ਨਵੀਂ ਦਿੱਲੀ – ਸੰਸਦ ਦੀ ਸੁਰੱਖਿਆ ਵਿਚ 13 ਦਸੰਬਰ ਨੂੰ ਕੁਤਾਹੀ ਮਾਮਲੇ ’ਚ 6ਵੇਂ ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਜਿਸ ਦੀ ਪਛਾਣ ਮਹੇਸ਼ ਕੁਮਾਵਤ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਜ਼ਿਸ਼ ਵਿਚ ਮਹੇਸ਼ ਪੂਰੀ ਤਰ੍ਹਾਂ ਸ਼ਾਮਲ ਸੀ। ਗਿ੍ਰਫ਼ਤਾਰੀ ਮਗਰੋਂ ਪੁਲਸ ਨੇ ਮਹੇਸ਼ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ। ਦਿੱਲੀ ਪੁਲਸ ਨੇ ਦੋਸ਼ੀ ਤੋਂ ਪੁੱਛਗਿੱਛ ਲਈ 15 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਪਰ ਕੋਰਟ ਨੇ ਦੋਸ਼ੀ ਨੂੰ 7 ਦਿਨਾਂ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ। ਮਹੇਸ਼ ਦਾ ਕਹਿਣਾ ਹੈ ਕਿ ਉਹ ਦੋਸ਼ੀਆਂ ਵਲੋਂ ਬਣਾਏ ਗਏ ’ਭਗਤ ਸਿੰਘ ਫੈਨ ਕਲੱਬ ਪੇਜ਼’ ਦਾ ਮੈਂਬਰ ਸੀ। ਇਹ ਪੇਜ਼ ਹੁਣ ਡਿਲੀਟ ਹੋ ਚੁੱਕਾ ਹੈ। ਅਧਿਕਾਰੀ ਨੇ ਦੱਸਿਆ ਕਿ ਮਹੇਸ਼ ਕੁਮਾਵਤ ਨੂੰ ਸਬੂਤ ਨਸ਼ਟ ਕਰਨ ਅਤੇ ਅਪਰਾਧਕ ਸਾਜ਼ਿਸ਼ ਰਚਣ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ। ਪੁਲਸ ਮੁਤਾਬਕ ਪਿਛਲੇ 2 ਸਾਲ ਤੋਂ ਦੂਜੇ ਦੋਸ਼ੀਆਂ ਨਾਲ ਜੁੜਿਆ ਹੋਇਆ ਸੀ। ਉਹ ਸਾਜ਼ਿਸ਼ ਦਾ ਹਿੱਸਾ ਸੀ। ਉਹ ਮੁੱਖ ਦੋਸ਼ੀ ਲਲਿਤ ਝਾਅ ਨਾਲ ਮੋਬਾਇਲ ਫੋਨ ਅਤੇ ਸਬੂਤ ਨਸ਼ਟ ਕਰਨ ਦੇ ਕੰਮ ’ਚ ਸਰਗਰਮ ਸੀ।
ਮਹੇਸ਼ ਰਾਜਸਥਾਨ ਦੇ ਨਾਗੌਰ ਦਾ ਰਹਿਣ ਵਾਲਾ ਹੈ। ਉਹ ਵੀ 13 ਦਸੰਬਰ ਨੂੰ ਹੀ ਦਿੱਲੀ ਆਇਆ ਸੀ। ਉਸੇ ਦਿਨ ਲੋਕ ਸਭਾ ਦੇ ਚੈਂਬਰ ਵਿਚ ਦੋ ਵਿਅਕਤੀਆਂ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ ਸੀ।