ਅੱਜ 7 ਵੱਜਕੇ 1 ਮਿੰਟ ‘ਤੇ ‘ਰਾਸ਼ਟਰੀ ਸੋਗ ਦਿਵਸ’ ਦੇ ਮੌਕੇ ਸਾਰੇ ਆਸਟ੍ਰੇਲੀਆ ਦੇ ਵਿੱਚ ਉਹਨਾਂ 15 ਬੇਗੁਨਾਹ ਲੋਕਾਂ ਦੀ ਆਤਮਿਕ ਸ਼ਾਂਤੀ ਦੇ ਲਈ ਇੱਕ ਮਿੰਟ ਦੀ ਚੁੱਪ ਰੱਖੀ ਜਾਵੇਗੀ, ਜਿਹਨਾਂ ਦੀ ਜ਼ਿੰਦਗੀ ਅਤੇ ਭਵਿੱਖ 14 ਦਸੰਬਰ 2025 ਨੂੰ ਇੱਕ ਅੱਤਵਾਦੀ ਹਮਲੇ ਦੇ ਵਿੱਚ ਬੇਰਹਿਮੀ ਦੇ ਨਾਲ ਖੋਹ ਲਿਆ ਗਿਆ ਸੀ।
ਆਸਟ੍ਰੇਲੀਆ ਦੇ ਲੋਕ ਇਸ ਯਹੂਦੀ ਵਿਰੋਧੀ ਘਿਨਾਉਣੀ ਘਟਨਾ ਕਾਰਣ ਡੂੰਘੇ ਦੁੱਖ ਅਤੇ ਸਦਮੇ ਵਿੱਚ ਹਨ। ਇਹ ਸ਼ਰਧਾਂਜਲੀ ਸਮਾਗਮ ਉਨ੍ਹਾਂ ਲਈ ਰੁਕਣ, ਯਾਦ ਕਰਨ ਅਤੇ ਉਹਨਾਂ ਲੋਕਾਂ ਦੇ ਸਨਮਾਨ ਵਿੱਚ ਮੋਮਬੱਤੀ ਜਗਾਉਣ ਦਾ ਇੱਕ ਮੌਕਾ ਹੋਵੇਗਾ, ਜਿਹਨਾਂ ਨੇ ਆਪਣੀ ਜਾਨ ਗੁਆਈ, ਤੇ ਨਾਲ ਹੀ ਇਹ ਸਮਾਗਮ ਸ਼ਾਂਤੀ, ਪਿਆਰ ਅਤੇ ਨਫ਼ਰਤ ਨੂੰ ਖਤਮ ਕਰਨ ਦਾ ਸੰਦੇਸ਼ ਵੀ ਦੇਵੇਗਾ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਸਟ੍ਰੇਲੀਆ ਦੇ ਸਾਰੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ:
- ਉਹ ਮਿਲਕੇ, ਖਾਣਾ ਖਾਣ ਅਤੇ ਸਾਰੇ ਧਰਮਾਂ ਅਤੇ ਪਿਛੋਕੜਾਂ ਵਾਲੇ ਪ੍ਰੀਵਾਰਾਂ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ।
- ਯਹੂਦੀ ਭਾਈਚਾਰੇ ਨਾਲ ਯਾਦ, ਦੁੱਖ ਅਤੇ ਇੱਕਜੁਟਤਾ ਦੇ ਨਿਸ਼ਾਨ ਦੇ ਤੌਰ ‘ਤੇ ਆਪਣੇ ਘਰ ਦੇ ਦਰਵਾਜ਼ੇ ਜਾਂ ਖਿੜਕੀ ‘ਤੇ ਇੱਕ ਮੋਮਬੱਤੀ ਜਗਾਉਣ।
- ਬੌਂਡੀ ਦੀ ਦੁੱਖਦਾਈ ਘਟਨਾ ਦੇ ਲਈ ਸੁਝਾਏ ਗਏ 15 ਮਿਤਜ਼ਵਾਹ ਵਿੱਚੋਂ ਇੱਕ ਜਾਂ ਜਿਆਦਾ ਕਰਨ।
ਬੌਂਡੀ ਬੀਚ ‘ਤੇ ਆਸਟ੍ਰੇਲੀਆ ਦਾ ਰਾਸ਼ਟਰੀ ਸ਼ਰਧਾਂਜਲੀ ਸਮਾਗਮ ਹੋਵੇਗਾ ਪਰ ਉਥੇ ਸਿਰਫ਼ ਸੱਦਾ-ਪੱਤਰ ਰਾਹੀਂ ਹੀ ਸ਼ਾਮਿਲ ਹੋਇਆ ਜਾ ਸਕਦਾ ਹੈ। ਇਸ ਦਾ ਔਨਲਾਈਨ ਸਿੱਧਾ ਪ੍ਰਸਾਰਣ https://www.youtube.com/chabadorg ‘ਤੇ ਉਪਲਬਧ ਹੈ।