ਨਵੀਂ ਦਿੱਲੀ – ਕਰਨਾਟਕ ਦੇ ਸਿੱਖਿਆ ਮੰਤਰੀ ਬੀ.ਸੀ. ਨਾਗੇਸ਼ ਨੇ ਸ਼ਨਿਚਰਵਾਰ ਨੂੰ ਸਪੱਸ਼ਟ ਤੌਰ ‘ਤੇ ਕਿਹਾ ਕਿ ਰਾਜ ਭਰ ਦੇ ਸਕੂਲ ਅਤੇ ਕਾਲਜ ਕੈਂਪਸਾਂ ਵਿੱਚ ਸਿਰਫ ਵਰਦੀ ਪਹਿਨਣ ਦੀ ਇਜਾਜ਼ਤ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮੁੱਦੇ ਸਬੰਧੀ ਕਰਨਾਟਕ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।ਸਿੱਖਿਆ ਮੰਤਰੀ ਦੀ ਇਹ ਟਿੱਪਣੀ ਮੰਗਲੁਰੂ ਯੂਨੀਵਰਸਿਟੀ ਕਾਲਜ ਦੇ ਸੈਂਕੜੇ ਵਿਦਿਆਰਥੀਆਂ ਵੱਲੋਂ ਕਲਾਸਾਂ ਵਿੱਚ ਹਿਜਾਬ ਪਹਿਨਣ ਦਾ ਵੀਰਵਾਰ ਨੂੰ ਵਿਰੋਧ ਕਰਨ ਤੋਂ ਬਾਅਦ ਆਈ ਹੈ। ਅਦਾਲਤ ਅਤੇ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਇਸ ਦੀ ਇਜਾਜ਼ਤ ਦੇਣ ‘ਤੇ ਵਿਦਿਆਰਥੀਆਂ ਨੇ ਅਧਿਕਾਰੀਆਂ ‘ਤੇ ਗੁੱਸਾ ਜ਼ਾਹਰ ਕੀਤਾ।
ਸ਼ਨਿਚਰਵਾਰ ਨੂੰ ਆਪਣੇ ਬਿਆਨ ਵਿੱਚ, ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਪਾਠ ਪੁਸਤਕਾਂ ਪਹਿਲਾਂ ਹੀ ਛਾਪੀਆਂ ਜਾ ਰਹੀਆਂ ਹਨ। ਪਾਠਕ੍ਰਮ ਵਿੱਚ ਇਤਿਹਾਸ ਅਤੇ ਰਾਸ਼ਟਰਵਾਦ ਹੈ। ਉਨ੍ਹਾਂ ਵਿਰੋਧੀ ਧਿਰ ਕਾਂਗਰਸ ’ਤੇ ਸੂਬੇ ਵਿੱਚ ਵਿਦਿਆਰਥੀਆਂ ਅਤੇ ਪਾਠ ਪੁਸਤਕਾਂ ਦੀ ਸੋਧ ਵਿਵਾਦ ਨੂੰ ਲੈ ਕੇ ਭੰਬਲਭੂਸਾ ਪੈਦਾ ਕਰਨ ਦਾ ਦੋਸ਼ ਲਾਇਆ।
ਕਾਂਗਰਸ ਦੇ ਚੋਟੀ ਦੇ ਨੇਤਾਵਾਂ ਸਿੱਧਰਮਈਆ ਅਤੇ ਮੱਲਿਕਾਰਜੁਨ ਖੜਗੇ ਨੇ ਇਸ ਵਿਵਾਦ ਨੂੰ ਲੈ ਕੇ ਸੂਬੇ ਦੀ ਸੱਤਾਧਾਰੀ ਭਾਜਪਾ ‘ਤੇ ਤਿੱਖਾ ਹਮਲਾ ਕੀਤਾ ਹੈ। ਖੜਗੇ ਨੇ ਆਰਐਸਐਸ ਦੇ ਸੰਸਥਾਪਕ ਕੇ ਬੀ ਹੇਡਗੇਵਾਰ ਦੇ ਭਾਸ਼ਣ ਨੂੰ ਪਾਠਕ੍ਰਮ ਵਿੱਚ ਸ਼ਾਮਲ ਕਰਨ ਲਈ ਸੂਬਾ ਸਰਕਾਰ ਦੀ ਖਿਚਾਈ ਕੀਤੀ।