ਇਧਰ ਮੁਗਲ ਹਕੂਮਤ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ, ਜਿਸਤਰ੍ਹਾਂ ਅਸਹਿ ਅਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਉਸਦਾ ਉਦੇਸ਼ ਮੁੱਖ ਰੂਪ ਵਿੱਚ ਇਹ ਹੀ ਸੀ ਕਿ ਸਿੱਖਾਂ ਦੇ ਦਿਲ ਵਿੱਚ, ਅਜਿਹਾ ਡਰ ਅਤੇ ਸਹਿਮ ਪੈਦਾ ਕਰ ਜਾਏ ਕਿ ਉਹ ਮੁੜ ਮੁਗ਼ਲ ਹਕੂਮਤ ਦੇ ਜ਼ੁਲਮਾਂ ਨੂੰ ਚੁਨੌਤੀ ਦੇਣ ਦਾ ਹੀਆ ਨਾ ਕਰ ਸਕਣ ਅਤੇ ਉਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾ ਜਾਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਪਾਸ ਕੋਈ ਵੀ ਅਜਿਹਾ ਆਗੂ ਨਹੀਂ ਸੀ ਰਹਿ ਗਿਆ ਹੋਇਆ ਜੋ ਉਨ੍ਹਾਂ ਨੂੰ ਇਨ੍ਹਾਂ ਹਾਲਾਤ ਵਿਚੋਂ ਉਭਰਨ ਲਈ ਸੁਚਜੀ ਅਗਵਾਈ ਦੇ ਸਕਦਾ।
ਇਨ੍ਹਾਂ ਹਾਲਾਤ ਦਾ ਫਾਇਦਾ ਉਠਾਣ ਲਈ ਮੁਗਲ ਹਕੂਮਤ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਣ ਲਈ ਉਨ੍ਹਾਂ ਵਿਰੁਧ ਸ਼ਿਕਾਰ ਮੁਹਿੰਮ ਛੇੜ ਦਿੱਤੀ, ਜਿਸਦਾ ਉਦੇਸ਼ ਇਹ ਸੀ ਕਿ ਜੇ ਕਿਧਰੇ ਲੁਕਿਆ-ਛਿਪਿਆ ਅਤੇ ਹਕੂਮਤ ਦੀਆਂ ਨਜ਼ਰਾਂ ਤੋਂ ਬਚਿਆ ਕੋਈ ਸਿੱਖ ਬਾਕੀ ਰਹਿ ਗਿਆ ਹੈ ਤਾਂ ਉਸਨੂੰ ਵੀ ਖ਼ਤਮ ਕਰ ਦਿੱਤਾ ਜਾਏ।
ਅਜਿਹੇ ਸੰਕਟ-ਪੂਰਣ ਹਾਲਾਤ ਵਿੱਚ ਨੇਤਾ-ਹੀਨ ਹੋਏ ਸਿੱਖ ਆਪਣੀ ਹੋਂਦ ਨੂੰ ਕਾਇਮ ਰੱਖਣ ਅਤੇ ਆਪਣੇ ਆਦਰਸ਼ਾਂ ਦੀ ਰਖਿਆ ਲਈ ਜੰਗਲਾਂ ਬੇਲਿਆਂ ਵਿੱਚ ਸਿਰ ਛੁਪਾਈ ਫਿਰਦਿਆਂ ਰਹਿਣ ਤੇ ਮਜਬੂਰ ਹੋ ਗਏ। ਉਨ੍ਹਾਂ ਲਈ ‘ਰਾਤ ਤੁਰੇ ਦਿਨ ਰਹੈਂ ਲੁਕਾਇ। ਕਈਅਨ ਲੀਨੇ ਕੁਭੇਨ (ਟੋਏ) ਬਨਾਇ। ਕਈ ਰਹੈਂ ਘਰ ਤੀਜੇ ਥਾਇ। ਕਈ ਰਹੈਂ ਦੇਸਹਿ ਜਾਇ’, ਵਾਲੇ ਹਾਲਾਤ ਬਣ ਗਏ ਹੋਏ ਸਨ।
ਸਿੱਖਾਂ ਨੂੰ ਕੋਈ ਵੀ ਅਜਿਹਾ ਆਗੂ ਵਿਖਾਈ ਨਹੀਂ ਸੀ ਆ ਰਿਹਾ, ਜੋ ਇਸ ਸੰਕਟਾਂ ਭਰੇ ਹਾਲਾਤ ਵਿੱਚ ਉਨ੍ਹਾਂ ਦਾ ਮਾਰਗ ਦਰਸ਼ਨ ਕਰ ਸਕੇ ਅਤੇ ਉਨ੍ਹਾਂ ਨੂੰ ਸੁਚਜੀ ਅਤੇ ਉਸਾਰੂ ਅਗਵਾਈ ਦੇ ਸਕੇ ਤੇ ਉਨ੍ਹਾਂ ਦੀ ਬਾਂਹ ਫੜ ਉਨ੍ਹਾਂ ਦਾ ਹੌਂਸਲਾ ਵਧਾ ਸਕੇ। ਇਨ੍ਹਾਂ ਹਾਲਾਤ ਵਿਚ ਵੀ, ਭਾਵੇਂ ਉਨ੍ਹਾਂ ਨੂੰ ਜਬਰ-ਜ਼ੁਲਮ ਦਾ ਸਾਹਮਣਾ ਕਰਦਿਆਂ ਲੰਮੇਂ ਸਮੇਂ ਤਕ ਇਧਰ-ਉਧਰ ਭਟਕਣਾ ਪਿਆ, ਫਿਰ ਵੀ ਉਨ੍ਹਾਂ ਦੇ ਕਦਮ ਨਹੀਂ ਲੜਖੜਾਏ ਅਤੇ ਨਾ ਹੀ ਜਬਰ-ਜ਼ੁਲਮ ਦਾ ਸਹਾਮਣਾ ਕਰ ਗਰੀਬ-ਮਜ਼ਲੂਮ ਦੀ ਰਖਿਆ ਅਤੇ ਆਪਣੀ ਹੋਂਦ ਕਾਇਮ ਰਖਣ ਦੇ ਉਨ੍ਹਾਂ ਦੇ ਇਰਾਦਿਆਂ ਵਿੱਚ ਕੋਈ ਘਾਟ ਆਈ।
ਇਨ੍ਹਾਂ ਹਾਲਾਤ ਵਿਚੋਂ ਉਭਰਨ ਲਈ ਉਨ੍ਹਾਂ ਨੇ ਅਰੰਭ ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਅਕਾਲ ਤਖਤ ਤੇ ਜੁੜ ਆਪਣੇ ਵਿਚੋਂ ਹੀ ਪੰਜ ਪਿਆਰਿਆਂ
ਅੰਗ੍ਰੇਜ਼ ਇਤਿਹਾਸਕਾਰ ਮੈਲਕਮ ਅਨੁਸਾਰ ਕੋਈ ਗੁਰਮਤਾ ਕਰਨ ਤੋਂ ਪਹਿਲਾਂ ਜਦੋਂ ਖਾਲਸਾ ਅਕਾਲ ਤਖਤ ਪੁਰ ਜੁੜਦਾ ਤਾਂ ਉਹ ਨਿਜੀ ਵਿਚਾਰਾਂ ਨੂੰ ਇੱਕ ਪਾਸੇ ਰਖ ਦਿੰਦਾ। ਹਰ ਕੋਈ ਉਸ ਸਮੇਂ ਹੀ ਇਸ ਸਮਾਗਮ, ਜਿਸਨੂੰ ‘ਸਰਬਤ ਖਾਲਸਾ’ ਕਿਹਾ ਜਾਂਦਾ ਸੀ, ਵਿੱਚ ਹਿਸਾ ਲੈ ਸਕਦਾ, ਜਦੋਂ ਉਹ ਇਹ ਪ੍ਰਣ ਕਰ ਲੈਂਦਾ ਕਿ ਉਸਦਾ ਕਿਸੇ ਨਾਲ ਜ਼ਾਤੀ ਵੈਰ-ਵਿਰੋਧ ਨਹੀਂ। ਪ੍ਰਿਸੀਪਲ ਸਤਿਬੀਰ ਸਿੰਘ ਅਨੁਸਾਰ ਗੁਰਮਤੇ ਆਮ ਤੌਰ ਤੇ ਪੰਜ ਕਾਰਜਾਂ ਲਈ ਕੀਤੇ ਜਾਂਦੇ ਸਨ : ਪੰਥ ਦਾ ਜਥੇਦਾਰ ਚੁਣਨ ਲਈ, ਸਾਂਝੇ ਦੁਸ਼ਮਣ ਨਾਲ ਨਜਿਠਣ ਲਈ, ਇੱਕ-ਦੂਸਰੇ ਨਾਲ ਚਲੇ ਆ ਰਹੇ ਝਗੜੇ ਮੁਕਾਣ ਲਈ, ਦੂਸਰਿਆਂ ਨਾਲ ਆਪਣੇ ਸਬੰਧ ਕਾਇਮ ਕਰਨ ਲਈ ਅਤੇ ਅੰਮ੍ਰਿਤ ਪ੍ਰਚਾਰ ਜਾਂ ਧਰਮ ਪ੍ਰਚਾਰ ਕਰਨ ਲਈ।
ਇਸੇ ਤਰ੍ਹਾਂ ‘ਹਕੀਕਤ-ਏ-ਬਿਨ ਸਿੱਖਾਂ’ ਦੇ ਲੇਖਕ ਅਨੁਸਾਰ ਜੇ ਸਰਬਤ ਖਾਲਸਾ ਵਿੱਚ ਵਿਚਾਰ ਕਰਦਿਆਂ ਕੋਈ ਵਿਵਾਦ ਉਭਰਦਾ ਤਾਂ ਉਸ ਬਾਰੇ ਫੈਸਲਾ ਸਰਬਤ ਖਾਲਸਾ ਦੇ ਜਥੇਦਾਰ ਵਲੋਂ ਆਪਣੇ ਆਪ ਹੀ ਨਹੀਂ ਸੀ ਦਿੱਤਾ ਜਾਂਦਾ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ ਕਰ, ਉਸ ਵਿਵਾਦ ਬਾਰੇ ਖੁਲ੍ਹੀ ਵਿਚਾਰ ਕੀਤੀ ਜਾਂਦੀ, ਜਿਸ ਵਿੱਚ ਹਰ ਸਿੱਖ ਅਜ਼ਾਦੀ ਨਾਲ ਖੁਲ੍ਹ ਕੇ ਆਪਣਾ ਵਿਚਾਰ ਪ੍ਰਗਟ ਕਰਦਾ। ਸਾਰਿਆਂ ਦੇ ਵਿਚਾਰ ਸੁਣਨ ਉਪਰੰਤ ਸਰਬਸੰਮਤੀ ਨਾਲ ਅੰਤਿਮ ਫੈਸਲਾ ਲਿਆ ਜਾਂਦਾ। ਕਈ ਵਰ੍ਹਿਆਂ ਤਕ ਇਹੀ ਸਿਲਸਿਲਾ ਚਲਦਾ ਰਿਹਾ। ਸਮਾਂ ਬੀਤਣ ਦੇ ਨਾਲ-ਨਾਲ ਜਥੇ ਬਣਦੇ ਚਲੇ ਗਏ। ਜਦੋਂ ਇਹ ਜਥੇ ਸਰਬਤ ਖਾਲਸਾ ਵਿੱਚ ਜੁੜਦੇ ਤਾਂ ਇਨ੍ਹਾਂ ਦੀ ਕੋਈ ਸੁਤੰਤਰ ਤੇ ਨਿਜੀ ਹੋਂਦ ਨਹੀਂ ਸੀ ਰਹਿ ਗਈ ਹੁੰਦੀ। ਜਦੋਂ ਸਰਦਾਰ ਕਪੂਰ ਸਿੰਘ ਨੂੰ ਮੁਗਲ ਹਕੂਮਤ ਵਲੋਂ ਮਿਲੀ ਨਵਾਬੀ ਬਖਸ਼ੀ ਗਈ, ਉਸ ਸਮੇਂ ਛੋਟੇ-ਛੋਟੇ ਸਾਰੇ ਜਥਿਆਂ ਨੂੰ ਇੱਕ ਕਰ ਦੋ ਵੱਡੇ ਜਥੇ, ‘ਤਰੁਣਾ ਦਲ’ ਅਤੇ ‘ਬੁੱਢਾ ਦਲ’ ਕਾਇਮ ਕਰ, ਉਨ੍ਹਾਂ ਨੂੰ ਵੰਡ ਦਿੱਤਾ ਗਿਆ। ਇਤਿਹਾਸ ਅਨੁਸਾਰ ਬੁੱਢਾ ਦਲ ਨੇ ਸ੍ਰੀ ਅੰਮ੍ਰਿਤਸਰ ਰਹਿ ਉਥੋਂ ਦੀ ਰਖਿਆ ਕਰਨ ਅਤੇ ਤਰੁਣਾ ਦਲ ਨੇ ਮਲਾਂ ਮਾਰਨ ਦੀ ਜ਼ਿਮੇਂਦਾਰੀ ਸੰਭਾਲੀ। ਤਰੁਣਾ ਦਲ ਨਾਲ ਜੁੜਨ ਵਾਲੇ ਮਰਜੀਵੜੇ ਸਿੱਖਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਸੀ, ਜਿਸਨੂੰ ਵੇਖਦਿਆਂ, ਉਸਦੇ ਪੰਜ ਜਥੇ ਬਣਾ ਦਿੱਤੇ ਗਏ। ਇਨ੍ਹਾਂ ਜਥਿਆਂ ਦੇ ਜਥੇਦਾਰ ਅਤੇ ਮੀਤ ਜਥੇਦਾਰ ਵਜੋਂ ਸਰਦਾਰ ਸ਼ਾਮ ਸਿੰਘ, ਬਾਬਾ ਦੀਪ ਸਿੰਘ, ਸਰਦਾਰ ਕਰਮ ਸਿੰਘ, ਸਰਦਾਰ ਦਾਨ ਸਿੰਘ, ਸਰਦਾਰ ਦਸੌਂਧਾ ਸਿੰਘ ਅਤੇ ਸਰਦਾਰ ਬੀਰ ਸਿੰਘ ਨੂੰ ਥਾਪਿਆ ਗਿਆ। ਫਿਰ ਜਿਉਂ-ਜਿਉਂ ਮਰਜੀਵੜੇ ਸਿੱਖਾਂ ਵਿੱਚ ਜਥਿਆਂ ਨਾਲ ਜੁੜਨ ਦੀ ਗਿਣਤੀ ਵਧਦੀ ਗਈ, ਤਿਉਂ-ਤਿਉਂ ਜਥਿਆਂ ਦੀ ਗਿਣਤੀ ਵੀ ਆਪਣੇ ਆਪ ਹੀ ਵਧਦੀ ਚਲੀ ਗਈ। ਇੱਕ ਸਮਾਂ ਅਜਿਹਾ ਆ ਗਿਆ ਕਿ ਇਨ੍ਹਾਂ ਦੀ ਗਿਣਤੀ ੬੫ ਤਕ ਜਾ ਪੁਜੀ। ਇਤਨੀ ਗਿਣਤੀ ਵਧ ਜਾਣ ਤੇ ਨਵਾਬ ਕਪੂਰ ਸਿੰਘ ਨੇ ਮਹਿਸੂਸ ਕੀਤਾ ਕਿ ਜੇ ਇਸਤਰ੍ਹਾਂ ਜਥਿਆਂ ਦੇ ਵਧਦੇ ਜਾ ਰਹੇ ਰੁਝਾਨ ਨੂੰ ਠਲ੍ਹ ਨਾ ਪਾਈ ਗਈ ਤਾਂ ਇਹ ਰੁਝਾਨ ਪੰਥ ਲਈ ਕਿਸੇ ਸਮੇਂ ਨੁਕਸਾਨਦੇਹ ਵੀ ਸਾਬਤ ਹੋ ਸਕਦਾ ਹੈ। ਇਹ ਸੋਚ ਉਨ੍ਹਾਂ ਸ੍ਰੀ ਅੰਮ੍ਰਿਤਸਰ ਵਿਖੇ ‘ਸਰਬਤ ਖਾਲਸਾ’ ਸਦ ਲਿਆ। ‘ਸਰਬਤ ਖਾਲਸਾ’ ਦੇ ਇਕਠ ਵਿੱਚ ਉਨ੍ਹਾਂ ਨੇ ਸਾਰੇ ਜਥੇਦਾਰਾਂ ਨੂੰ ਆਪੋ-ਆਪਣੇ ਜਥੇ ਤੋੜ ਦੇਣ ਦਾ ਆਦੇਸ਼ ਦਿੱਤਾ, ਜਿਸਨੂੰ ਸਾਰਿਆਂ ਨੇ ਬਿਨਾ ਕਿਸੇ ਕਿੰਤੂ-ਪ੍ਰੰਤੂ ਦੇ ਸਵੀਕਾਰ ਕਰ ਲਿਆ।
ਇਤਿਹਾਸਕ ਮਾਨਤਾ ਅਨੁਸਾਰ ਅਰੰਭ ਵਿੱਚ ਤਾਂ ਇਹ ਸੰਗਠਨ ਜਥਿਆਂ ਵਜੋਂ ਹੀ ਜਾਣਿਆ ਜਾਂਦਾ ਰਿਹਾ। ਬਾਅਦ ਵਿੱਚ ਇਨ੍ਹਾਂ ਦੇ ਨਾਵਾਂ ਨਾਲ ਮਿਸਲ ਸ਼ਬਦ ਜੁੜਦਾ ਗਿਆ ‘ਤੇ ਇਹ ਜਥੇ ਮਿਸਲਾਂ ਦੇ ਨਾਂ ਨਾਲ ਜਾਣੇ ਜਾਣ ਲਗੇ। ‘ਮਿਸਲ’ ਸ਼ਬਦ ਦੀ ਵਿਆਖਿਆ ਇਤਿਹਾਸਕਾਰਾਂ ਨੇ ਵੱਖ-ਵੱਖ ਰੂਪਾਂ ਵਿੱਚ ਕੀਤੀ ਹੈ। ਜਿਥੇ ਅਖਤਰ ਲੋਨੀ ਨੇ ਮਿਸਲ ਦਾ ਮਤਲਬ ਕਬੀਲਾ ਜਾਂ ਨਸਲ ਲਿਆ ਹੈ, ਉਥੇ ਹੀ ਮੈਕਰੇਗਰ ਨੇ ਇਸਨੂੰ ‘ਏ ਫਰੈਂਡਲੀ ਨੇਸ਼ਨ’ ਅਰਥਾਤ ‘ਅਪਣਤ ਦੇ ਧਾਰਨੀ’ ਵਜੋਂ ਵਿਆਖਿਆ। ਪ੍ਰਿੰਸਪ ਨੇ ਮਿਸਲ ਨੂੰ ‘ਇਕੋ ਜਿਹੇ ਲੋਕ’ ਵਜੋਂ ਬਿਆਨਿਆ, ਕਨਿੰਘਮ ਅਨੁਸਾਰ ਮਿਸਲ ਦਾ ਮਤਲਬ ‘ਹਥਿਆਰਬੰਦ ਲੋਕ’ ਹੈ। ਪ੍ਰਿੰਸੀਪਲ ਸਤਿਬੀਰ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਅੰਮ੍ਰਿਤਸਰ ਵਿੱਖੇ ਹਰ ਜਥੇ ਦੀ ਕਰਗੁਜ਼ਾਰੀ ਦਾ ਰਿਕਾਰਡ ਰਖਣ ਲਈ ਵੱਖ-ਵੱਖ ‘ਫਾਈਲ’ ਹੁੰਦੀ ਸੀ, ਇਸ ਫਾਈਲ ਨੂੰ ਮਿਸਲ ਕਹੇ ਜਾਣ ਕਾਰਣ ਹੀ ਜਥੇ ਨੂੰ ਮਿਸਲ ਕਿਹਾ ਜਾਣ ਲਗਾ ਸੀ। ਇਸ ਮਿਸਲ ਅਰਥਾਤ ਫਾਈਲ ਵਿੱਚ ਜਥੇ ਦੇ ਜਥੇਦਾਰ ਅਤੇ ਹਰ ਸਿਪਾਹੀ ਦੀ ਕਾਰਗੁਜ਼ਾਰੀ ਦਾ ਰਿਕਾਰਡ ਦਰਜ ਕੀਤਾ ਜਾਂਦਾ ਸੀ। ਜਥਾਦਰ ਜਾਂ ਸਿਪਾਹੀ ਜੋ ਕੁਝ ਵੀ ਲਿਆਉਂਦਾ, ਉਹ ਇਹੀ ਆਖਦਾ ਕਿ ‘ਮੇਰਾ ਹਿਸਾਬ ਮੇਰੀ ਮਿਸਲ ਵਿੱਚ ਦਰਜ ਕਰ ਦਿਉ’। ਇਸਤਰ੍ਹਾਂ ਉਸਦਾ ਹਿਸਾਬ ਉਸਦੇ ਜਥੇ ਦੀ ਫਾਈਲ ਵਿੱਚ ਦਰਜ ਹੋ ਜਾਂਦਾ। ਸ਼ਾਇਦ ਇਸਤਰ੍ਹਾਂ ਹੀ ਸਹਿਜੇ-ਸਹਿਜੇ ਜਥੇ ਦਾ ਨਾਂ ਮਿਸਲ ਵਜੋਂ ਪ੍ਰਚਲਤ ਹੋ ਗਿਆ।