ਸੰਯੁਕਤ ਰਾਸ਼ਟਰ ’ਚ ਫਰਾਂਸ ਤੇ ਬਰਤਾਨੀਆ ਲਿਆਉਣਗੇ ਕਾਬੁਲ ਨੂੰ ‘ਸੇਫ ਜ਼ੋਨ’ ਬਣਾਉਣ ਦਾ ਪ੍ਰਸਤਾਵ

ਪੈਰਿਸ – ਫਰਾਂਸ ਦੇ ਰਾਸ਼ਟਰਪਤੀ ਏਮੈਨੁਅਲ ਮੈਕਰੋਂ ਨੇ ਕਿਹਾ ਕਿ ਸੋਮਵਾਰ ਨੂੰ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਐਮਰਜੈਂਸੀ ਬੈਠਕ ’ਚ ਫਰਾਂਸ ਤੇ ਬਰਤਾਨੀਆ ਕਾਬੁਲ ਨੂੰ ‘ਸੇਫ ਜ਼ੋਨ’ ਐਲਾਨ ਕੀਤੇ ਜਾਣ ਦਾ ਪ੍ਰਸਤਾਵ ਪੇਸ਼ ਕਰਨਗੇ।

ਮੈਕਰੋਂ ਨੇ ਫਰਾਂਸ ਦੇ ਅਖ਼ਬਾਰ ‘ਲੇ ਜਨਰਲ ਡੁ ਦਿਮਾਂਚੇ’ ’ਚ ਪ੍ਰਕਾਸ਼ਿਤ ਇਕ ਇੰਟਰਵਿਊ ’ਚ ਕਿਹਾ, ‘ਸਾਡੇ ਪ੍ਰਸਤਾਵ ਦਾ ਮਕਸਦ ਕਾਬੁਲ ’ਚ ਇਕ ਸੁਰੱਖਿਅਤ ਜ਼ੋਨ ਵਜੋਂ ਦਰਸਾਉਣਾ ਹੈ।’ ਇਨ੍ਹਾਂ ਇਲਾਕਿਆਂ ਤੋਂ ਮਨੁੱਖੀ ਸਹਾਇਤਾ ਦੇ ਕੰਮਾਂ ਨੂੰ ਅੰਜਾਮ ਦਿੱਤਾ ਜਾਵੇਗਾ। ਇਰਾਕ ਦੇ ਮੋਸੁਲ ’ਚ ਮੈਕਰੋਂ ਨੇ ਬਾਅਦ ’ਚ ਆਪਣੇ ਬਿਆਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਜਾਵੇਗਾ। ਮੈਨੂੰ ਨਹੀਂ ਲੱਗਦਾ ਕਿ ਮਨੁੱਖੀ ਸਹਾਇਤਾ ਦੀ ਮੁਹਿੰਮਾਂ ਦੀ ਸੁਰੱਖਿਆ ਦਾ ਕੋਈ ਵਿਰੋਧ ਕਰੇਗਾ।

ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਐਟੋਨੀਓ ਗੁਤਰਸ ਨੇ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਸੰਯੁਕਤ ਰਾਸ਼ਟਰ ’ਚ ਬੈਠਕ ਬੁਲਾਈ ਹੈ ਜਿਸ ’ਚ ਅਹਿਮ ਮੈਂਬਰ ਦੇਸ਼ ਬਰਤਾਨੀਆ, ਫਰਾਂਸ, ਅਮਰੀਕਾ, ਚੀਨ ਤੇ ਰੂਸ ਹਿੱਸਾ ਲੈਣਗੇ। ਇਨ੍ਹਾਂ ਸਾਰੇ ਮੈਂਬਰਾਂ ਕੋਲ ਵੀਟੋ ਪਾਵਰ ਹੈ। ਮੈਕਰੋਂ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਫਰਾਂਸ ਅਫ਼ਗਾਨਿਸਤਾਨ ’ਚ ਮਨੁੱਖੀ ਸਹਾਇਤਾ ਦੀਆਂ ਸਥਿਤੀਆਂ ’ਤੇ ਤਾਲਿਬਾਨ ਨਾਲ ਸ਼ੁਰੂਆਤੀ ਗੱਲਬਾਤ ਕਰ ਰਿਹਾ ਸੀ। ਨਾਲ ਹੀ ਉੱਥੋਂ ਹੋਰ ਲੋਕਾਂ ਨੂੰ ਵੀ ਦੇਸ਼ ’ਚੋਂ ਬਾਹਰ ਕੱਢਣ ’ਤੇ ਵਿਚਾਰ ਚੱਲ ਰਿਹਾ ਹੈ। ਇਸ ਦੌਰਾਨ ਬਰਤਾਨੀਆ ਦੀਆਂ ਸੜਕਾਂ ’ਤੇ ਤਾਲਿਬਾਨ ਵਿਰੋਧੀ ਪ੍ਰਦਰਸ਼ਨ ਜਾਰੀ ਹਨ। ਸੈਂਟਰਲ ਲੰਡਨ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੇ ਹਿੱਸਾ ਲਿਆ। ਪਿਛਲੇ ਦੋ ਹਫਤਿਆਂ ਤੋਂ ਇਹ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ।

ਜੀਓ ਨਿਊਜ਼ ਮੁਤਾਬਕ ਬਰਤਾਨੀਆ ’ਚ ਕੇਂਦਰਿਤ ਵੱਖ-ਵੱਖ ਅਫ਼ਗਾਨ ਭਾਈਚਾਰਿਆਂ ਤੇ ਨੇਤਾਵਾਂ ਨੇ ਮਾਰਚ ਕੱਢਿਆ। ਇਹ ਮਾਰਚ ਮਾਰਬਲ ਆਰਚ ਤੋਂ ਸ਼ੁਰੂ ਹੋ ਕੇ ਬੀਬੀਸੀ ਦੇ ਦਫਤਰ, 10 ਡਾਊਨ ਸਟ੍ਰੀਟ ਤੇ ਅਮਰੀਕੀ ਦੂਤਘਰ ਹੁੰਦਾ ਹੋਇਆ ਲੰਡਨ ਦੇ ਅਹਿਮ ਇਲਾਕਿਆਂ ’ਚੋਂ ਲੰਘਿਆ। ਇਨ੍ਹਾਂ ਲੋਕਾਂ ਨੇ ਤਾਲਿਬਾਨ ਦੇ ਜ਼ੁਲਮ, ਅੱਤਵਾਦੀ ਹਮਲੇ ਤੇ ਉਸ ਦੇ ਨਾਲ ਹੀ ਉੱਥੇ ਕੌਮਾਂਤਰੀ ਤਾਕਤਾਂ ਤੇ ਸਥਾਨਕ ਸ਼ਕਤੀਆਂ ਵੱਲੋਂ ਖੜ੍ਹੇ ਕੀਤੇ ਗਏ ਸੰਕਟ ਦਾ ਵਿਰੋਧ ਕੀਤਾ ਹੈ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ