ਨਵਾਂਸ਼ਹਿਰ – ਐੱਸਐੱਸਪੀ ਡਾ. ਸੰਦੀਪ ਕੁਮਾਰ ਸ਼ਰਮਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਨੌਰਾ ਵਾਸੀ ਅਮਰਜੀਤ ਸਿੰਘ ਤੋਂ 10 ਲੱਖ ਦੀ ਫਿਰੌਤੀ ਮੰਗਣ ਵਾਲੇ ਯੂਪੀ ਦੇ ਇਕ ਵਿਅਕਤੀ ਨੂੰ ਦੇਸੀ ਪਿਸੌਤਲ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਕਥਿਤ ਮੁਲਜ਼ਮ ਵੱਲੋਂ ਚਲਾਈ ਗੱਲੀ ਸਿਪਾਹੀ ਮਨਦੀਪ ਸਿੰਘ ਦੇ ਪੱਟ ਵਿਚ ਲੱਗੀ ਹੈ। ਸਿਪਾਹੀ ਮਨਦੀਪ ਸਿੰਘ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਐੱਸਐੱਸਪੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਡੀਐੱਸਪੀ ਬੰਗਾ ਦੀ ਅਗਵਾਈ ਵਿਚ ਕੀਤੇ ਗਏ ਆਪਰੇਸ਼ਨ ਦੌਰਾਨ ਨੌਰਾ ਵਾਸੀ ਅਮਰਜੀਤ ਸਿੰਘ ਤੋਂ 10 ਲੱਖ ਦੀ ਫਿਰੌਤੀ ਮੰਗਣ ਵਾਲੇ ਯੂਪੀ ਵਾਸੀ ਨੋਮਾਨ ਉਰਫ ਨੌਸਾਦ ਰਮਜਾਨੀ ਨੂੰ ਸਮੇਤ ਦੇਸੀ ਪਿਸਟਲ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਆਪਰੇਸ਼ਨ ਦੌਰਾਨ ਸੀਨੀਅਰ ਸਿਪਾਹੀ ਮਨਦੀਪ ਸਿੰਘ ਥਾਣਾ ਸਦਰ ਬੰਗਾ ਨੇ ਬਹੁਤ ਬਹਾਦੁਰੀ ਨਾਲ ਕਥਿਤ ਮੁਲਜ਼ਮ ਦਾ ਸਾਹਮਣਾ ਕਰਦੇ ਹੋਏ ਉਸ ਵੱਲੋਂ ਚਲਾਈ ਗੋਲੀ ਨਾਲ ਜ਼ਖ਼ਮੀ ਹੋਣ ਦੇ ਬਾਵਜੂਦ ਉਸ ਨੂੰ ਕਾਬੂ ਕਰਕੇ ਰੱਖਿਆ।
ਐੱਸਐੱਸਪੀ ਡਾ. ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਧਿਆਨ ਚੰਦ ਵਾਸੀ ਨੌਰਾ ਥਾਣਾ ਸਦਰ ਬੰਗਾ ਜੋ ਐਲਆਈਸੀ ਦਾ ਅਡਵਾਈਜਰ ਹੈ। ਜਿਸ ਦਾ ਦਫ਼ਤਰ ਬੱਸ ਸਟੈਂਡ ਨੌਰਾ ਵਿਖੇ ਹੈ। ਅਮਰਜੀਤ ਸਿੰਘ ਨੇ ਇੰਸਪੈਕਟਰ ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਸਦਰ ਬੰਗਾ ਨੂੰ ਇਤਲਾਹ ਦਿੱਤੀ ਕਿ ਮਿਤੀ 19-05-22 ਨੂੰ ਉਸ ਨੂੰ ਇੱਕ ਚਿੱਠੀ ਅੰਗਰੇਜੀ ਵਿਚ ਟਾਈਪ ਕੀਤੀ ਹੋਈ ਮਿਲੀ। ਜਿਸ ਵਿਚ ਉਸ ਪਾਸੋਂ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਤੇ ਇਸ ਸਬੰਧੀ ਪੈਸੇ ਤਿਆਰ ਹੋਣ ਅਤੇ ਨਿਸ਼ਾਨੀ ਦੇ ਤੌਰ ‘ਤੇ ਆਪਣੀ ਦੁਕਾਨ ’ਤੇ ਹਰਾ ਝੰਡਾ ਲਗਾਉਣ ਸਬੰਧੀ ਲਿਖਿਆ ਗਿਆ ਸੀ ਅਤੇ ਫਿਰੌਤੀ ਮੰਗਣ ਵਾਲੇ ਨੇ ਉਸ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਇਸ ਸਬੰਧੀ ਪੁਲਿਸ ਨੂੰ ਇਤਲਾਹ ਕੀਤੀ ਤਾਂ ਉਸ ਦੇ ਮੁੰਡੇ ਨੂੰ ਮਾਰ ਦਿੱਤਾ ਜਾਵੇਗਾ। ਇਸ ਸਬੰਧੀ ਫਿਰੌਤੀ ਮੰਗਣ ਵਾਲੇ ਨੇ ਅਮਰਜੀਤ ਸਿੰਘ ਨੂੰ ਡਰਾਵਾ ਦਿੰਦੇ ਹੋਏ ਕਿਹਾ ਕਿ ਉਸ ਨੇ ਇਸ ਤਰਾਂ ਹੀ ਪਹਿਲਾਂ ਵੀ ਉਸਦੇ ਗੁਆਂਢੀ ਤੋਂ ਵੀ ਫਿਰੌਤੀ ਮੰਗੀ ਸੀ। ਜਿਸ ਨੇ ਉਸ ਨੂੰ ਫਿਰੌਤੀ ਨਹੀ ਦਿੱਤੀ ਜਿਸ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਉਪਰੰਤ ਅਮਰਜੀਤ ਸਿੰਘ ਨੂੰ ਇਸ ਮਾਮਲੇ ਵਿਚ ਕਥਿਤ ਮੁਲਜ਼ਮ ਵੱਲੋਂ ਵਾਰ ਵਾਰ ਫਿਰੌਤੀ ਲਈ ਕਾਲਾਂ ਆਉਦੀਆਂ ਰਹੀਆਂ। ਐੱਸਐੱਸਪੀ ਨੇ ਦੱਸਿਆ ਕਿ 8 ਜੂਨ ਨੂੰ ਵੀ ਅਮਰਜੀਤ ਸਿੰਘ ਨੂੰ ਦੁਬਾਰਾ ਫਿਰ ਕਥਿਤ ਮੁਲਜ਼ਮ ਦਾ ਫੋਨ ਆਇਆ ਤਾਂ ਅਮਰਜੀਤ ਸਿੰਘ ਨੇ ਉਸ ਨੂੰ 3 ਲੱਖ ਰੁਪਏ ਦਾ ਹੀ ਇੰਤਜਾਮ ਹੋਣ ਸਬੰਧੀ ਦੱਸਿਆ ਜਿਸ ‘ਤੇ ਕਥਿਤ ਮੁਲਜ਼ਮ ਨੇ ਉਸ ਨੂੰ ਚੰਡੀਗੜ੍ਹ ਆ ਕੇ ਇਹ ਪੈਸੇ ਦੇਣ ਲਈ ਕਿਹਾ। ਪਰ ਅਮਰਜੀਤ ਸਿੰਘ ਵੱਲੋਂ ਸ਼ੂਗਰ ਦੀ ਬਿਮਾਰੀ ਦਾ ਕਹਿ ਕੇ ਕਥਿਤ ਮੁਲਜ਼ਮ ਨੂੰ ਇਹ ਪੈਸੇ ਇੱਥੇ ਨੇੜੇ ਆ ਕੇ ਹੀ ਲੈ ਜਾਣ ਲਈ ਮਨਾਇਆ। ਜਿਸ ’ਤੇ ਕਥਿਤ ਮੁਲਜ਼ਮ ਨੇ ਉਸ ਨੂੰ ਦੋ ਦਿਨ ਦਾ ਇੰਤਜ਼ਾਰ ਕਰਨ ਲਈ ਕਿਹਾ ਅਤੇ 15 ਜੂਨ ਨੂੰ ਸ਼ਾਮ ਕਰੀਬ 4:30 ਵਜੇ ਅਮਰਜੀਤ ਸਿੰਘ ਨੂੰ ਕਥਿਤ ਮੁਲਜ਼ਮ ਵੱਲੋਂ ਦੋਬਾਰਾ ਫੋਨ ਕਰਕੇ ਪੈਸੇ ਗੜ੍ਹਸ਼ੰਕਰ ਲੈ ਕੇ ਆਉਣ ਲਈ ਕਿਹਾ। ਇਸ ’ਤੇ ਅਮਰਜੀਤ ਸਿੰਘ ਵੱਲੋਂ ਇਸ ਸਬੰਧੀ ਇਤਲਾਹ ਥਾਣਾ ਦੇਣ ’ਤੇ ਮੁਕੱਦਮਾ ਨੰਬਰ 58 ਮਿਤੀ 15-6-2022 ਜੁਰਮ 386, 506 ਭ:ਦ: ਥਾਣਾ ਸਦਰ ਬੰਗਾ ਨਾ-ਮਲੂਮ ਵਿਅਕਤੀ ਦੇ ਖਿਲਾਫ ਦਰਜ ਕੀਤਾ ਗਿਆ।
ਐੱਸਐੱਸਪੀ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ ਬੰਗਾ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਸਦਰ ਬੰਗਾ ਸਮੇਤ ਕਰਮਚਾਰੀਆਂ ਸਿਵਲ ਕੱਪੜਿਆਂ ਵਿਚ ਸਮੇਤ ਅਸਲਾ ਅਲੱਗ-ਅਲੱਗ ਪੁਲਿਸ ਪਾਰਟੀਆਂ ਤਿਆਰ ਕਰਕੇ ਅਮਰਜੀਤ ਸਿੰਘ ਨੂੰ ਫ਼ੋਨ ਕਰਨ ਵਾਲੇ ਨਾਲ ਗੱਲ ਕਰਕੇ ਪੈਸੇ ਲੈ ਕੇ ਜਾਣ ਲਈ ਕਿਹਾ। ਜੋ ਅਮਰਜੀਤ ਸਿੰਘ ਨੂੰ ਫੋਨ ਕਰਨ ਵਾਲੇ ਕਥਿਤ ਮੁਲਜ਼ਮ ਨੇ ਪੈਸੇ ਨੌਰਾ ਤੋਂ ਗੜ੍ਹਸ਼ੰਕਰ ਵਾਲੀ ਸਾਈਡ ਮੇਨ ਰੋਡ ’ਤੇ ਕੋਲਡ ਸਟੋਰ ਲਾਗੇ ਮੋਟਰ ਦੇ ਕਮਰੇ ਲਾਗੇ ਰੱਖ ਕੇ ਉੱਥੋਂ ਚਲੇ ਜਾਣ ਲਈ ਕਿਹਾ। ਜਿਸ ’ਤੇ ਉਕਤ ਜਗਾ ਦੇ ਨਜਦੀਕ ਪਹਿਲਾ ਹੀ ਸਿਵਲ ਕੱਪੜਿਆਂ ਵਿਚ ਪੁਲਿਸ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਸਨ। ਤਾਂ ਹਦਾਇਤ ਮੁਤਾਬਿਕ ਜਦੋਂ ਅਮਰਜੀਤ ਸਿੰਘ ਵੱਲੋਂ ਕਥਿਤ ਮੁਲਜ਼ਮ ਦੀ ਦੱਸੀ ਜਗ੍ਹਾ ’ਤੇ 3 ਲੱਖ ਰੁਪਏ ਦਾ ਰੱਖਿਆ ਡੰਮੀ ਬੈਗ ਇਹ ਕਥਿਤ ਮੁਲਜ਼ਮ ਚੁੱਕ ਕੇ ਵਾਪਸ ਜਾਣ ਲੱਗਾ। ਤਾਂ ਤੁਰੰਤ ਲਾਗੇ ਤਾਇਨਾਤ ਸੀਨੀਅਰ ਸਿਪਾਹੀ ਮਨਦੀਪ ਸਿੰਘ ਨੇ ਕਥਿਤ ਮੁਲਜ਼ਮ ਨੂੰ ਫੜਨ ਲਈ ਅੱਗੇ ਹੋਇਆ ਤਾਂ ਕਥਿਤ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਦੌਰਾਨ ਆਪਣੇ ਪਿਸਟਲ 32 ਬੋਰ ਤੋਂ ਮਾਰ ਦੇਣ ਦੀ ਨੀਅਤ ਨਾਲ ਸੀਨੀਅਰ/ਸਿਪਾਹੀ ਮਨਦੀਪ ਸਿੰਘ ’ਤੇ ਫਾਇਰ ਕਰ ਦਿੱਤਾ। ਜੋ ਉਸ ਦੇ ਪੱਟ ਵਿਚ ਲੱਗਾ। ਪਰੰਤੂ ਮਨਦੀਪ ਸਿੰਘ ਨੇ ਕਥਿਥ ਮੁਲਜ਼ਮ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਤਾਂ ਇੰਨੇ ਨੂੰ ਗੁਰਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸਬ-ਡਵੀਜਨ ਬੰਗਾ ਅਤੇ ਰਾਜੀਵ ਕੁਮਾਰ ਮੁੱਖ ਅਫ਼ਸਰ ਥਾਣਾ ਸਦਰ ਬੰਗਾ ਅਤੇ ਹੋਰ ਪੁਲਿਸ ਕਰਮਚਾਰੀਆਂ ਨੇ ਮੌਕੇ ’ਤੇ ਹੀ ਕਥਿਤ ਮੁਲਜ਼ਮ ਨੂੰ ਕਾਬੂ ਕੀਤਾ ਤੇ ਉਸ ਪਾਸੋਂ ਪਿਸਟਲ 32 ਬੋਰ ਬਰਾਮਦ ਕੀਤਾ। ਦੌਰਾਨੇ ਤਫਤੀਸ ਕਥਿਤ ਮੁਲਜ਼ਮ ਦੀ ਪਹਿਚਾਣ ਨੋਮਾਨ ਉਰਫ ਨੌਸਾਦ ਰਮਜਾਨੀ ਵਾਸੀ ਦਲਹੇੜੀ ਜ਼ਿਲ੍ਹਾ ਸਹਾਰਨਪੁਰ ਯੂਪੀ ਵਜੋਂ ਹੋਈ ਹੈ। ਕਥਿਤ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਸ ਦੇ ਬਾਕੀ ਸਾਥੀਆਂ ਸਬੰਧੀ ਵੀ ਅਗਲੇਰੀ ਪੁੱਛਗਿੱਛ ਅਮਲ ਵਿਚ ਲਿਆਂਦੀ ਜਾਵੇਗੀ।