Ageing Australia ਵੱਲੋਂ ਫੈਡਰਲ ਸਰਕਾਰ ਨੂੰ ਅਹਿਮ ਸਿਫਾਰਸ਼ਾਂ

Ageing Australia ਨੇ ਆਸਟ੍ਰੇਲੀਆ ਵਿੱਚ Aged Care Sector ਨੂੰ ਮਜ਼ਬੂਤ ਅਤੇ ਟਿਕਾਊ ਬਨਾਉਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ 'ਤੇ ਜੋਰ ਦਿੱਤਾ ਹੈ।

ਆਸਟ੍ਰੇਲੀਆ ਵਿੱਚ ਵਧਦੀ ਬਜ਼ੁਰਗ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ Ageing Australia ਨੇ ਫੈਡਰਲ ਬਜਟ ਤੋਂ ਪਹਿਲਾਂ ਸਰਕਾਰ ਨੂੰ ਕਈ ਮਹੱਤਵਪੂਰਨ ਸਿਫਾਰਸ਼ਾਂ ਦਿੱਤੀਆਂ ਹਨ। ਸੰਸਥਾ ਦਾ ਕਹਿਣਾ ਹੈ ਕਿ ਦੇਸ਼ ਵਿੱਚ Aged Care Sector ਨੂੰ ਮਜ਼ਬੂਤ ਅਤੇ ਟਿਕਾਊ ਬਨਾਉਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ।

Ageing Australia ਦੇ CEO ਟੌਮ ਸਾਈਮੰਡਸਨ ਨੇ ਕਿਹਾ ਹੈ ਕਿ, “2044 ਤੱਕ 70 ਸਾਲ ਤੋਂ ਵੱਧ ਉਮਰ ਦੇ ਆਸਟ੍ਰੇਲੀਅਨਾ ਦੀ ਗਿਣਤੀ 23 ਲੱਖ ਹੋ ਜਾਵੇਗੀ। ਇਸ ਲਈ ਹੁਣੇ ਤੋਂ ਤਿਆਰੀ ਕਰਨੀ ਜ਼ਰੂਰੀ ਹੈ। ਇਸ ਵੇਲੇ 1 ਲੱਖ ਤੋਂ ਵੱਧ ਬਜ਼ੁਰਗ ਘਰ ਵਿੱਚ ਦੇਖਭਾਲ ਪੈਕੇਜ ਦੀ ਉਡੀਕ ਕਰ ਰਹੇ ਹਨ ਅਤੇ ਹੋਰ 1 ਲੱਖ ਲੋਕ ਅਜੇ ਜਾਂਚ ਲਈ ਲਾਈਨ ਵਿੱਚ ਹਨ। ਪਿਛਲੇ ਸਾਲ 83 ਹਜ਼ਾਰ ਨਵੇਂ ਪੈਕੇਜਾਂ ਦਾ ਐਲਾਨ ਕੀਤਾ ਗਿਆ ਸੀ, ਪਰ ਮੰਗ ਦੇ ਮੁਕਾਬਲੇ ਇਹ ਕਾਫ਼ੀ ਨਹੀਂ। ਰਿਪੋਰਟ ਮੁਤਾਬਕ ਪਹਿਲਾਂ ਮਨਜ਼ੂਰੀ ਤੋਂ ਬਾਅਦ ਸੇਵਾ ਮਿਲਣ ਵਿੱਚ 4 ਮਹੀਨੇ ਲੱਗਦੇ ਸਨ, ਜੋ ਹੁਣ ਵਧ ਕੇ 8 ਮਹੀਨੇ ਹੋ ਗਏ ਹਨ। ਕਈ ਲੋਕ ਇੱਕ ਸਾਲ ਤੋਂ ਵੀ ਜ਼ਿਆਦਾ ਉਡੀਕ ਕਰ ਰਹੇ ਹਨ। ਸੰਸਥਾ ਦਾ ਕਹਿਣਾ ਹੈ ਕਿ ਬਜ਼ੁਰਗਾਂ ਨੂੰ ਆਪਣੇ ਘਰ ਵਿੱਚ ਰਹਿਣ ਦੀ ਸਹੂਲਤ ਦੇਣਾ ਸਭ ਲਈ ਫਾਇਦੇਮੰਦ ਹੈ। ਰਿਹਾਇਸ਼ੀ ਬਜ਼ੁਰਗ ਸੰਭਾਲ ਘਰਾਂ ਦੀ ਵੀ ਕਮੀ ਹੈ। ਮੰਗ ਪੂਰੀ ਕਰਨ ਲਈ ਹਰ ਸਾਲ 10 ਹਜ਼ਾਰ ਨਵੇਂ ਬਿਸਤਰ ਬਣਾਉਣ ਦੀ ਲੋੜ ਹੈ, ਪਰ ਪਿਛਲੇ ਸਾਲ ਸਿਰਫ਼ ਲਗਭਗ 800 ਹੀ ਬਣੇ। ਇਸ ਤੋਂ ਇਲਾਵਾ 2050 ਤੱਕ ਲਗਭਗ 4 ਲੱਖ ਕਰਮਚਾਰੀਆਂ ਦੀ ਘਾਟ ਹੋਣ ਦਾ ਅਨੁਮਾਨ ਹੈ। ਇਸ ਲਈ ਵਧੇਰੇ ਫੰਡਿੰਗ, ਕਰਮਚਾਰੀਆਂ ਲਈ ਵੀਜ਼ਾ ਸਹੂਲਤਾਂ ਅਤੇ ਪਿੰਡਾਂ ਵਿੱਚ ਸਟਾਫ਼ ਲਈ ਰਹਾਇਸ਼ ਦੀ ਸਹਾਇਤਾ ਵਰਗੇ ਕਦਮ ਲੈਣ ਦੀ ਸਿਫਾਰਸ਼ ਕੀਤੀ ਗਈ ਹੈ।”

Ageing Australia ਦਾ ਕਹਿਣਾ ਹੈ ਕਿ ਜੇ ਇਹ ਸਿਫਾਰਸ਼ਾਂ ਮਨਜ਼ੂਰ ਕੀਤੀਆਂ ਗਈਆਂ ਤਾਂ ਬਜ਼ੁਰਗ ਸੰਭਾਲ ਖੇਤਰ ਮਜ਼ਬੂਤ ਹੋਵੇਗਾ ਅਤੇ ਵਧਦੀ ਉਮਰ ਵਾਲੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰ ਸਕੇਗਾ।

Ageing Australia ਦੀਆਂ ਫੰਡਿੰਗ (ਵਿੱਤੀ ਸਹਾਇਤਾ) ਮੁੱਖ ਸਿਫਾਰਸ਼ਾਂ:

  • ਸਹਾਇਤਾ ਪ੍ਰਾਪਤ ਬਜ਼ੁਰਗਾਂ ਲਈ Accommodation Supplement ਵਧਾਇਆ ਜਾਵੇ, ਤਾਂ ਜੋ ਬਜ਼ੁਰਗ ਸੰਭਾਲ ਘਰ ਚੱਲਦੇ ਰਹਿਣ ਅਤੇ ਸੁਰੱਖਿਅਤ ਤੇ ਆਧੁਨਿਕ ਇਮਾਰਤਾਂ ਬਣਾਈਆਂ ਜਾ ਸਕਣ।
  • Maximum Permissible Interest Rate (MPIR) ਲਈ ਘੱਟੋ-ਘੱਟ 8% ਦਰ ਤੈਅ ਕੀਤੀ ਜਾਵੇ, ਤਾਂ ਜੋ ਨਵੇਂ ਬਜ਼ੁਰਗ ਸੰਭਾਲ ਘਰ ਬਣਾਉਣ ਅਤੇ ਅਪਗ੍ਰੇਡ ਕਰਨ ਲਈ ਨਿਵੇਸ਼ ਵਧੇ।
  • AN-ACC ਮਾਡਲ ਦੀ ਸਮੀਖਿਆ ਕੀਤੀ ਜਾਵੇ, ਤਾਂ ਜੋ ਦੇਖਭਾਲ ਲਈ ਮਿਲਣ ਵਾਲੀ ਰਕਮ ਅਸਲ ਖਰਚਿਆਂ ਦੇ ਅਨੁਸਾਰ ਹੋਵੇ। ਇਸ ਵੇਲੇ ਫੰਡਿੰਗ ਖਰਚਿਆਂ ਤੋਂ ਘੱਟ ਪੈ ਰਹੀ ਹੈ।
  • ਘੱਟ ਵਿਆਜ ਦਰ ‘ਤੇ ਕਰਜ਼ਾ ਸਕੀਮ ਸ਼ੁਰੂ ਕੀਤੀ ਜਾਵੇ, ਤਾਂ ਜੋ ਨਵੇਂ ਬਿਸਤਰ ਬਣਾਉਣ ਅਤੇ ਪੁਰਾਣੇ ਘਰਾਂ ਦੀ ਮੁਰੰਮਤ ਲਈ ਮਦਦ ਮਿਲੇ।
  • ACCAP ਪ੍ਰੋਗਰਾਮ ਦਾ ਵਿਸਥਾਰ ਕੀਤਾ ਜਾਵੇ, ਖਾਸ ਕਰਕੇ ਪਿੰਡਾਂ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਬਜ਼ੁਰਗ ਸੰਭਾਲ ਸਹੂਲਤਾਂ ਲਈ।
  • Support at Home ਸੇਵਾਵਾਂ ਲਈ ਕੀਮਤ ਸੀਮਾ (price cap) 1 ਜਨਵਰੀ 2027 ਤੋਂ ਪਹਿਲਾਂ ਲਾਗੂ ਨਾ ਕੀਤੀ ਜਾਵੇ, ਤਾਂ ਜੋ ਨਵਾਂ ਅਤੇ ਸਹੀ ਡਾਟਾ ਵਰਤਿਆ ਜਾ ਸਕੇ।
  • Support at Home ਵਿੱਚ ਕੇਅਰ ਮੈਨੇਜਮੈਂਟ ਦੀ ਸੀਮਾ ਵਧਾਈ ਜਾਵੇ, ਤਾਂ ਜੋ ਜਟਿਲ ਲੋੜਾਂ ਵਾਲੇ ਬਜ਼ੁਰਗਾਂ ਨੂੰ ਪੂਰੀ ਸਹਾਇਤਾ ਮਿਲ ਸਕੇ।
  • CHSP ਸੇਵਾਵਾਂ ਲਈ ਫੰਡ ਵਧਾਇਆ ਜਾਵੇ, ਤਾਂ ਜੋ ਬਜ਼ੁਰਗਾਂ ਨੂੰ ਲਗਾਤਾਰ ਸਹਾਇਤਾ ਮਿਲਦੀ ਰਹੇ।

ਵਰਕਫੋਰਸ (ਕਰਮਚਾਰੀ) ਸਬੰਧੀ ਸਿਫ਼ਾਰਸ਼ਾਂ:

  • 150 ਮਿਲੀਅਨ ਡਾਲਰ ਰਾਸ਼ੀ ਨਾਲ ACCAP ਦਾ ਵਿਸਥਾਰ ਕੀਤਾ ਜਾਵੇ ਅਤੇ ਬਜ਼ੁਰਗ ਸੰਭਾਲ ਕਰਮਚਾਰੀਆਂ ਲਈ ਰੀਹਾਇਸ਼ ਦੀ ਵਿਵਸਥਾ ਕੀਤੀ ਜਾਵੇ, ਖਾਸ ਕਰਕੇ ਪਿੰਡਾਂ ਅਤੇ ਫਰਸਟ ਨੇਸ਼ਨਜ਼ ਭਾਈਚਾਰਿਆਂ ਵਿੱਚ।
  • ਵਿਦੇਸ਼ੀ ਬਜ਼ੁਰਗ ਸੰਭਾਲ ਕਰਮਚਾਰੀਆਂ ਲਈ ਇੱਕ ਰਾਸ਼ਟਰੀ Essential Skills Visa ਸ਼ੁਰੂ ਕੀਤਾ ਜਾਵੇ, ਤਾਂ ਜੋ ਉਹ ਆਸਟ੍ਰੇਲੀਆ ਆ ਕੇ ਕੰਮ ਕਰ ਸਕਣ।
  • ਮਹੱਤਵਪੂਰਨ ਬਜ਼ੁਰਗ ਅਤੇ ਕਮਿਊਨਟੀ ਕੇਅਰ ਭੂਮਿਕਾਵਾਂ ਲਈ Labour Market Testing ਹਟਾਇਆ ਜਾਵੇ, ਤਾਂ ਜੋ ਅੰਤਰਰਾਸ਼ਟਰੀ ਕਰਮਚਾਰੀਆਂ ਦੀ ਭਰਤੀ ਜਲਦੀ ਹੋ ਸਕੇ।

Related posts

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਆਸਟ੍ਰੇਲੀਅਨ ਯੂਨੀਵਰਸਿਟੀਆਂ ਵਿੱਚ ਸਟਾਫ ਦੀ ਮਾਨਸਿਕ ਸੁਰੱਖਿਆ ਖਤਰੇ ਹੇਠ !

ਭਾਰਤ ਖੰਡਿਤ ਟ੍ਰਾਂਸਐਟਲਾਂਟਿਕ ਦੁਨੀਆ ਨੂੰ ਇਕੱਠੇ ਰੱਖ ਸਕਦਾ ਹੈ !