ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਫ਼ੈਸਲਾ, ਚੋਣ ਲੜਨ ਵਾਲੀਆਂ 22 ਕਿਸਾਨ ਜਥੇਬੰਦੀਆਂ ਨਾਲੋਂ ਤੋੜਿਆ ਨਾਤਾ

ਚੰਡੀਗੜ੍ਹ – ਅੰਦੋਲਨ ਮੁਲਤਵੀ ਕਰਨ ਦੇ 38 ਦਿਨਾਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ’ਤੇ ਵਾਅਦਾ-ਖ਼ਿਲਾਫ਼ੀ ਦਾ ਦੋਸ਼ ਲਾਉਂਦੇ ਹੋਏ ਨਵੇਂ ਤਰੀਕੇ ਨਾਲ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸ਼ਨਿਚਰਵਾਰ ਨੂੰ ਕੁੰਡਲੀ ਬਾਰਡਰ ’ਤੇ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ’ਚ ਤੈਅ ਕੀਤਾ ਗਿਆ ਕਿ 31 ਜਨਵਰੀ ਨੂੰ ਵਾਅਦਾ-ਖ਼ਿਲਾਫ਼ੀ ਦਿਵਸ ਮਨਾਉਂਦੇ ਹੋਏ ਸਾਰੇ ਜ਼ਿਲ੍ਹਾ ਤੇ ਤਹਿਸੀਲ ਹੈੱਡਕੁਆਰਟਰਾਂ ’ਤੇ ਧਰਨੇ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਬਾਅਦ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਇਕ ਫਰਵਰੀ ਤੋਂ ਅੰਦੋਲਨ ਤੇਜ਼ ਕਰਦੇ ਹੋਏ ਮਿਸ਼ਨ ਯੂਪੀ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਚੋਣ ਲਡ਼ਨ ਵਾਲੀਆਂ ਜਥੇਬੰਦੀਆਂ ਤੋਂ ਸੰਯੁਕਤ ਕਿਸਾਨ ਮੋਰਚਾ ਕੋਈ ਰਿਸ਼ਤਾ ਨਹੀਂ ਰੱਖੇਗਾ। ਕੁੰਡਲੀ ’ਚ ਸੰਯੁਕਤ ਕਿਸਾਨ ਮੋਰਚੇ ਦੇ ਦਫ਼ਤਰ ’ਚ ਮੋਰਚਾ ਦੇ ਮੁਖੀ ਡਾ. ਦਰਸ਼ਨਪਾਲ ਦੀ ਅਗਵਾਈ ’ਚ ਹੋਈ ਬੈਠਕ ’ਚ ਰਾਕੇਸ਼ ਟਿਕੈਤ, ਜਗਜੀਤ ਡੱਲੇਵਾਲ, ਯੋਗੇਂਦਰ ਯਾਦਵ, ਸ਼ਿਵਕੁਮਾਰ ਕੱਕਾ, ਗੁਰਨਾਮ ਚਡ਼ੂਨੀ, ਮੇਧਾ ਪਾਟਕਰ, ਬਲਦੇਵ ਸਿੰਘ ਸਿਰਸਾ, ਯੁੱਧਵੀਰ ਸਿੰਘ ਨੈਨ, ਜੋਗਿੰਦਰ ਸਿੰਘ ਉਗਰਾਹਾਂ ਆਦਿ ਮੌਜੂਦ ਰਹੇ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਕਾਨੂੰਨ ਬਣਾਉਣ ਲਈ ਸਰਕਾਰ ਵੱਲੋਂ ਤਜਵੀਜ਼ਸ਼ੁਦਾ ਕਮੇਟੀ ਨੂੰ ਲੈ ਕੇ ਹੁਣ ਤਕ ਕੋਈ ਠੋਸ ਕਾਰਵਾਈ ਨਹੀਂ ਹੋਈ। ਕਿਸਾਨਾਂ ’ਤੇ ਦਰਜ ਮੁਕੱਦਮੇ ਵਾਪਸ ਲੈਣ ’ਤੇ ਵੀ ਹਰਿਆਣਾ ਨੂੰ ਛੱਡ ਕੇ ਕਿਸੇ ਵੀ ਸੂਬੇ ’ਚ ਕਾਰਵਾਈ ਨਹੀਂ ਵਧੀ। ਕੇਂਦਰ ਸਰਕਾਰ ਨੇ ਹੁਣ ਤਕ ਸੂਬਿਆਂ ਨੂੰ ਪੱਤਰ ਵੀ ਨਹੀਂ ਭੇਜਿਆ। ਇਸੇ ਤਰ੍ਹਾਂ ਬਿਜਲੀ, ਪਰਾਲੀ ਆਦਿ ਦੇ ਮੁੱਦੇ ’ਤੇ ਹੁਣ ਤਕ ਅੱਗੇ ਨਹੀਂ ਵਧੀ। ਮੋਰਚਾ ਮੁਡ਼ ਅੰਦੋਲਨ ਸ਼ੁਰੂ ਕਰੇਗਾ ਤੇ ਇਸ ਦੀ ਸ਼ੁਰੂਆਤ 31 ਜਨਵਰੀ ਨੂੰ ਵਾਅਦਾ-ਖ਼ਿਲਾਫ਼ੀ ਦਿਵਸ ਮਨਾ ਕੇ ਹੋਵੇਗੀ। ਗੁਰਨਾਮ ਸਿੰਘ ਚਡ਼ੂਨੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬ ਚੋਣਾਂ ਵਿਚ ਆਪਣੇ ਉਮੀਦਵਾਰ ਉਤਾਰਨ ਦਾ ਐਲਾਨ ਕੀਤਾ ਸੀ, ਉਹ ਮੋਰਚੇ ਦੀ ਬੈਠਕ ’ਚ ਮੌਜੂਦ ਸਨ ਤੇ ਜਦੋਂ ਕੋਰ ਕਮੇਟੀ ਨੇ ਚੋਣ ਲਡ਼ਨ ਵਾਲਿਆਂ ਤੋਂ ਨਾਤਾ ਤੋਡ਼ਨ ਦੀ ਗੱਲ ਕਹੀ ਤਾਂ ਉੱਠ ਕੇ ਚੁੱਪਚਾਪ ਚਲੇ ਗਏ। ਯੁੱਧਵੀਰ ਸਿੰਘ ਨੈਨ ਨੇ ਕਿਹਾ ਕਿ ਲਖੀਮਪੁਰ ਖੀਰੀ ’ਚ ਐੱਸਆਈਟੀ ਦੀ ਰਿਪੋਰਟ ਦੇ ਬਾਵਜੂਦ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਕਿਸਾਨ ਨਿਰਾਸ਼ ਹਨ। ਸਰਕਾਰ 31 ਜਨਵਰੀ ਤਕ ਵੀ ਇਸੇ ਤਰ੍ਹਾਂ ਦਾ ਰਵੱਈਆ ਦਿਖਾਏਗੀ ਤਾਂ ਇਕ ਫਰਵਰੀ ਤੋਂ ਮਿਸ਼ਨ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਰੂਪ-ਰੇਖਾ ਰਾਕੇਸ਼ ਟਿਕੈਤ ਦੀ ਅਗਵਾਈ ਵਿਚ ਤਿਆਰ ਕੀਤੀ ਜਾਵੇਗੀ।

Related posts

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਲੋਕਾਂ ਲਈ 29 ਤੱਕ ਖੁੱਲ੍ਹਾ ਰਹੇਗਾ