ਚੰਡੀਗੜ੍ਹ – ਮਾਨਮਾਨੀ ਦੇ ਕੇਸ ਵਿਚ ਉਲਝੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਲ ਸੁਖਬੀਰ ਬਾਦਲ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ। ਹਾਈਕੋਰਟ ਨੇ ਸੁਖਬੀਰ ਬਾਦਲ ਦੀ ਅੰਤਰਿਮ ਜਮਾਨਤ ‘ਚ 23 ਅਗਸਤ ਤੱਕ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਜਨਵਰੀ 2017 ਵਿਚ ਕੇਜਰੀਵਾਲ ‘ਤੇ ਬਿਆਨ ਦੇਣ ‘ਤੇ ਚੰਡੀਗੜ੍ਹ ਵਿਚ ਮਾਨਹਾਨੀ ਦੀ ਸ਼ਿਕਾਇਤ ਦਰਜ ਕੀਤੀ ਗਈ ਸੀ।
ਇਹ ਮਾਮਲਾ 2017 ਦੇ ਵਿਧਾਨ ਸਭਾ ਚੋਣਾਂ ਦਾ ਹੈ ਜਦੋਂ ਦਿੱਲੀ ਦੇ ਸੀ. ਐਮ. ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ‘ਤੇ ਸੁਖਬੀਰ ਬਾਦਲ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਅੱਤਵਾਦੀਆਂ ਨੂੰ ਮਿਲ ਰਹੇ ਹਨ ਅਤੇ ਅਖੰਡ ਕੀਰਤਨੀ ਜਥੇ ਦੇ ਨਾਲ ਨਾਸ਼ਤਾ ਕੀਤਾ ਹੈ ਜੋ ਕਿ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਰਾਜਨੀਤਿਕ ਫਰੰਟ ਹੈ। ਉਦੋਂ ਤਾਂ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਜੇਕਰ ਪੰਜਾਬ ਵਿਚ ਆਪ ਦੀ ਸਰਕਾਰ ਬਣੀ ਤਾਂ ਇਥੇ ਅਰਾਜਕਤਾ ਫੈਲ ਜਾਵੇਗੀ ਇਸੇ ਬਿਆਨ ‘ਤੇ ਉਸ ਸਮੇਂ ਚੰਡੀਗੜ੍ਹ ਵਿਚ ਸੁਖਬੀਰ ਬਾਦਲ ਖਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਸੀ।
ਇਸ ਮਾਮਲੇ ਵਿਚ ਚੰਡੀਗੜ੍ਹ ਦੀ ਅਦਾਲਤ ਨੇ ਉਨ੍ਹਾਂ ਨੂੰ ਵਰੰਟ ਜਾਰੀ ਕੀਤੇ ਸਨ, ਜਿਸਦੇ ਖਿਲਾਫ਼ ਸੁਖਬੀਰ ਬਾਦਲ ਨੇ ਹਾਈਕੋਰਟ ਵਿਚ ਅਰਜ਼ੀ ਦਾਖਲ ਕੀਤੀ ਸੀ। 9 ਦਸੰਬਰ 2020 ਨੂੰ ਹਾਈਕੋਰਟ ਨੇ ਵਰੰਟ ‘ਤੇ ਰੋਕ ਲਗਾਉਦੇ ਹੋਏ ਉਨ੍ਹਾਂ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਸੀ। ਹੁਣ ਹਾਈਕੋਰਟ ਨੇ ਇਸ ਹੁਕਮ ਨੂੰ 23 ਅਗਸਤ ਤੱਕ ਜਾਰੀ ਰੱਖਣ ਦੇ ਹੁਕਮ ਜਾਰੀ ਕੀਤੇ ਹਨ।