ਸ਼੍ਰੀਨਗਰ – 225 ਹੱਥਗੋਲ਼ੇ, ਲਗਪਗ 80 ਪਿਸਤੌਲ, 200 ਦੇ ਕਰੀਬ ਅਸਾਲਟ ਰਾਈਫਲਾਂ, 60 ਕਿੱਲੋ ਧਮਾਕਾਖੇਜ਼ ਸਮੱਗਰੀ, ਇਕ ਦਰਜਨ ਰਾਕਟ ਲਾਂਚਰ ਸਮੇਤ ਭਾਰੀ ਮਾਤਰਾ ’ਚ ਹਥਿਆਰਾਂ ਦਾ ਜ਼ਖ਼ੀਰਾ ਪਿਛਲੇ ਇਕ ਸਾਲ ’ਚ ਕਸ਼ਮੀਰ ’ਚ ਬਰਾਮਦ ਹੋ ਚੁੱਕਾ ਹੈ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੀ ਮਦਦ ਨਾਲ ਸਰਹੱਦ ’ਤੇ ਬੈਠੇ ਅੱਤਵਾਦੀ ਸੰਗਠਨ ਕਸ਼ਮੀਰ ’ਚ ਹਿੰਸਾ ਫੈਲਾਉਣ ਲਈ ਇਕ ਸਾਲ ’ਚ ਇੰਨਾ ਅਸਲਾ ਭੇਜ ਚੁੱਕੇ ਹਨ ਕਿ ਉਸ ਨਾਲ ਸੁਰੱਖਿਆ ਬਲ ਦੀਆਂ ਦੋ ਕੰਪਨੀਆਂ ਨੂੰ ਹਥਿਆਰ, ਗ੍ਰਨੇਡ ਤੇ ਹੋਰ ਸਾਜ਼ੋ ਸਾਮਾਨ ਨਾਲ ਪੂਰੀ ਤਰ੍ਹਾਂ ਲੈਸ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਸੁਰੱਖਿਆ ਬਲ ਦੀ ਇਕ ਕੰਪਨੀ ’ਚ 90 ਤੋਂ 110 ਜਵਾਨ ਤੇ ਅਧਿਕਾਰੀ ਸ਼ਾਮਲ ਹੁੰਦੇ ਹਨ। ਉੱਤਰੀ ਕਸ਼ਮੀਰ ਦੇ ਕੁਪਵਾੜਾ ’ਚ ਬੀਤੇ ਸੋਮਵਾਰ ਨੂੰ ਸੁਰੱਖਿਆ ਬਲ ਨੇ ਅੱਤਵਾਦੀਆਂ ਦੇ ਇਕ ਓਵਰਗਰਾਊਂਡ ਵਰਕਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 10 ਹੱਥਗੋਲ਼ੇ ਬਰਾਮਦ ਕੀਤੇ ਸਨ। ਇਸ ਤੋਂ ਪਹਿਲਾਂ 11 ਅਗਸਤ ਨੂੰ ਸੁਰੱਖਿਆ ਬਲ ਨੇ ਐੱਲਓਸੀ ਦੇ ਨਾਲ ਲਗਦੇ ਤਾਰਾਬਲ ਗੁਰੇਜ ’ਚ ਤਿੰਨ ਅਸਾਲਟ ਰਾਈਫਲਾਂ, ਦੋ ਪਿਸਤੌਲ, ਏਕੇ-47 ਤੇ 350 ਕਾਰਤੂਸ ਤੇ 18 ਹੱਥਗੋਲ਼ੇ ਬਰਾਮਦ ਕੀਤੇ ਸਨ। ਸਰਹੱਦ ਪਾਰੋਂ ਕਸ਼ਮੀਰ ’ਚ ਅੱਤਵਾਦੀਆਂ ਲਈ ਹਥਿਆਰਾਂ ਦੀ ਤਸਕਰੀ ਦੇ ਇਹ ਸਿਰਫ਼ ਦੋ ਮਾਮਲੇ ਨਹੀਂ ਹਨ। ਸੁਰੱਖਿਆ ਬਲ ਨੇ ਅਜਿਹੇ ਲਗਪਗ ਤਿੰਨ ਦਰਜਨ ਯਤਨਾਂ ਨੂੰ ਬੀਤੇ ਇਕ ਸਾਲ ਦੌਰਾਨ ਨਾਕਾਮ ਬਣਾਇਆ ਹੈ। ਸੂਬਾ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਗਸਤ, 2020 ਤੋਂ 23 ਅਗਸਤ 2021 ਤਕ ਉੱਤਰੀ ਕਸ਼ਮੀਰ ’ਚ ਐੱਲਓਸੀ ਦੇ ਪਾਰ ਤੋਂ ਭੇਜੇ ਗਏ ਹਥਿਆਰਾਂ ਤੋਂ ਇਲਾਵਾ ਡਰੋਨ ਰਾਹੀਂ ਜੰਮੂ ’ਚ ਪਹੁੰਚਾਏ ਗਏ ਹਥਿਆਰਾਂ ’ਚ ਕਰੀਬ 60 ਕਿਲੋ ਧਮਾਕਾਖੇਜ਼ ਸਮੱਗਰੀ ਤੋਂ ਇਲਾਵਾ ਤਿੰਨ ਦਰਜਨ ਸਟਿੱਕੀ ਬੰਬ ਵੀ ਹਨ। ਇਨ੍ਹਾਂ ਤੋਂ ਇਲਾਵਾ ਕਰੀਬ 225 ਹੱਥਗੋਲੇ ਬੀਤੇ ਇਕ ਸਾਲ ਦੌਰਾਨ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ 80 ਦੇ ਕਰੀਬ ਪਿਸਤੌਲ, ਇਕ ਐੱਮ-4 ਕਾਰਬਾਈਨ ਰਾਈਫਲ ਤੇ 200 ਦੇ ਕਰੀਬ ਅਸਾਲਟ ਰਾਈਫਲਾਂ ਹਨ। ਸਿਰਫ਼ ਇਹੀ ਨਹੀਂ, ਕਰੀਬ ਇਕ ਦਰਜਨ ਰਾਕਟ ਲਾਂਚਰ ਤੇ ਯੂਬੀਜੀਐੱਲ ਵੀ ਮਿਲੇ ਹਨ। ਹਥਿਆਰਾਂ ਤੋਂ ਇਲਾਵਾ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ।