ਲੁਧਿਆਣਾ – ਮਿਸ ਵਰਲਡ 2021 ਮੁਕਾਬਲੇ ’ਚ ਅਮਰੀਕਾ ਦੀ ਨੁਮਾਇੰਦਗੀ ਕਰ ਰਹੀ ਸ੍ਰੀ ਸੈਣੀ ਦਾ ਭਾਰਤ ਨਾਲ ਖ਼ਾਸ ਰਿਸ਼ਤਾ ਹੈ। ਸ੍ਰੀ ਸੈਣੀ ਪਹਿਲੀ ਇੰਡੀਅਨ ਅਮਰੀਕਨ ਹੈ, ਜਿਸ ਨੇ ਮਿਸ ਵਰਲਡ ਅਮਰੀਕਾ 2021 ਦਾ ਖ਼ਿਤਾਬ ਜਿੱਤਿਆ ਸੀ। ਇਸੇ ਕਾਰਨ ਉਹ ਪਿਊਰਟੋ ਰਿਕੋ ’ਚ 16 ਦਸੰਬਰ ਨੂੰ ਹੋ ਰਹੀ ਮਿਸ ਵਰਲਡ 2021 ਮੁਕਾਬਲੇ ’ਚ ਅਮਰੀਕਾ ਦਾ ਨੁਮਾਇੰਦਗੀ ਕਰਨ ਵਾਲੀ ਪਹਿਲੀ ਭਾਰਤੀ ਅਮਰੀਕੀ ਬਣ ਗਈ ਹੈ। ਭਾਰਤ ਵੱਲੌਂ ਇਸ ’ਚ ਮਨਸਾ ਵਾਰਾਣਸੀ ਹਿੱਸਾ ਲੈ ਰਹੀ ਹੈ। ਦਰਅਸਲ, ਸ੍ਰੀ ਸੈਣੀ ਦਾ ਜਨਮ 6 ਜਨਵਰੀ 1996 ਨੂੰ ਪੰਜਾਬ ਦੇ ਲੁਧਿਆਣਾ ’ਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਏਕਤਾ ਅਤੇ ਸੰਜੇ ਸੈਣੀ ਪੰਜਾਬ ਤੋਂ ਆ ਕੇ ਅਮਰੀਕਾ ’ਓ ਵਸੇ ਹਨ। ਸ੍ਰੀ ਸੈਣੀ 5 ਸਾਲ ਦੀ ਉਮਰ ਤੋਂ ਅਮਰੀਕਾ ’ਚ ਰਹੀ ਹੈ। ਉਸ ਦੇ ਨਾਨਕੇ ਅਬੋਹਰ ਹਨ। ਇੱਥੇ ਉਨ੍ਹਾਂ ਦੇ ਨਾਨਾ-ਨਾਨੀ ਟੀਆਰ ਸਚਦੇਵਾ ਅਤੇ ਵਿਜੈ ਲਕਸ਼ਮੀ ਰਹਿੰਦੇ ਹਨ। ਸ੍ਰੀ ਸੈਣੀ ਉਨ੍ਹਾਂ ਨੂੰ ਮਿਲਣ ਅਕਸਰ ਭਾਰਤ ਆਉਂਦੀ ਰਹਿੰਦੀ ਹੈ।25 ਸਾਲਾ ਸ੍ਰੀ ਸੈਣੀ ਵਾਸ਼ਿੰਗਟਨ ਯੂਨੀਵਰਸਿਟੀ ਦੀ ਵਿਦਿਆਰਥਣ ਰਹੀ ਹੈ। ਇਸ ਤੋਂ ਪਹਿਲਾਂ ਸੰਲ 2018 ’ਚ ਉਸ ਨੇ ਮਿਸ ਇੰਡੀਆ ਵਰਲਡਵਾਈਡ ਦਾ ਖ਼ਿਤਾਬ ਵੀ ਜਿੱਤਿਆ ਸੀ। ਸੰਨ 2020 ’ਚ ਉਹ ਮਿਸ ਵਾਸ਼ਿੰਗਟਨ ਵਰਲਡ ਦਾ ਟਾਈਟਲ ਜਿੱਤ ਚੁੱਕੀ ੲੈ। ਜ਼ਿਕਰਯੋਗ ਹੈ ਕਿ ਭਾਰਤੀ ਸੁੰਦਰੀਆਂ ਸੁੰਦਰਤਾ ਮੁਕਾਬਲਿਆਂ ’ਚ ਅਕਸਰ ਛਾਈਆਂ ਰਹਿੰਦੀਆਂ ਹਨ। ਹਾਲ ਵਿੱਚ 12 ਦਸੰਬਰ ਨੂੰ ਇਜ਼ਰਾਈਲ ’ਚ ਹੋਈ ਮਿਸ ਯੂਨੀਵਰਸ ਮੁਕਬਲੇ ਦਾ ਖ਼ਿਤਾਬ ਵੀ ਭਾਰਤ (ਪੰਜਾਬ) ਦੀ ਹੀ ਹਰਨਾਜ਼ ਕੌਰ ਸੰਧੂ ਨੇ ਜਿੱਤਿਆ ਹੈ।ਸੰਨ 2021 ’ਚ ਮਿਸ ਵਰਲਡ ਅਮਰੀਕਾ ਚੁਣੇ ਜਾਣ ਤੋਂ ਪਹਿਲਾਂ ਉਸ ਨੇ ਜੀਵਨ ’ਚ ਕਈ ਉਤਾਰ-ਚੜ੍ਹਾਅ ਦੇਖੇ ਹਨ। ਬਚਪਨ ’ਚ ਉਸ ਦੀ ਧੜਕਣ ਦੀ ਰਫ਼ਤਾਰ ਬਹੁਤ ਘੱਟ ਸਿਰਫ਼ 20 ਬੀਟਸ ਪ੍ਰਤੀ ਮਿੰਟ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਉਹ ਕਦੇ ਡਾਂਸ ਨਹੀਂ ਕਰ ਸਕਦੀ ਪਰ ਉਸ ਨੇ ਅਭਿਆਸ ਨਾਲ ਇਸ ਕਮਜ਼ੋਰੀ ’ਤੇ ਜਿੱਤ ਪਾਈ। ਇਸ ਤੋਂ ਬਾਅਦ ਇਕ ਕਾਰ ਹਾਦਸੇ ’ਚ ਉਸ ਦਾ ਚਿਹਰਾ ਝੁਲਸ ਗਿਆ ਸੀ। ਉਦੋਂ ਉਸ ਨੂੰ ਕਿਹਾ ਗਿਆ ਸੀ ਕਿ ਉਸ ਨੂੰ ਰਿਕਵਰੀ ’ਚ ਇਕ ਸਾਲ ਲੱਗ ਜਾਵੇਗਾ। ਬਾਵਜੂਦ ਇਸਦੇ ਹਿੰਮਦ ਨਾ ਹਾਰਦੇ ਹੋਏ ਸ੍ਰੀ ਸੈਣੀ ਨੇ ਦੋ ਹਫ਼ਤਿਆਂ ਬਾਅਦ ਹੀ ਆਪਣੀਆਂ ਕਲਾਸਾਂ ਅਟੈਂਡ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।