ਪਾਣੀ, ਹਾਈਡ੍ਰੋਜਨ ਅਤੇ ਆਕਸੀਜਨ ਤੋਂ ਮਿਲਕੇ ਬਣਿਆ ਹੈ ਅਤੇ ਧਰਤੀ ਦਾ ਤਿੰਨ ਚੌਥਾਈ ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ ਪਰੰਤੂ 99 ਫੀਸਦੀ ਪਾਣੀ ਸਿੱਧਾ ਪੀਣ ਯੋਗ ਨਹੀਂ ਹੈ ਅਤੇ ਪੀਣ ਯੋਗ ਪਾਣੀ ਸਿਰਫ਼ 1 ਫੀਸਦੀ ਹੈ।
ਪਾਣੀ ਜੀਵਨ ਦਾ ਆਧਾਰ ਹੈ ਅਤੇ ਸਾਧਾਰਣ ਹਾਲਤਾਂ ਵਿੱਚ ਇੱਕ ਮਨੁੱਖ ਭੋਜਨ ਤੋਂ ਬਿਨ੍ਹਾਂ ਤਕਰੀਬਨ 20 ਦਿਨ ਰਹਿ ਸਕਦਾ ਹੈ ਪਰੰਤੂ ਪਾਣੀ ਤੋਂ ਬਿਨ੍ਹਾਂ 3-4 ਦਿਨਾਂ ਤੋਂ ਵੱਧ ਜਿਊਣਾ ਮੁਸ਼ਕਿਲ ਹੈ। ਇੱਕ ਬਾਲਗ ਪੁਰਸ਼ ਵਿੱਚ ਆਪਣੇ ਵਜ਼ਨ ਦਾ 60 ਫੀਸਦੀ ਅਤੇ ਔਰਤ ਵਿੱਚ 55 ਫੀਸਦੀ ਪਾਣੀ ਹੁੰਦਾ ਹੈ ਅਤੇ ਨਵਜੰਮੇ ਬੱਚਿਆਂ ਵਿੱਚ ਬਾਲਗਾਂ ਮੁਕਾਬਲੇ ਜਿਆਦਾ ਪਾਣੀ ਹੁੰਦਾ ਹੈ।
ਸਰੀਰ ਵਿੱਚ ਹਾਰਮੋਨ ਬਣਾਉਣ ਲਈ ਦਿਮਾਗ ਨੂੰ ਪਾਣੀ ਦੀ ਲੋੜ ਹੁੰਦੀ ਹੈ। ਸਰੀਰ ਪਾਣੀ ਨਾਲ ਥੁੱਕ ਬਣਾਉਂਦਾ ਹੈ ਜਿਹੜਾ ਪਾਚਣ ਕਿਰਿਆ ਲਈ ਜ਼ਰੂਰੀ ਹੈ। ਸਰੀਰ ਦਾ ਤਾਪਮਾਨ ਪਾਣੀ ਨਾਲ ਤੈਅ ਹੁੰਦਾ ਹੈ। ਸਰੀਰ ਦੇ ਸੈੱਲ ਪਾਣੀ ਦੇ ਪੱਧਰ ਦੇ ਹਿਸਾਬ ਨਾਲ ਵਧਦੇ ਹਨ ਅਤੇ ਨਵੇਂ ਸੈਲ ਤਿਆਰ ਕਰਦੇ ਹਨ। ਸਰੀਰ ਦੀ ਗੰਦਗੀ ਨੂੰ ਪਸੀਨੇ ਅਤੇ ਪੇਸ਼ਾਬ ਦੇ ਰੂਪ ਵਿੱਚ ਬਾਹਰ ਕੱਢਣ ਵਿੱਚ ਪਾਣੀ ਦੀ ਅਹਿਮ ਭੂਮਿਕਾ ਹੈ। ਹੱਡੀਆਂ ਦੇ ਜੋੜਾਂ ਵਿੱਚ ਚਿਕਨਾਹਟ ਅਤੇ ਚਮੜੀ ਨੂੰ ਨਮੀ ਵੀ ਪਾਣੀ ਨਾਲ ਮਿਲਦੀ ਹੈ ਅਤੇ ਸਰੀਰ ਵਿੱਚ ਆਕਸੀਜਨ ਦੀ ਜ਼ਰੂਰੀ ਮਾਤਰਾ ਬਣਾਏ ਰੱਖਣ ਲਈ ਵੀ ਪਾਣੀ ਬਹੁਤ ਜ਼ਰੂਰੀ ਹੈ।
ਸਰੀਰ ਵਿੱਚ ਪਾਣੀ ਦੀ ਕਮੀ ਹੋਣ ਨਾਲ ਸਭ ਤੋਂ ਪਹਿਲਾਂ ਮੂੰਹ ਸੁੱਕਦਾ ਹੈ ਅਤੇ ਪਿਆਸ ਲੱਗਣ ਲਗਦੀ ਹੈ, ਇਹ ਡੀ-ਹਾਈਡ੍ਰੇਸ਼ਨ ਦੀ ਪਹਿਲੀ ਨਿਸ਼ਾਨੀ ਹੈ। ਇਸ ਤੋਂ ਬਾਅਦ ਪੇਸ਼ਾਬ ਦਾ ਰੰਗ ਗੂੜਾ ਪੀਲਾ ਹੋਣ ਲੱਗਦਾ ਹੈ, ਉਸ ਵਿੱਚੋਂ ਬਦਬੂ ਵੱਧ ਆਉਣ ਲੱਗਦੀ ਹੈ,
ਸੋ ਦੁਨੀਆਂ ਭਰ ਵਿੱਚ ਪਾਣੀ ਦੀ ਮਹੱਤਤਾ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਹਰ ਸਾਲ 22 ਮਾਰਚ ਨੂੰ ਵਿਸ਼ਵ ਜਲ ਦਿਵਸ ਮਨਾਇਆ ਜਾਂਦਾ ਹੈ। ਨੀਲੇ ਰੰਗ ਦੀ ਪਾਣੀ ਦੀ ਬੂੰਦ ਦੀ ਤਸਵੀਰ ਵਿਸ਼ਵ ਜਲ ਦਿਵਸ ਦਾ ਮੁੱਖ ਨਿਸ਼ਾਨ ਹੈ। ਸਾਲ 2020 ਦੇ ਵਿਸ਼ਵ ਜਲ ਦਿਵਸ ਦਾ ਵਿਸ਼ਾ ਹੈ ‘ਜਲ ਅਤੇ ਮੌਸਮ ਵਿੱਚ ਤਬਦੀਲੀ’।
ਕੌਮਾਂਤਰੀ ਜਲ ਦਿਵਸ ਨੂੰ ਸਾਲ 1992 ਵਿੱਚ ਬ੍ਰਾਜ਼ੀਲ ਦੇ ਰਿਓ ਡੀ ਜੇਨੇਰੀਓ ਵਿੱਚ ਵਾਤਾਵਰਣ ਅਤੇ ਵਿਕਾਸ ਤੇ ਹੋਈ ਕਾਨਫਰੰਸ ਵਿੱਚ ਸੰਯੁਕਤ ਰਾਸ਼ਟਰ ਸੰਮੇਲਨ ਦੀ ਅਨੁਸੂਚੀ 21 ਵਿੱਚ ਅਧਿਕਾਰਿਕ ਰੂਪ ਵਿੱਚ ਜੋੜਿਆ ਗਿਆ ਸੀ ਅਤੇ ਸਾਲ 1993 ਵਿੱਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੇ ਦੁਆਰਾ 22 ਮਾਰਚ ਨੂੰ ਇੱਕ ਸਲਾਨਾ ਪ੍ਰੋਗਰਾਮ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਗਿਆ।
ਦੁਨੀਆਂ ਵਿੱਚ ਬਹੁਤ ਅਜਿਹੇ ਹਿੱਸੇ ਹਨ ਜਿੱਥੇ ਲੋਕ ਸਾਫ਼ ਅਤੇ ਸ਼ੁੱਧ ਪਾਣੀ ਲਈ ਤਰਸ ਰਹੇ ਹਨ। ਸੰਯੁਕਤ ਰਾਸ਼ਟਰ ਦੇ ਇੱਕ ਅਨੁਮਾਨ ਮੁਤਾਬਿਕ ਸਾਲ 2030 ਤੱਕ ਸਾਫ਼ ਪਾਣੀ ਦੀ ਮੰਗ 40 ਫ਼ੀਸਦ ਤੱਕ ਵਧ ਸਕਦੀ ਹੈ। ਅਜਿਹੇ ਵਿੱਚ ਜੇਕਰ ਪਾਣੀ ਲਈ ਸਹੀ ਪ੍ਰਬੰਧ ਨਾ ਕੀਤਾ ਗਿਆ ਤਾਂ ਇਸ ਦੇ ਭਿਆਨਕ ਸਿੱਟਿਆਂ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ।
ਸਮੇਂ ਦੀ ਜ਼ਰੂਰਤ ਹੈ ਕਿ ਪਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ ਪਾਣੀ ਦੀ ਸਾਂਭ ਸੰਭਾਲ ਦੇ ਉੱਦਮ ਲੋਕਾਂ ਦੁਆਰਾ ਨਿੱਜੀ ਪੱਧਰ ਤੇ ਵੀ ਕੀਤੇ ਜਾਣ ਅਤੇ ਵਿਵਸਥਾ ਵੀ ਪਾਣੀ ਦੀ ਸੰਭਾਲ ਸੰਬੰਧੀ ਸੰਜੀਦਗੀ ਨੂੰ ਅਮਲੀ ਰੂਪ ਦੇਵੇ ਤਾਂ ਜੋ ਲੋੜਵੰਦਾਂ ਅਤੇ ਆਉਣ ਵਾਲੀਆਂ ਪੀੜੀਆਂ ਲਈ ਯੋਗ ਪਾਣੀ ਬਚਾਇਆ ਜਾ ਸਕੇ।