ਕੈਨਬਰਾ – ਆਸਟ੍ਰੇਲੀਅਨ ਲੋਕਾਂ ਨੂੰ ਹੁਣ ਕੋਵਿਡ-19 ਦੇ ਦੋਨੋਂ ਵੈਕਸੀਨ ਲਗਾਉਣ ਤੋਂ ਬਾਅਦ ਹੁਣ ਇੱਕ ਹੋਰ ਵੈਕਸੀਨ ‘ਕੋਵਿਡ ਵੈਕਸੀਨ ਬੂਸਟਰ’ ਵੀ ਲਗਾਉਣਾ ਪਵੇਗਾ। ਇਸ ਬੂਸਟਰ ਦੀਆਂ 5 ਲੱਖ ਖੁਰਾਕਾਂ ਨਵੰਬਰ ਦੇ ਵਿੱਚ ਉਪਲਬਧ ਹੋਣਗੀਆਂ ਅਤੇ 18 ਸਾਲ ਤੇ ਇਸ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ 8 ਨਵੰਬਰ ਤੋਂ ਇਸਦੀ ਵੈਕਸੀਨ ਦੀ ਸ਼ੁਰੂਆਤ ਕੀਤੀ ਜਾਵੇਗੀ। ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਯੂਨਾਈਜ਼ੇਸ਼ਨ ਨੇ ਦੂਜੀ ਖੁਰਾਕ ਤੋਂ ਬਾਅਦ 18 ਸਾਲ ਤੇ ਇਸ ਤੋਂ ਜਿਆਦਾ ਉਮਰ ਵਾਲੇ ਆਸਟ੍ਰੇਲੀਅਨ ਲੋਕਾਂ ਲਈ ਫਾਈਜ਼ਰ ਕੋਵਿਡ ਵੈਕਸੀਨ ਬੂਸਟਰ ਦੇ ਟੀਕਾਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਦੋਨੋਂ ਟੀਕੇ ਲਗਵਾ ਚੁੱਕੇ ਆਸਟ੍ਰੇਲੀਅਨ ਲੋਕ ਦੂਜਾ ਵੈਕਸੀਨ ਲੈਣ ਤੋਂ 6 ਮਹੀਨੇ ਦੇ ਵਕਫ਼ੇ ਬਾਅਦ ਬੂਸਟਰ ਲਗਵਾ ਸਕਦੇ ਹਨ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਸਦੀ ਜਾਣਕਾਰੀ ਦਿੰਦਿਆਂ ਕਿਹਾ ਕਿ,”ਇਨ੍ਹਾਂ ਬੂਸਟਰ ਪ੍ਰੋਗਰਾਮਾਂ ਵਿੱਚ ਸਪੱਸ਼ਟ ਤੌਰ ‘ਤੇ ਸਾਰਿਆਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ, ਖਾਸ ਤੌਰ ‘ਤੇ ਏਜ਼ਡ ਕੇਅਰ ਅਤੇ ਹੈਲਥ ਵਰਕਰਜ਼ ਨੂੰ ਇਹ ਬੂਸਟਰ ਪਹਿਲ ਦੇ ਅਧਾਰ ‘ਤੇ ਦਿੱਤਾ ਜਾਵੇਗਾ। ਇਨ-ਰੀਚ ਪ੍ਰੋਗਰਾਮ ਦੁਆਰਾ ਅਪਾਹਜ ਲੋਕਾਂ ਤੱਕ ਵੀ ਇਸਨੂੰ ਪਹੁੰਚ ਜਾਵੇਗਾ। ਉਹਨਾਂ ਕਿਹਾ ਕਿ ਫਰੰਟਲਾਈਨ ਵਰਕਰਾਂ ਨੂੰ ਬੂਸਟਰ ਡੋਜ਼ ਲੈਣ ਲਈ ਬੁਕਿੰਗ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਵਰਨਣਯੋਗ ਹੈ ਕਿ ਹੁਣ ਤੱਕ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ 87:6 ਪ੍ਰਤੀਸ਼ਤ ਆਸਟ੍ਰੇਲੀਅਨਾਂ ਨੇ ਟੀਕੇ ਦੀ ਇੱਕ ਖੁਰਾਕ ਪ੍ਰਾਪਤ ਕੀਤੀ ਹੈ ਅਤੇ 75:5 ਪ੍ਰਤੀਸ਼ਤ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾ ਚੁੱਕਾ ਹੈ।