ਸੱਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ – ਡਾ. ਸੁਰਿੰਦਰ ਕੌਰ

ਖਾਲਸਾ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਲਾਈਵ ਸ਼ੋਅ ਦੌਰਾਨ ਡਾ. ਸੁਰਿੰਦਰ ਕੌਰ, ਪ੍ਰਸਿੱਧ ਗੀਤਕਾਰ ਸ੍ਰੀ ਦੇਬੀ ਮਕਸੂਸਪੁਰੀ ਨਾਲ ਹੋਰ ਸਖਸ਼ੀਅਤਾਂ।

ਅੰਮ੍ਰਿਤਸਰ – ਖਾਲਸਾ ਯੂਨੀਵਰਸਿਟੀ ਵੱਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ ਰਾਹੀਂ ਪਿਆਰ, ਦਿਲ ਟੁੱਟਣ, ਤਾਂਘ, ਅਧਿਆਤਮਿਕਤਾ ਅਤੇ ਸਮਾਜਿਕ ਮੁੱਦਿਆਂ ਦੇ ਵਿਸ਼ਿਆਂ ਨੂੰ ਪਾਠਕਾਂ ਨਾਲ ਭਾਵਨਾਤਮਕ ਪੱਧਰ ’ਤੇ ਜੋੜਨ ਵਾਲੇ ਨਾਮਵਰ ਪੰਜਾਬੀ ਗੀਤਕਾਰ ਦੇਬੀ ਮਕਸੂਸਪੁਰੀ ਦਾ ਰੰਗਾਰੰਗ ਲਾਈਵ ਸ਼ੋਅ ਕਰਵਾਇਆ ਗਿਆ। ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਸਹਿਯੋਗ ਨਾਲ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਦੇ ਯਤਨਾਂ ਸਦਕਾ ਕਰਵਾਏ ਉਕਤ ਸ਼ੋਅ ਦੌਰਾਨ ਗਾਇਕ ਮਕਸੂਸਪੁਰੀ ਨੇ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਦਰਸ਼ਕਾਂ ਦਾ ਦਿਲ ਜਿੱਤ ਲਿਆ।

ਇਸ ਮੌਕੇ ਮਕਸੂਸਪੁਰੀ ਨੇ ‘ਝੂਠੀਏ ਨੀ ਲਾਰੇ ਤੇਰੇ ਨਹੀਂ ਮੁਕਣੇ, ਕਈ ਗੱਲਾਂ ਤੇਰੇ ਨਾਲ ਕਰਨੀਆਂ, ਕਿਤੇ ਭੁੱਲ ਨਾ ਜਾਵੇ, ਮਿੱਤਰ ਹੁਣ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ’ ਆਦਿ ਪ੍ਰਸਿੱਧ ਗੀਤਾਂ ਰਾਹੀਂ ਆਪਣੀ ਸੁਰੀਲੀ ਆਵਾਜ਼ ਅਤੇ ਰੂਹਾਨੀ ਅੰਦਾਜ਼ ਨਾਲ ਸਮਾਗਮ ਨੂੰ ਯਾਦਗਾਰ ਬਣਾਉਂਦਿਆਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਮਕਸੂਸਪੁਰੀ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਹੇ ਹਨ ਅੱਜ ਉਹ ਖਾਲਸਾ ਯੂਨੀਵਰਸਿਟੀ ਵਿਖੇ ਪਹਿਲੀ ਵਾਰ ਆਪਣਾ ਸ਼ੋ ਕਰਨ ਲਈ ਪੁੱਜੇ। ਉਨ੍ਹਾਂ ਕਿਹਾ ਕਿ ਖਾਲਸਾ ਸੰਸਥਾਵਾਂ ਦੇ ਮਾਣਮੱਤੇ ਇਤਿਹਾਸ ਤੋਂ ਹਰੇਕ ਵਰਗ ਜਾਣੂ ਹੈ ਅਤੇ ਇੱਥੋਂ ਪੜ੍ਹ—ਲਿਖ ਕੇ ਦੁਨੀਆ ਦੇ ਹਰੇਕ ਕੋਨੇ ’ਚ ਬੈਠੇ ਵਿਦਿਆਰਥੀ ਇਸ ਵਿੱਦਿਅਕ ਅਦਾਰੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਅਤੇ ਵਿਰਾਸਤ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਸੰਗੀਤ ਇਕ ਅਜਿਹੀ ਤਾਕਤ ਹੈ ਜੋ ਇਨਸਾਨ ਨੂੰ ਜੋੜਦੀ ਹੈ।

ਇਸ ਦੌਰਾਨ ਉਨ੍ਹਾਂ ਆਪਣੇ ਜੀਵਨ ਦੇ ਸਫਰ ਸਬੰਧੀ ਕਿਹਾ ਕਿ ਸਾਹਿਰ ਲੁਧਿਆਣਵੀ, ਡਾ. ਜਗਤਾਰ, ਸ਼ਿਵ ਕੁਮਾਰ ਬਟਾਲਵੀ, ਡਾ. ਸੁਰਜੀਤ ਪਾਤਰ ਵਰਗੇ ਨਾਮਵਰ ਪੰਜਾਬੀ ਸ਼ਾਇਰਾਂ ਤੋਂ ਪ੍ਰਭਾਵਿਤ ਹੋਏ ਅਤੇ 20 ਸਾਲ ਦੀ ਉਮਰ ’ਚ ਲਿਖਿਆ ਹੋਇਆ ਪਹਿਲਾ ਗਾਣਾ ਸ੍ਰੀ ਕੁਲਦੀਪ ਮਾਣਕ ਨੇ ਗਾਇਆ। ਉਨ੍ਹਾਂ ਕਿਹਾ ਕਿ ਪੜ੍ਹਾਅ ਦਰ ਪੜ੍ਹਾਅ ਗੀਤਕਾਰ ਮਨਮੋਹਨ ਵਾਰਿਸ, ਕਮਲ ਹੀਰ, ਸਰਦੂਲ ਸਿਕੰਦਰ ਅਤੇ ਹੰਸ ਰਾਜ ਹੰਸ ਵਰਗੇ ਪੰਜਾਬੀ ਕਲਾਕਾਰਾਂ ਲਈ ਵੀ ਗੀਤ ਲਿਖੇ ਹਨ। ਸ੍ਰੀ ਮਕਸੂਸਪੁਰੀ ਨੇ ਕਿਹਾ ਕਿ ਸਾਲ—1994 ’ਚ ਆਪਣੀ ਪਹਿਲੀ ਐਲਬਮ ‘ਜਦ ਮਾਂ ਨਹੀਂ ਰਹਿੰਦੀ ਨਾਲ’ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ।

ਇਸ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾ ਡਾ. ਸੁਰਿੰਦਰ ਕੌਰ ਵੱਲੋਂ ਸ੍ਰੀ ਮਕਸੂਸਪੁਰੀ ਨੂੰ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਪਰੰਤ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਸ੍ਰੀ ਮਕਸੂਸਪੁਰੀ ਇਕ ਪੰਜਾਬੀ ਗੀਤਕਾਰ, ਸ਼ਾਇਰ ਅਤੇ ਕਵੀ ਹਨ, ਜਿਨ੍ਹਾਂ ਨੇ ਸਮਾਜਿਕ ਅਤੇ ਮਨੁੱਖੀ ਜੀਵਨ ਦੇ ਹਰੇਕ ਪਹਿਲੂਆਂ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਸ਼ਾਇਰੀ ਅਤੇ ਗੀਤਾਂ ਰਾਹੀਂ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ—ਨਾਲ ਇਹੋ ਜਿਹੀਆਂ ਗਤੀਵਿਧੀਆਂ ਵੀ ਜ਼ਰੂਰੀ ਹਨ, ਜੋ ਵਿਦਿਆਰਥੀਆਂ ’ਚ ਆਤਮ—ਵਿਸ਼ਵਾਸ ਅਤੇ ਰਚਨਾਤਮਕਤਾ ਨੂੰ ਵਧਾਉਂਦੀਆਂ ਹਨ।

ਖਾਲਸਾ ਯੂਨੀਵਰਸਿਟੀ ਵੱਲੋਂ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਕਰਵਾਏ ਗਏ ਉਕਤ ਲਾਈਵ ਸ਼ੋਅ ਦੌਰਾਨ ਸੁਰੱਖਿਆ ਅਤੇ ਪ੍ਰਬੰਧਕੀ ਪ੍ਰਬੰਧ ਬਹੁਤ ਸੁਚੱਜੇ ਢੰਗ ਨਾਲ ਕੀਤੇ ਗਏ ਸਨ, ਜਿਸ ਨਾਲ ਹਰੇਕ ਦਰਸ਼ਕ ਨੇ ਪ੍ਰੋਗਰਾਮ ਦਾ ਪੂਰਾ ਆਨੰਦ ਮਾਣਿਆ। ਇਹ ਲਾਈਵ ਸ਼ੋਅ ਖਾਲਸਾ ਯੂਨੀਵਰਸਿਟੀ ਦੇ ਇਤਿਹਾਸ ’ਚ ਵਿਸ਼ੇਸ਼ ਪਲ ਵਜੋਂ ਦਰਜ ਹੋਇਆ।

Related posts

ਅਰਬ ਦੇਸ਼ਾਂ ‘ਚ ਫਸੇ ਪੰਜਾਬੀਆਂ ਦੀ ਸਹਾਇਤਾ ਲਈ ਹੌਟ-ਲਾਈਨ ਸਥਾਪਿਤ

ਖਾਲਸਾ ਕਾਲਜ ਦੇ 4 ਵਿਦਿਆਰਥੀਆਂ ਇੰਡੀਗੋ ਏਅਰਲਾਈਨਜ਼ ਭਰਤੀ

80 ਸਾਲਾਂ ਦੇ ਕਾਕਾ ਸਿੰਘ ਉੱਭਾ ਨੇ ਗੋਲਡ ਤੇ ਚਾਂਦੀ ਦੇ ਮੈਡਲ ਜਿੱਤੇ