38 ਸਾਲਾਂ ਬਾਅਦ ਨਿਊਜ਼ੀਲੈਂਡ ਨੇ ਭਾਰਤ ਨੂੰ ਕਿਵੇਂ ਹਰਾਇਆ ?

ਸਾਲ 1988 ਤੋਂ ਬਾਅਦ ਪਹਿਲੀ ਵਾਰ ਨਿਊਜ਼ੀਲੈਂਡ ਨੇ ਭਾਰਤ ਵਿੱਚ ਦੁਵੱਲੀ ਇੱਕ ਰੋਜ਼ਾ ਲੜੀ ਜਿੱਤੀ ਹੈ।

ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਖੇਡੇ ਗਏ ਲੜੀ ਦੇ ਤੀਜੇ ਅਤੇ ਫੈਸਲਾਕੁੰਨ ਮੈਚ ਨੂੰ 41 ਦੌੜਾਂ ਨਾਲ ਜਿੱਤ ਕੇ, ਨਿਊਜ਼ੀਲੈਂਡ ਨੇ ਨਾ ਸਿਰਫ਼ ਲੜੀ 2-1 ਨਾਲ ਜਿੱਤੀ, ਸਗੋਂ ਭਾਰਤ ਵਿੱਚ ਆਪਣੀ ਪਹਿਲੀ ਇੱਕ ਰੋਜ਼ਾ ਲੜੀ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਹ ਸਿਰਫ਼ ਇੱਕ ਲੜੀ ਦੀ ਜਿੱਤ ਹੀ ਨਹੀਂ ਸੀ ਸਗੋਂ ਇੱਕ ਇਤਿਹਾਸਕ ਵੀ ਸੀ। ਸਾਲ 1988 ਤੋਂ ਬਾਅਦ ਪਹਿਲੀ ਵਾਰ ਨਿਊਜ਼ੀਲੈਂਡ ਨੇ ਭਾਰਤ ਵਿੱਚ ਦੁਵੱਲੀ ਇੱਕ ਰੋਜ਼ਾ ਲੜੀ ਜਿੱਤੀ ਹੈ ਅਤੇ ਭਾਰਤ ਇੰਦੌਰ ਵਿੱਚ ਲਗਾਤਾਰ ਸੱਤ ਮੈਚ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਾਰਿਆ। ਤਿੰਨ ਦਹਾਕਿਆਂ ਤੱਕ ਫੈਲੇ ਇਨ੍ਹਾਂ ਰਿਕਾਰਡਾਂ ਨੇ ਭਾਰਤ ਦੀ ਇਸ ਹਾਰ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ। ਮਾਈਕਲ ਬ੍ਰੇਸਵੈੱਲ ਦੀ ਕਪਤਾਨੀ ਵਾਲੀ ਕੀਵੀ ਟੀਮ ਨੇ ਕੇਨ ਵਿਲੀਅਮਸਨ, ਮੈਟ ਹੈਨਰੀ ਅਤੇ ਮਿਸ਼ੇਲ ਸੈਂਟਨਰ ਵਰਗੇ ਦਿੱਗਜਾਂ ਦੀ ਗੈਰਹਾਜ਼ਰੀ ਦੇ ਬਾਵਜੂਦ ਇਹ ਜਿੱਤ ਹਾਸਲ ਕੀਤੀ।

ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਡੈਰਿਲ ਮਿਸ਼ੇਲ ਅਤੇ ਗਲੇਨ ਫਿਲਿਪਸ ਦੇ ਸੈਂਕੜਿਆਂ ਅਤੇ ਚੌਥੀ ਵਿਕਟ ਲਈ 219 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਦੇ ਸਹਾਰੇ, ਨਿਊਜ਼ੀਲੈਂਡ ਨੇ 8 ਵਿਕਟਾਂ ‘ਤੇ 237 ਦੌੜਾਂ ਬਣਾਈਆਂ। ਡੈਰਿਲ ਮਿਸ਼ੇਲ ਦੀਆਂ 137 ਦੌੜਾਂ 131 ਗੇਂਦਾਂ ‘ਤੇ ਆਈਆਂ, ਜਿਸ ਵਿੱਚ 3 ਛੱਕੇ ਅਤੇ 15 ਚੌਕੇ ਲੱਗੇ। ਗਲੇਨ ਫਿਲਿਪਸ ਨੇ 88 ਗੇਂਦਾਂ ‘ਤੇ 106 ਦੌੜਾਂ ਬਣਾਈਆਂ, ਜਿਸ ਵਿੱਚ 9 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਵਿਲ ਯੰਗ ਨੇ 30 ਦੌੜਾਂ ਬਣਾਈਆਂ, ਅਤੇ ਕਪਤਾਨ ਮਾਈਕਲ ਬ੍ਰੇਸਵੈੱਲ 28 ਦੌੜਾਂ ਬਣਾ ਕੇ ਨਾਟ-ਆਊਟ ਰਹੇ। ਮੈਚ ਦੌਰਾਨ ਭਾਰਤ ਲਈ ਅਰਸ਼ਦੀਪ ਸਿੰਘ ਅਤੇ ਹਰਸ਼ਿਤ ਰਾਣਾ ਨੇ 3-3 ਵਿਕਟਾਂ ਲਈਆਂ। ਹਰਸ਼ਿਤ ਥੋੜ੍ਹਾ ਮਹਿੰਗਾ ਸੀ, ਉਸਨੇ 10 ਓਵਰਾਂ ਵਿੱਚ 84 ਦੌੜਾਂ ਦਿੱਤੀਆਂ। ਅਰਸ਼ਦੀਪ ਨੇ 63 ਦੌੜਾਂ ਦਿੱਤੀਆਂ। ਸਿਰਾਜ ਨੇ 10 ਓਵਰਾਂ ਵਿੱਚ 43 ਦੌੜਾਂ ਦੇ ਕੇ 1 ਵਿਕਟ ਲਈ, ਅਤੇ ਕੁਲਦੀਪ ਯਾਦਵ ਨੇ 6 ਓਵਰਾਂ ਵਿੱਚ 48 ਦੌੜਾਂ ਦੇ ਕੇ 1 ਵਿਕਟ ਲਈ।

338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਦੀ ਸ਼ੁਰੂਆਤ ਮਾੜੀ ਰਹੀ। ਰੋਹਿਤ ਸ਼ਰਮਾ 11 ਅਤੇ ਸ਼ੁਭਮਨ ਗਿੱਲ 23 ਦੌੜਾਂ ਬਣਾ ਕੇ ਆਊਟ ਹੋਏ। ਵਿਰਾਟ ਕੋਹਲੀ ਨੇ 108 ਗੇਂਦਾਂ ‘ਤੇ 124 ਦੌੜਾਂ ਬਣਾਈਆਂ, ਜਿਸ ਵਿੱਚ 3 ਛੱਕੇ ਅਤੇ 10 ਚੌਕੇ ਸ਼ਾਮਲ ਸਨ। ਇਹ ਕੋਹਲੀ ਦਾ 54ਵਾਂ ਵਨਡੇ ਸੈਂਕੜਾ ਸੀ, ਜੋ 91ਵੀਂ ਗੇਂਦ ‘ਤੇ ਆਇਆ। ਕੋਹਲੀ ਨੇ ਨਿਤੀਸ਼ ਕੁਮਾਰ ਰੈਡੀ (53) ਨਾਲ ਪੰਜਵੀਂ ਵਿਕਟ ਲਈ 88 ਦੌੜਾਂ ਅਤੇ ਹਰਸ਼ਿਤ ਰਾਣਾ (52) ਨਾਲ ਸੱਤਵੀਂ ਵਿਕਟ ਲਈ 99 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਵਿਰਾਟ ਦੇ ਨੌਵੀਂ ਵਿਕਟ ਲਈ ਆਊਟ ਹੋਣ ਦੇ ਨਾਲ ਭਾਰਤ 46 ਓਵਰਾਂ ਵਿੱਚ 296 ਦੌੜਾਂ ‘ਤੇ ਢੇਰ ਹੋ ਗਿਆ ਅਤੇ ਮੈਚ 41 ਦੌੜਾਂ ਨਾਲ ਹਾਰ ਗਿਆ।

ਨਿਊਜ਼ੀਲੈਂਡ ਲਈ ਜ਼ੈਕਰੀ ਫਾਕਸ ਅਤੇ ਕ੍ਰਿਸ ਕਲਾਰਕ ਨੇ 3-3 ਵਿਕਟਾਂ ਲਈਆਂ, ਜਦੋਂ ਕਿ ਜੈਡੇਨ ਲੈਨੋਕਸ ਨੇ 2 ਵਿਕਟਾਂ ਲਈਆਂ। ਕਾਇਲ ਜੈਮੀਸਨ ਨੇ 1 ਵਿਕਟ ਲਈ। ਡੈਰਿਲ ਮਿਸ਼ੇਲ ਨੂੰ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ।

Related posts

ਆਸਟ੍ਰੇਲੀਅਨ ਓਪਨ 2026 : ਅੱਜ ਟੈਨਿਸ ਪ੍ਰਸ਼ੰਸਕਾਂ ਲਈ ਇੱਕ ਇਤਿਹਾਸਕ ਪਲ

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਕਿਸੇ ਚਮਤਕਾਰ ਤੋਂ ਘੱਟ ਨਹੀਂ ਆਸਟ੍ਰੇਲੀਆ ਦੇ ਸਾਬਕਾ ਬੈਟਸਮੈਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ