ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ, ‘ਆਸਟ੍ਰੇਲੀਆ ਇੰਡੀਆ ਬਿਜ਼ਨੈਸ ਕੌਂਸਲ’ ਦੀ 40ਵੀਂ ਵਰ੍ਹੇਗੰਢ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਹ ਸਮਾਗਮ ਰਾਜਧਾਨੀ ਕੈਨਬਰਾ ਵਿਖੇ ਸਥਿਤ ਪਾਰਲੀਮੈਂਟ ਦੇ ਮੁਰਾਲ ਹਾਲ ਦੇ ਵਿੱਚ ਕੱਲ੍ਹ ਸੋਮਵਾਰ, 25 ਮਈ 2026 ਨੂੰ ਕਰਵਾਇਆ ਗਿਆ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਸ ਮੌਕੇ ‘ਆਸਟ੍ਰੇਲੀਆ ਇੰਡੀਆ ਬਿਜ਼ਨੈਸ ਕੌਂਸਲ’ ਦੇ ਮੁਖੀ ਦੀਪਕ-ਰਾਜ ਗੁਪਤਾ ਅਤੇ ਸਮਾਗਮ ਦੇ ਵਿੱਚ ਸ਼ਾਮਿਲ ਭਾਰਤ ਦੀ ਡਿਪਟੀ ਹਾਈ ਕਮਿਸ਼ਨਰ ਇਰੀਨਾ ਠਾਕੁਰ ਦਾ ਧੰਨਵਾਦ ਕੀਤਾ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ, “ਮੇਰੇ ਪਿਆਰੇ ਦੋਸਤੋ, ਤੁਹਾਡਾ ਬਹੁਤ-ਬਹੁਤ ਧੰਨਵਾਦ। ਇਹ ਸਮਾਗਮ ਆਸਟ੍ਰੇਲੀਆ ਅਤੇ ਭਾਰਤ ਦੇ ਸਬੰਧਾਂ ਦੀ ਮਹੱਤਤਾ ਅਤੇ ਭਾਰਤੀ-ਆਸਟ੍ਰੇਲੀਅਨ ਆਬਾਦੀ ਨਾਲ ਮੇਰੀ ਸਰਕਾਰ ਦੇ ਸਬੰਧਾਂ ਬਾਰੇ ਬਹੁਤ ਕੁੱਝ ਕਹਿੰਦਾ ਹੈ। ਇਹ ਕਿੰਨੀ ਸ਼ਾਨਦਾਰ ਵਰ੍ਹੇਗੰਢ ਹੈ। ਕਿਸੇ ਸੰਸਥਾ ਦਾ ਚਾਲੀ ਸਾਲਾਂ ਤੱਕ ਚੱਲਣਾ ਸਿਰਫ਼ ਚੰਗੀ ਕਿਸਮਤ ਕਰਕੇ ਨਹੀਂਂ ਹੁੰਦਾ ਬਲਕਿ ਇਹ ਸਖ਼ਤ ਮਿਹਨਤ ਦੀ ਬਦੌਲਤ ਹੁੰਦਾ ਹੈ। ਇਹ ਲੋਕਾਂ ਦੀ ਪੂਰੀ ਟੀਮ ਦੀ ਇੱਛਾ, ਦ੍ਰਿੜਤਾ, ਸਮਰਪਣ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੁੰਦਾ ਹੈ। ਇਹ ਇੱਕ ਅਜਿਹੀ ਕਹਾਣੀ ਹੈ ਜੋ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਨੂੰ ਪਛਾਣਨ ਤੋਂ ਪੈਦਾ ਹੋਏ ਦ੍ਰਿਸ਼ਟੀਕੋਣ ਨਾਲ ਸ਼ੁਰੂ ਹੋਈ ਸੀ। ਦੋਵੇਂ ਵੱਖ-ਵੱਖ ਤਰੀਕਿਆਂ ਨਾਲ ਬਹੁਤ ਖਾਸ ਹਨ, ਦੋਨੋਂ ਇੱਕ ਨਜ਼ਦੀਕੀ ਸਾਂਝੇਦਾਰੀ ਵਿੱਚ ਇਕੱਠੇ ਆਏ ਹਨ ਜੋ ਵਧਦੇ ਆਰਥਿਕ, ਰਣਨੀਤਕ ਅਤੇ ਭਾਈਚਾਰਕ ਸਬੰਧਾਂ ਦੁਆਰਾ ਪਛਾਣੀ ਜਾਂਦੀ ਹੈ ਅਤੇ ਦੋਸਤੀ ਦੁਆਰਾ ਇਸ ਨੂੰ ਹੋਰ ਵੀ ਵੱਡਾ ਬਣਾਇਆ ਗਿਆ ਹੈ, ਜੋ ਕਿ ਆਪਣੀ ਆਪਸੀ ਪ੍ਰਸ਼ੰਸਾ ਅਤੇ ਸਤਿਕਾਰ ਵਿੱਚ ਸਾਡੇ ਰਿਸ਼ਤੇ ਦਾ ਦਿਲ ਹੈ। ਉਸ ਦ੍ਰਿਸ਼ਟੀਕੋਣ ਨੂੰ ਦੋ ਮਹਾਨ ਵਿਅਕਤੀਆਂ, ਪ੍ਰਧਾਨ ਮੰਤਰੀ ਬੌਬ ਹਾਕ ਅਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੁਆਰਾ ਸਾਕਾਰ ਕੀਤੇ ਜਾਣ ਤੋਂ ਚਾਲੀ ਸਾਲ ਬਾਅਦ ਆਪਣੀ ਨਿਰੰਤਰ ਸਫਲਤਾ ਦਾ ਜਸ਼ਨ ਮਨਾਉਂਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਸਭ ਤੋਂ ਹਮੇਸ਼ਾਂ ਰਹਿਣ ਵਾਲੀਆਂ ਗੱਲਾਂ ਵਿੱਚੋਂ ਇੱਕ ਜੋ ਕੋਈ ਵੀ ਕਿਸੇ ਵੇਲੇ ਵੀ ਕਹਿ ਸਕਦਾ ਹੈ ਉਹ ਇਹ ਹੈ ਕਿ ਭਾਰਤ ਨਾਲ ਆਰਥਿਕ ਤੌਰ ‘ਤੇ ਜੁੜਨ ਦੇ ਲਈ ਇਸ ਤੋਂ ਬਿਹਤਰ ਸਮਾਂ ਕੋਈ ਨਹੀਂ ਹੈ। ਇਹ ਬਿਨਾਂ ਸ਼ੱਕ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਇਹ ਇੱਕ ਮਜ਼ਬੂਤ ਅਤੇ ਤੇਜ਼ੀ ਨਾਲ ਚੱਲਣ ਵਾਲਾ ਲੋਕਤੰਤਰ ਹੈ। ਇਹ ਇਸ ਦਹਾਕੇ ਦੇ ਅੰਤ ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ ‘ਤੇ ਹੈ। ਜਿਸ ਤਰ੍ਹਾਂ ਭਾਰਤ ਦੀ ਅਰਥਵਿਵਸਥਾ ਵਧ ਰਹੀ ਹੈ, ਉਹ ਕਈ ਸ਼ਾਨਦਾਰ ਤਰੀਕਿਆਂ ਨਾਲ ਸਾਡੀ ਆਪਣੀ ਅਰਥਵਿਵਸਥਾ ਨੂੰ ਪੂਰਾ ਕਰ ਰਹੀ ਹੈ। ਇਸ ਵਿੱਚ ਇਸ ਤੋਂ ਇਲਾਵਾ ਉਹ ਸਭ ਜੋੜਿਆ ਜਾਵੇ ਜੋ ਸਾਡੇ ਸੱਭਿਆਚਾਰਕ ਤੌਰ ‘ਤੇ ਅਤੇ ਸਿੱਖਿਆ ਅਤੇ ਖੇਡਾਂ ਦੇ ਪਾਵਰਹਾਊਸਾਂ ਰਾਹੀਂ ਜੋੜਦਾ ਹੈ, ਖਾਸ ਕਰਕੇ ਕ੍ਰਿਕਟ ਦੀ ਅੰਤਰਰਾਸ਼ਟਰੀ ਭਾਸ਼ਾ ਰਾਹੀਂਂ।”
ਇਸ ਮੌਕੇ ਆਪਣੇ ਗੁਜਰਾਤ ਦੌਰੇ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਦੱਸਿਆ ਕਿ, “ਮੈਂ ਪ੍ਰਧਾਨ ਮੰਤਰੀ ਵਜੋਂ ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਚੌਥੇ ਟੈਸਟ ਵਿੱਚ ਜਾਣ ਨੂੰ ਅਤੇ ਰੱਥ ਵਿੱਚ ਉਸ ਸਟੇਡੀਅਮ ਦਾ ਚੱਕਰ ਲਗਾਉਣ ਨੂੰ ਕਦੇ ਨਹੀਂ ਭੁੱਲਾਂਗਾ, ਜੋ ਕਿ ਮੈਨੂੰ ਯਕੀਨ ਹੈ ਕਿ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ। ਜਦੋਂ ਅਸੀਂ ਉਸ ਰੱਥ ਵਿੱਚ ਘੁੰਮ ਰਹੇ ਸੀ ਅਤੇ ਹਰ ਕੋਈ ਉੱਥੇ ਸੀ, ਤਾਂ ਉੱਥੇ ਇੱਥੇ ਨਾਲੋਂ ਜ਼ਿਆਦਾ ਮੋਬਾਈਲ ਫੋਨ ਸਨ। ਜਦੋਂ ਅਸੀਂਂ ਚੱਕਰ ਲਗਾ ਰਹੇ ਸੀ ਤਾਂ ਲਗਭਗ 80,000 ਲੋਕਾਂ ਨੇ ਫੋਨ ਫੜੇ ਹੋਏ ਸਨ। ਜਦੋਂ ਲੋਕ ਖੁਸ਼ੀ ਮਨਾ ਰਹੇ ਸਨ ਤਾਂ ਮੈਂ ਆਪਣੇ ਦੋਸਤ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ, “ਤੁਸੀਂ ਬਹੁਤ ਮਸ਼ਹੂਰ ਹੋ। ਉਹਨਾਂ ਨੇ ਮੈਨੂੰ ਕਿਹਾ, “ਉਹ ਤੁਹਾਡੇ ਲਈ ਨਾਅਰੇ ਲਾ ਰਹੇ ਹਨ। ਮੈਂ ਕਿਹਾ, “ਪ੍ਰਧਾਨ ਮੰਤਰੀ ਜੀ, ਇਹ ਤੁਹਾਡੀ ਚੰਗੀ ਗੱਲ ਹੈ ਪਰ ਉਹ ਨਹੀਂਂ ਜਾਣਦੇ ਕਿ ਮੈਂ ਕੌਣ ਹਾਂ। ਇਸ ‘ਤੇ ਉਹਨਾਂ ਨੇ ਮੇਰੀ ਇੱਕ ਵੱਡੀ ਫੋਟੋ ਵਾਲੀ ਸਾਈਟ ਸਕ੍ਰੀਨ ਵੱਲ ਇਸ਼ਾਰਾ ਕੀਤਾ ਜਿਸ ਉਪਰ ਮੇਰੀ ਵੱਡੀ ਫੋਟੋ ਸੀ ਅਤੇ ਬੈਨਰ ਜੋ ਉੱਥੋਂ ਲੰਘ ਰਹੇ ਸਨ। ਉਹ ਇਸ ਇਮਾਰਤ ਜਿੰਨੇ ਉੱਚੇ ਹੋਣਗ, 18 ਮੀਟਰ ਦੇ ਬੈਨਰ ਜਿਨ੍ਹਾਂ ‘ਤੇ ਐਲਬਨੀਜ਼, ਮੋਦੀ, ਐਲਬਨੀਜ਼ ਲਿਖਿਆ ਹੋਇਆ ਸੀ। ਉਹਨਾਂ ਕਿਹਾ, ਹੁਣ ਲੋਕ ਜਾਣਦੇ ਹਨ।” ਅਸੀਂ ਆਸਟ੍ਰੇਲੀਅਨਾਂ ਅਤੇ ਭਾਰਤੀਆਂ ਵਿਚਕਾਰਲੀ ਉਦਾਰਤਾ, ਉਸ ਅਸਾਧਾਰਨ ਦੌਰੇ ਵਿੱਚ ਲੱਗੇ ਯਤਨਾਂ ਵਾਰੇ ਬਹੁਤ ਕੁੱਝ ਕਿਹਾ। ਇਹ ਪ੍ਰਧਾਨ ਮੰਤਰੀ ਵਜੋਂ ਮੇਰੀ ਪਹਿਲੀ ਯਾਤਰਾ ਵਿੱਚੋਂ ਇੱਕ ਸੀ, ਪ੍ਰਧਾਨ ਮੰਤਰੀ ਵਜੋਂ ਹੁਣ ਮੇਰੀਆਂ ਦੋ ਫੇਰੀਆਂ ਵਿੱਚੋਂ ਇੱਕ ਹੈ। ਪਰ ਹਾਂ, ਮੈਂ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਭਾਰਤ ਦੀਆਂ ਹੋਰ ਵੀ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਹਨ। ਮੇਰੀ ਪਹਿਲੀ 1991 ਵਿੱਚ ਕੀਤੀ ਗਈ ਯਾਤਰਾ ਇੱਕ ਬਹੁਤ ਵੱਖਰੀ ਸੀ ਜਦਕਿ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਤੁਹਾਨੂੰ ਰੋਲ ਗੋਲਡ ਟ੍ਰੀਟਮੈਂਟ ਮਿਲਦਾ ਹੈ।”
ਆਪਣੀ ਪਿਛਲੀਆਂ ਭਾਰਤ ਯਾਤਰਾਵਾਂ ਦੇ ਤਜ਼ਰਬੇ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਐਲਬਨੀਜ਼ ਨੇ ਦੱਸਿਆ ਕਿ, “ਭਾਰਤ ਵਿੱਚ ਜਦੋਂ ਮੈਂ ਬੈਕਪੈਕਿੰਗ ਕੀਤੀ ਤਾਂ ਇਸ ਵਿੱਚ ਰੇਲ ਸਫ਼ਰ ਵੀਂ ਸ਼ਾਮਲ ਸੀ ਜੋ ਕਿ ਬਹੁਤ ਹੀ ਸ਼ਾਨਦਾਰ ਸੀ। ਮੈਂ ਜੈਪੁਰ ਤੋਂ ਉਦੈਪੁਰ ਅਤੇ ਜੈਸਲਮੇਰ ਵੀ ਗਿਆ ਸੀ। ਮੈਂ ਊਠ ਸਫਾਰੀ ਕੀਤੀ। ਮੈਂ ਭਾਰਤ ਵਿੱਚ ਆਵਾਜਾਈ ਦੇ ਸਾਰੇ ਤਰੀਕਿਆਂ ਦੁਆਰਾ ਯਾਤਰਾ ਕੀਤੀ ਅਤੇ ਇਸ ਤਰ੍ਹਾਂ ਮੈਂ ਲੋਕਾਂ ਨੂੰ ਜਾਣ ਸਕਿਆ। ਮੇਰਾ ਸਵਾਗਤ ਉਨ੍ਹਾਂ ਲੋਕਾਂ ਨੇ ਵੀ ਘਰਾਂ ਵਿੱਚ ਕੀਤਾ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਸੀ, ਸਿਰਫ਼ ਉਹ ਸਾਨੂੰ ਮਿਲੇ ਸਨ। ਸ਼ਾਇਦ ਅਜਿਹੀ ਯਾਤਰਾ ‘ਤੇ ਆਸਟ੍ਰੇਲੀਅਨ ਲੋਕਾਂ ਨੂੰ ਦੇਖਣਾ ਘੱਟ ਆਮ ਸੀ। ਜਦੋਂ ਅਸੀਂ ਜੈਸਲਮੇਰ ਗਏ ਸੀ, ਜਿਸ ਤੋਂ ਸਾਡੇ ਜ਼ਿਆਦਾਤਰ ਭਾਰਤੀ ਦੋਸਤ ਬਹੁਤ ਜਾਣੂ ਹਨ, ਪਰ ਸਪੱਸ਼ਟ ਤੌਰ ‘ਤੇ ਕੁੱਝ ਆਸਟ੍ਰੇਲੀਅਨ ਦੋਸਤ ਸ਼ਾਇਦ ਨਾ ਜਾਣੂੰ ਹੋਣ। ਇਹ ਮਾਰੂਥਲ ਵਿੱਚ ਹੈ ਅਤੇ ਇੱਕ ਪੁਰਾਣਾ ਪਹਾੜੀ ਸ਼ਹਿਰ ਹੈ, ਅਸਲ ਵਿੱਚ ਇੱਕ ਪੁਰਾਣੇ ਕਿਲੇ ਵਰਗਾ ਸ਼ਹਿਰ ਹੈ ਪਰ ਸੜਕ ਉਪਰ ਕੋਈ ਵੀ ਨਹੀਂ ਸੀ। ਅਸੀਂ ਉਦੈਪੁਰ ਗਏ ਅਤੇ ਲੇਕ ਪੈਲੇਸ ਹੋਟਲ ਵਿੱਚ ਠਹਿਰੇ, ਇਹ ਇੱਕ ਸ਼ਾਨਦਾਰ ਯਾਤਰਾ ਸੀ। ਮੈਂ ਉਦੋਂ ਤੋਂ ਕਈ ਵਾਰ ਭਾਰਤ ਵਾਪਸ ਗਿਆ ਹਾਂ। ਮੈਂ ਲੇਬਰ ਪਾਰਟੀ ਦਾ ਨੇਤਾ ਬਣਨ ਤੋਂ ਠੀਕ ਪਹਿਲਾਂ ਉੱਥੇ ਇੱਕ ਵਫ਼ਦ ਦੀ ਅਗਵਾਈ ਕੀਤੀ ਸੀ, ਮੈਨੂੰ ਲੱਗਦਾ ਹੈ ਕਿ ਇਹ 2018 ਵਿੱਚ ਸੀ। ਉੱਥੇ ਸਾਡਾ ਹਾਈ ਕਮਿਸ਼ਨ ਪੂਰੀ ਤਰ੍ਹਾਂ ਘਬਰਾ ਗਿਆ ਸੀ ਕਿਉਂਕਿ ਮੈਂ ਅਕਸ਼ਰਧਾਮ ਮੰਦਰ ਜਾਣ ‘ਤੇ ਜ਼ੋਰ ਦਿੱਤਾ ਸੀ ਅਤੇ ਇਕੱਲੇ ਰੇਲਗੱਡੀ ਰਾਹੀਂ ਚਲੇ ਗਿਆ ਸੀ। ਇਹ ਇੱਕ ਬਹੁਤ ਹੀ ਸਨਮਾਨ ਵਾਲੀ ਗੱਲ ਸੀ। ਇਸ ਸਭ ਕੁੱਝ ਦੇ ਹੁੰਦਿਆਂ ਇੱਕ ਚੀਜ਼ ਜੋ ਸਭ ਤੋਂ ਵੱਧ ਮੈਨੂੰ ਮਿਲੀ ਉਹ ਹੈ ਭਾਰਤੀ ਲੋਕਾਂ ਦਾ ਆਪਣਾਪਨ।”
ਆਸਟ੍ਰੇਲੀਆ ਦੇ ਵਿੱਚ ਸਮੂਹ ਪ੍ਰਵਾਸੀ ਭਾਰਤੀਆਂ ਦਾ ਸਵਾਗਤ ਕਰਦਿਆਂ ਪ੍ਰਧਾਨ ਮੰਤਰੀ ਐਲਬਨੀਜ਼ ਨੇ ਕਿਹਾ ਕਿ, “ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਆਪਣੇ ਭਾਰਤੀ ਮੂਲ ‘ਤੇ ਮਾਣ ਕਰਦੇ ਹਨ ਅਤੇ ਜਿਹਨਾਂ ਨੇ ਆਸਟ੍ਰੇਲੀਆ ਨੂੰ ਆਪਣਾ ਘਰ ਬਣਾਇਆ ਹੈ, ਕਿਉਂਕਿ ਤੁਸੀਂ ਆਪਣੀ ਮੌਜੂਦਗੀ ਨਾਲ ਆਸਟ੍ਰੇਲੀਆ ਨੂੰ ਅਮੀਰ ਬਣਾਇਆ ਹੈ। ਤੁਹਾਡੀ ਉੱਦਮਤਾ ਨੇ ਇਸ ਦੇਸ਼ ਵਿੱਚ ਨੌਕਰੀਆਂ ਅਤੇ ਕਾਰੋਬਾਰ ਪੈਦਾ ਕਰਨ ਵਿੱਚ ਮੱਦਦ ਕੀਤੀ ਹੈ। ਇਹ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਉਹ ਲਿੰਕ ਹੈ ਜੋ ਬਹੁਤ ਹੀ ਜਰੂਰੀ ਅਤੇ ਮਹੱਤਵਪੂਰਨ ਹੈ। ਇਸ ਲਈ, ਜਦੋਂ ਪ੍ਰਧਾਨ ਮੰਤਰੀ ਮੋਦੀ ਬਿਨਾਂ ਸ਼ੱਕ ਥੋੜ੍ਹੇ ਸਮੇਂ ਵਿੱਚ ਮੇਰੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੂਜੀ ਵਾਰ ਇੱਥੇ ਆਉਂਣਗੇ ਤਾਂ ਮੈਂ ਭਾਈਚਾਰੇ ਨਾਲ ਜੁੜਨ ਲਈ ਬਹੁਤ ਉਡੀਕ ਕਰ ਰਿਹਾ ਹਾਂ ਕਿਉਂਕਿ ਇਹ ਇੱਕ ਅਜਿਹਾ ਭਾਈਚਾਰਾ ਹੈ ਜਿਸ ਤੋਂ ਬਿਨਾਂ ਆਧੁਨਿਕ ਆਸਟ੍ਰੇਲੀਆ ਦੀ ਕਲਪਨਾ ਕਰਨਾ ਮੁਸ਼ਕਲ ਹੋਵੇਗਾ। ਇਹ, ਬਿਨਾਂ ਸ਼ੱਕ ਆਸਟ੍ਰੇਲੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਪ੍ਰਵਾਸੀ ਭਾਈਚਾਰਾ ਹੈ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਪ੍ਰਵਾਸ ਵਾਰੇ ਸਾਡਾ ਨਜ਼ਰੀਆ, ਜਦੋਂ ਭਾਰਤੀ ਭਾਈਚਾਰੇ ਦੀ ਗੱਲ ਆਉਂਦੀ ਹੈ ਤਾਂ ਆਸਟ੍ਰੇਲੀਅਨਾਂ ਦੇ ਤੌਰ ‘ਤੇ ਸਵਾਗਤਯੋਗ ਹੈ। ਤੁਸੀਂ ਮੈਨੂੰ ਪ੍ਰਵਾਸੀਆਂ ਅਤੇ ਆਸਟ੍ਰੇਲੀਅਨਾਂ ਵਿੱਚ ਫਰਕ ਕਰਦੇ ਕਦੇ ਨਹੀਂਂ ਸੁਣੋਗੇ।”
ਆਸਟ੍ਰੇਲੀਆ-ਭਾਰਤ ਆਪਸੀ ਸਬੰਧਾਂ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਐਲਬਨੀਜ਼ ਨੇ ਕਿਹਾ ਕਿ, “ਸਾਡੇ ਆਰਥਿਕ ਸਬੰਧ ਕਈ ਖੇਤਰਾਂ ਵਿੱਚ ਵਧ ਰਹੇ ਹਨ। ਯਾਤਰਾਵਾਂ ‘ਤੇ ਮੈਨੂੰ ਭਾਰਤ ਤੋਂ ਬਾਹਰ ਦੀਆਂ ਤਸਵੀਰਾਂ ਦੇਖਣ ਦਾ ਮੌਕਾ ਮਿਲਿਆ ਹੈ। ਕਈ ਵਾਰ ਖੇਤੀਬਾੜੀ, ਉਹ ਉਦਯੋਗ ਬਹੁਤ ਮਹੱਤਵਪੂਰਨ ਹੁੰਦੇ ਹਨ, ਪਰ ਉੱਚ ਤਕਨੀਕ ਦੇ ਮਾਮਲੇ ਵਿੱਚ ਤੁਸੀਂ ਹੈਦਰਾਬਾਦ ਅਤੇ ਇਨ੍ਹਾਂ ਕੇਂਦਰਾਂ, ਮੁੰਬਈ ਅਤੇ ਭਾਰਤ ਦੇ ਆਲੇ-ਦੁਆਲੇ ਹਰ ਜਗ੍ਹਾ ਜੋ ਕਰ ਰਹੇ ਹੋ, ਉਹ ਸਿਰਫ਼ ਅਸਾਧਾਰਨ ਹੈ। ਤੁਸੀਂ ਡਾਕਟਰੀ ਖੋਜ ਵਿੱਚ ਦੁਨੀਆਂ ਦੀ ਅਗਵਾਈ ਕਰ ਰਹੇ ਹੋ, ਉਹਨਾਂ ਚੀਜ਼ਾਂ ਦੇ ਇਸਤੇਮਾਲ ਦੇ ਵਿੱਚ ਜੋ ਨਵੇਂ ਵਿਕਾਸ ਜੋ ਇਸ ਸਦੀ ਵਿੱਚ ਵਿਸ਼ਵ ਅਰਥਵਿਵਸਥਾ ਨੂੰ ਸ਼ਕਤੀ ਪ੍ਰਦਾਨ ਕਰਨ ਵਿੱਚ ਮਦਦ ਕਰਨਗੇ, ਜਿਸ ਵਿੱਚ ਏਆਈ, ਰੋਬੋਟਿਕਸ ਅਤੇ ਇਸ ਤਰ੍ਹਾਂ ਦੇ ਹੋਰ ਖੇਤਰ ਵੀ ਸ਼ਾਮਲ ਹਨ। ਤੁਹਾਡੀਆਂ ਕੰਪਨੀਆਂ ਦੀ ਇੱਥੇ ਵੱਡੀ ਮੌਜੂਦਗੀ ਹੈ, ਜਿਵੇਂ ਕਿ ਟਾਟਾ ਅਤੇ ਹੋਰ, ਜੋ ਛੋਟੇ ਕਾਰੋਬਾਰਾਂ ਵਜੋਂ ਤੁਸੀਂ ਜੋ ਕਰ ਰਹੇ ਹੋ ਉਸ ਤੋਂ ਇਲਾਵਾ ਬਹੁਤ ਵੱਡੀਆਂ ਕੰਪਨੀਆਂ ਹਨ। ਮੈਨੂੰ ਖਾਸ ਤੌਰ ‘ਤੇ ਖੁਸ਼ੀ ਹੈ ਕਿ ਸੈਂਟਰ ਫਾਰ ਆਸਟ੍ਰੇਲੀਆ-ਇੰਡੀਆ ਰਿਲੇਸ਼ਨਜ਼ ਨੇ ਹੁਣੇ ਹੀ ਇੱਕ ਇਕਰਾਰਨਾਮੇ ‘ਤੇ ਹਸਤਾਖਰ ਕੀਤੇ ਹਨ ਜਿਸ ਵਿੱਚ ਤੁਹਾਨੂੰ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ 200,000 ਡਾਲਰ ਦੀ ਦੋਸਤੀ ਗ੍ਰਾਂਟ ਦਿੱਤੀ ਗਈ ਹੈ। ਇਹ ਇੱਕ ਸੱਚੀ ਅਤੇ ਵਿਹਾਰਕ ਮਾਨਤਾ ਹੈ। ਕਿਉਂਕਿ 40 ਸਾਲਾਂ ਤੋਂ ਇਹ ਸੰਗਠਨ ਉਸ ਰਿਸ਼ਤੇ ਨੂੰ ਬਣਾਉਣ ਵਿੱਚ ਕੇਂਦਰ ਰਿਹਾ ਹੈ। ਇੱਕ ਅਜਿਹਾ ਰਿਸ਼ਤਾ ਜੋ ਭਾਰਤ ਦੀ ਮੱਦਦ ਕਰਦਾ ਹੈ, ਪਰ ਆਸਟ੍ਰੇਲੀਆ ਦੀ ਵੀ ਮਦਦ ਕਰਦਾ ਹੈ। ਇੱਕ ਅਜਿਹਾ ਰਿਸ਼ਤਾ ਜੋ ਸਾਨੂੰ ਅਤੇ ਨਾਲ ਹੀ ਹਿੰਦ ਮਹਾਂਸਾਗਰ ਵਿੱਚ ਭਾਈਵਾਲ ਬਣਾਉਣ ਵਿੱਚ ਮੱਦਦ ਕਰਦਾ ਹੈ, ਬੇਸ਼ੱਕ ਜਿਸ ਵਿੱਚ ਅਸੀਂ ਇੱਕ ਮੁੱਖ ਖਿਡਾਰੀ ਹਾਂ। ਇਹ ਸਾਨੂੰ ਭਵਿੱਖ ਵੱਲ ਦੇਖਦੇ ਹੋਏ ਬਹੁਤ ਵੱਡਾ ਵਿਸ਼ਵਾਸ ਦਿੰਦਾ ਹੈ।”
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਤਾਵਿਤ ਆਸਟ੍ਰੇਲੀਆ ਦੌਰੇ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਿਆਂ ਕਿਹਾ ਕਿ, “ਮੈਂ ਭਾਈਚਾਰੇ ਨਾਲ ਜੁੜਨਾ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨ ਲਈ ਉਤਸੁਕ ਹਾਂ। ਮੈਨੂੰ ਨਹੀਂ ਲੱਗਦਾ ਕਿ ਮੈਂ ਉਹਨਾਂ ਨੂੰ ਸਿਡਨੀ ਕ੍ਰਿਕਟ ਗਰਾਉਂਡ ਜਾਂ ਮੈਲਬੌਰਨ ਕ੍ਰਿਕਟ ਗਰਾਉਂਡ ਵਿੱਚ ਰੱਥ ਦੀ ਸਵਾਰੀ ਕਰਾ ਪਾਵਾਂਗਾ, ਪਰ ਮੈਨੂੰ ਪਤਾ ਹੈ ਕਿ ਇਹ ਇੱਕ ਸ਼ਾਨਦਾਰ ਦੌਰਾ ਹੋਵੇਗਾ ਅਤੇ ਆਸਟ੍ਰੇਲੀਅਨ ਲੋਕ ਵੀ ਇਸ ਦਾ ਬਹੁਤ ਗਰਮਜੋਸ਼ੀ ਦੇ ਨਾਲ ਸਵਾਗਤ ਕਰਨਗੇ। ‘ਆਸਟ੍ਰੇਲੀਆ ਇੰਡੀਆ ਬਿਜ਼ਨੈਸ ਕੌਂਸਲ’ ਦੇ 40 ਸਾਲ ਪੂਰੇ ਕਰਨ ‘ਤੇ ਬਹੁਤ-ਬਹੁਤ ਵਧਾਈਆਂ !”