿਸ ਅਫਸਰਾਂ ਦੇ ਜਿਨ੍ਹਾਂ ਨੇ ਸਿੰਘ ਸਹਿਬ ਉੱਪਰ ਅਣਮਨੁੱਖੀ ਤਸ਼ੱਦਦ ਕਰਕੇ ਸ਼ਹੀਦ ਕੀਤਾ ਦੇ ਨਾਮ ਹਨ। ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਨੇ ਰਿਪੋਰਟ ਉੱਪਰ ਕਾਰਵਾਈ ਕਰਨ ਦੀ ਥਾਂ ਰਿਪੋਰਟ ਨੂੰ ਦਬਾਅ ਕੇ ਰੱਖਿਆ ਸਗੋਂ ਇਸ ਦੇ ਉਲਟ ਰਿਪੋਰਟ ਵਿੱਚ ਦਰਜ ਪੁਲਿਸ ਅਫਸਰਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਨਿਯੁਕਤੀਆਂ, ਤਰੱਕੀਆਂ ਅਤੇ ਵੱਡੇ ਅਹੁਦੇ ਦੇ ਕੇ ਸਨਮਾਨਿਤ ਕੀਤਾ।ਇਹ ਸਮੁੱਚੀ ਕੌਮ ਨਾਲ ਵੱਡਾ ਧਰੋਹ ਹੈ ਜਿਸ ਨਾਲ ਕੌਮ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਸ ਸਮੇਂ ਸੂਬੇ ਦੇ ਉੱਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਰਹੇ ਸ ਸੁਖਬੀਰ ਸਿੰਘ ਬਾਦਲ ਉੱਪਰ ਵੀ ਢੁੱਕਦੀ ਕਾਰਵਾਈ ਕਰਦਿਆਂ ਪੰਥਕ ਰਵਾਇਤਾਂ ਅਨੁਸਾਰ ਸਜ਼ਾ ਦਿੱਤੀ ਜਾਵੇ ਕਿਉਂਕਿ ਗ੍ਰਹਿ ਮੰਤਰੀ ਹੁੰਦੇ ਹੋਏ ਇਹ ਵੀ ਆਪਣੀ ਸਰਕਾਰ ਦੌਰਾਨ ਸ੍ਰੀ ਤਿਵਾੜੀ ਵੱਲੋਂ ਤਿਆਰ ਕੀਤੀ ਰਿਪੋਰਟ ਨੂੰ ਲਾਗੂ ਕਰਨ ਦੀ ਥਾਂ ਦਬਾਅ ਕੇ ਰੱਖਣ ਲਈ ਜ਼ਿੰਮੇਵਾਰ ਹੈ। ਇਸ ਮੌਕੇ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ, ਦਮਦਮੀ ਟਕਸਾਲ ਦੇ ਭਾਈ ਮੋਹਕਮ ਸਿੰਘ, ਯੂਨਾਈਟਿਡ ਅਕਾਲੀ ਦਲ ਦੇ ਚੇਅਰਮੈਨ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਵੱਸਣ ਸਿੰਘ ਜਫਰਵਾਲ, ਸੰਤ ਬਾਬਾ ਚਰਨਜੀਤ ਸਿੰਘ ਜਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਸ਼ਹੀਦਾਂ, ਭਾਈ ਸੱਜਣ ਸਿੰਘ ਮੁੱਖ ਸਲਾਹਕਾਰ ਇੰਟਰਨੈਸ਼ਨਲ ਪੰਥਕ ਦਲ, ਬਾਬਾ ਸਤਨਾਮ ਸਿੰਘ ਵਲੀਆ, ਮੁਖੀ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ, ਸੰਤ ਬਾਬਾ ਜਤਿੰਦਰ ਸਿੰਘ ਗੋਬਿੰਦ ਬਾਗ ਬਟਾਲਾ, ਭਾਈ ਸੁਖਜਿੰਦਰ ਸਿੰਘ, ਤਜਿੰਦਰ ਸਿੰਘ ਪਨੂੰ, ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ, ਗੁਰਭੇਜ ਸਿੰਘ, ਤਰਨਤਾਰਨ, ਰਜਿੰਦਰ ਸਿੰਘ ਰਾਜਾ, ਪਿੱਪਲ ਸਿੰਘ ਫਿਰੋਜ਼ਪੁਰ, ਭਾਈ ਕਾਰਜ ਸਿੰਘ, ਭਾਈ ਨਵਦੀਪ ਸਿੰਘ, ਭਾਈ ਈਸ਼ਰ ਸਿੰਘ ਅਮਿੰ੍ਰਤਸਰ, ਭਾਈ ਸਿਮਰਤਪਾਲ ਸਿੰਘ, ਭਾਈ ਜਸਵਿੰਦਰ ਸਿੰਘ, ਮਿਸਲ ਬਾਬਾ ਨਿਧਾਨ ਸਿੰਘ ਪੰਜ ਹੱ੍ਯਥਾ ਜਥੇ ਦੇ ਭਾਈ ਪੰਜਾਬ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਭਾਈ ਸਤਨਾਮ ਸਿੰਘ ਮਨਾਵਾਂ ਆਦਿ ਹਾਜਰ ਸਨ।