1984 ਦੇ ਸਿੱਖ ਵਿਰੋਧੀ ਦੰਗਿਆਂ ‘ਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਉਸਨੂੰ 1 ਨਵੰਬਰ, 1984 ਨੂੰ ਸਰਸਵਤੀ ਵਿਹਾਰ ਇਲਾਕੇ ਵਿੱਚ ਇੱਕ ਪਿਤਾ-ਪੁੱਤਰ ਦੀ ਹੱਤਿਆ ਨਾਲ ਸਬੰਧਤ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ 12 ਫਰਵਰੀ ਨੂੰ ਦੰਗੇ, ਗੈਰ-ਕਾਨੂੰਨੀ ਇਕੱਠ ਅਤੇ ਕਤਲ ਆਦਿ ਨਾਲ ਸਬੰਧਤ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਦੋ ਵਿਅਕਤੀਆਂ ਦੇ ਕਤਲ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਹਿੰਸਾ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਏ ਗਏ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ, ਦਿੱਲੀ ਵਿੱਚ ਹੋਏ ਦੰਗਿਆਂ ਦੇ ਸਬੰਧ ਵਿੱਚ 587 ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਇਨ੍ਹਾਂ ਦੰਗਿਆਂ ਵਿੱਚ 2,733 ਲੋਕ ਮਾਰੇ ਗਏ ਸਨ। ਕੁੱਲ ਮਿਲਾ ਕੇ ਪੁਲਿਸ ਨੇ ਸੁਰਾਗਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਲਗਭਗ 240 ਐਫਆਈਆਰ ਬੰਦ ਕਰ ਦਿੱਤੀਆਂ ਅਤੇ 250 ਮਾਮਲਿਆਂ ਵਿੱਚ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ। ਸਿਰਫ਼ 28 ਮਾਮਲਿਆਂ ਵਿੱਚ ਹੀ ਸਜ਼ਾ ਹੋਈ, ਜਿਨ੍ਹਾਂ ਵਿੱਚੋਂ ਲਗਭਗ 400 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ। ਸੱਜਣ ਕੁਮਾਰ ਸਮੇਤ ਲਗਭਗ 50 ਲੋਕਾਂ ਨੂੰ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਸੱਜਣ ਕੁਮਾਰ, ਜੋ ਉਸ ਸਮੇਂ ਇੱਕ ਪ੍ਰਭਾਵਸ਼ਾਲੀ ਕਾਂਗਰਸੀ ਨੇਤਾ ਅਤੇ ਸੰਸਦ ਮੈਂਬਰ ਸਨ, 1 ਅਤੇ 2 ਨਵੰਬਰ, 1984 ਨੂੰ ਦਿੱਲੀ ਦੀ ਪਾਲਮ ਕਲੋਨੀ ਵਿੱਚ ਪੰਜ ਲੋਕਾਂ ਦੇ ਕਤਲ ਕੇਸ ਵਿੱਚ ਵੀ ਦੋਸ਼ੀ ਸਨ। ਇਸ ਮਾਮਲੇ ਵਿੱਚ, ਦਿੱਲੀ ਹਾਈ ਕੋਰਟ ਨੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਉਸਦੀ ਅਪੀਲ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਹੇਠਲੀ ਅਦਾਲਤ ਵੱਲੋਂ ਕੁਮਾਰ ਨੂੰ ਬਰੀ ਕੀਤੇ ਜਾਣ ਵਿਰੁੱਧ ਦਿੱਲੀ ਹਾਈ ਕੋਰਟ ਵਿੱਚ ਇੱਕ ਹੋਰ ਅਪੀਲ ਲੰਬਿਤ ਹੈ, ਜਦੋਂ ਕਿ ਦਿੱਲੀ ਦੀ ਇੱਕ ਅਦਾਲਤ ਇਸ ਸਮੇਂ ਚੌਥੇ ਮਾਮਲੇ ਦੀ ਸੁਣਵਾਈ ਕਰ ਰਹੀ ਹੈ।

ਸੱਜਣ ਕੁਮਾਰ ਨੂੰ ਹੋਈ ਉਮਰ ਕੈਦ ਦੀ ਸਜ਼ਾ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ ਕਿ ਇਨਸਾਫ਼ ਮਿਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੱਜਣ ਕੁਮਾਰ ਹੁਣ ਸਾਰੀ ਉਮਰ ਜੇਲ੍ਹ ਵਿੱਚ ਰਹੇਗਾ। ਉਨ੍ਹਾਂ ਨੇ ਕਿਹਾ ਹੈ ਕਿ ਇਨਸਾਫ ਭਾਵੇ ਲੇਟ ਮਿਲਿਆ ਹੈ ਫਿਰ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ। ਬਿੱਟੂ ਨੇ ਕਿਹਾ,  “41 ਸਾਲ ਬਾਅਦ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ ਇਸ ਲਈ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ। ਸੱਜਣ ਕੁਮਾਰ ਹੁਣ ਜੇਲ੍ਹ ਵਿੱਚ ਹੀ ਰਹੇਗਾ। ਕਾਂਗਰਸ ਪਾਰਟੀ ਨੇ ਫਾਈਲਾਂ ਬੰਦ ਕਰ ਦਿੱਤੀਆਂ ਸਨ ਪਰ ਭਾਜਪਾ ਨੇ ਫਾਈਲਾਂ ਖੋਲ੍ਹ ਕੇ ਜਾਂਚ ਕਰਵਾਈ ਅਤੇ ਸੱਜਣ ਕੁਮਾਰ ਨੂੰ ਸਜ਼ਾ ਦਿੱਤੀ।”

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

AI ਬਹੁਤ ਕੁੱਝ ਕਰ ਸਕਦਾ ਪਰ ਇਹ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ – ਰਿਸ਼ੀ ਸੁਨਕ

‘ਏਆਈ ਇਮਪੈਕਟ ਸਮਿਟ 2026’ ਸਿਰਫ਼ ਪੀਆਰ ਸਟੰਟ – ਰਾਹੁਲ ਗਾਂਧੀ