ਇਕੱਲਤਾ ਅਤੇ ਸਮਾਜਿਕ ਇਕਾਂਤਵਾਸ ਨੂੰ ਹੁਣ ਵੱਡੇ ਜਨਤਕ ਸਿਹਤ ਖਤਰੇ ਵਜੋਂ ਮੰਨਿਆ ਜਾ ਰਿਹਾ ਹੈ। ਇਸ ਕਾਰਣ ਸਰਕਾਰਾਂ ਤਕਨੀਕੀ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਆਸਟ੍ਰੇਲੀਆ ਦੀ ਇੱਕ ਨਵੀਂ ਖੋਜ ਦੱਸਦੀ ਹੈ ਕਿ ਨਵੇਂ AI ‘ਡਿਜ਼ੀਟਲ ਸਾਥੀ’ ਜੋ ਇਕੱਲਤਾ ਦੇ ਹੱਲ ਵਜੋਂ ਵੇਚੇ ਜਾ ਰਹੇ ਹਨ, ਗੰਭੀਰ ਤੌਰ ‘ਤੇ ਅਨੈਤਿਕ ਹਨ ਅਤੇ ਇਹ ਸਮਾਜਿਕ ਇਕਾਂਤਵਾਸ ਨੂੰ ਹੋਰ ਵਧਾ ਸਕਦੇ ਹਨ।
ਮੋਨਾਸ਼ ਯੂਨੀਵਰਸਿਟੀ ਦੀ ਇੱਕ ਨਵੀਂ ਖੋਜ ‘Against Imaginary Friends: why digital companions are no solution to social isolation’ ਦਾ ਮੰਨਣਾ ਹੈ ਕਿ AI ਚੈਟਬੋਟਸ ਅਤੇ ਅਵਤਾਰਸ ਜਿਨ੍ਹਾਂ ਨੂੰ ਖਾਸ ਕਰਕੇ ਬਜ਼ੁਰਗ ਲੋਕਾਂ ਲਈ ਸਮਾਜਿਕ ਸੰਪਰਕ ਦੇ ਬਦਲ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਸਿਰਫ਼ ਝੂਠਾ ਸਮਾਜਿਕ ਜੁੜਾਅ ਦਿੰਦੇ ਹਨ ਅਤੇ ਅਸਲ ਵਿੱਚ ਇਕਾਂਤਵਾਸ ਨੂੰ ਹੋਰ ਡੂੰਘਾ ਕਰ ਸਕਦੇ ਹਨ।
ਇਸ ਖੋਜ ਦੇ ਮੁਖੀ ਪ੍ਰੋਫੈਸਰ ਰੌਬਰਟ ਸਪੈਰੋ ਜੋ ਮੋਨਾਸ਼ ਆਰਟਸ ਫੈਕਲਟੀ ਦੇ ਫ਼ਿਲਾਸਫ਼ੀ ਵਿਭਾਗ ਨਾਲ ਸਬੰਧਤ ਹਨ ਨੇ ਇਸ ਖੋਜ ਸਬੰਧੀ ਦੱਸਿਆ ਹੈ ਕਿ, “ਡਿਜ਼ੀਟਲ ਸਾਥੀਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਮਨੁੱਖੀ ਰਿਸ਼ਤਿਆਂ ਦੀ ਬੁਨਿਆਦੀ ਲੋੜ ਨੂੰ ਨਜ਼ਰਅੰਦਾਜ਼ ਕਰਦੀ ਹੈ। ਲੋਕਾਂ ਨੂੰ ਕਲਪਨਾਤਮਿਕ ਦੋਸਤ ਬਨਾਉਣ ਲਈ ਉਤਸ਼ਾਹਿਤ ਕਰਨਾ ਸਮਾਜਿਕ ਇਕਾਂਤਵਾਸ ਦਾ ਹੱਲ ਨਹੀਂ। ਡਿਜ਼ੀਟਲ ਸਾਥੀ ਕੁੱਝ ਸਮੇਂ ਲਈ ਕਿਸੇ ਨੂੰ ਘੱਟ ਇਕੱਲਾ ਮਹਿਸੂਸ ਕਰਵਾ ਸਕਦੇ ਹਨ ਪਰ ਇਹ ਹਕੀਕਤ ਨਹੀਂ ਬਦਲ ਸਕਦੇ ਕਿ ਉਹ ਫਿਰ ਵੀ ਇਕੱਲੇ ਹਨ।”
ਇਸ ਖੋਜ ਵਿੱਚ ‘ਧੋਖਾ ਦੇਣ ਲਈ ਡਿਜ਼ਾਈਨ ਕਰਨਾ‘ ਨਾਮਕ ਨੈਤਿਕ ਸਮੱਸਿਆ ਨੂੰ ਵੀ ਉਭਾਰਿਆ ਗਿਆ ਹੈ। ਕੰਪਨੀਆਂ ਡਿਜ਼ੀਟਲ ਸਾਥੀਆਂ ਨੂੰ ਦੇਖਭਾਲ ਕਰਨ ਵਾਲੇ, ਧਿਆਨ ਰੱਖਣ ਵਾਲੇ ਅਤੇ ਭਾਵਨਾਤਮਕ ਤੌਰ ‘ਤੇ ਜੁੜੇ ਹੋਏ ਵਜੋਂ ਪੇਸ਼ ਕਰਦੀਆਂ ਹਨ ਜਦਕਿ ਉਹ ਅਸਲ ਭਾਵਨਾਵਾਂ ਰੱਖਣ ਦੇ ਸਮਰੱਥ ਨਹੀਂ। ਇਹ ਡਿਜ਼ੀਟਲ ਸਾਥੀ ਯੂਜ਼ਰ ਦੀ ਦਿਲਚਸਪੀ ਵਧਾਉਣ ਲਈ ਇਸ ਤਰ੍ਹਾਂ ਬਣਾਏ ਜਾਂਦੇ ਹਨ ਕਿ ਉਹ ਸੋਸ਼ਲ ਮੀਡੀਆ ਅਤੇ ਗੇਮਿੰਗ ਪਲੇਟਫਾਰਮਾਂ ਵਾਂਗ ਲਤ ਲਗਾ ਸਕਣ। ਖਤਰਾ ਇਹ ਹੈ ਕਿ ਨਾਜ਼ੁਕ ਹਾਲਤ ਵਾਲੇ ਲੋਕ ਇਨ੍ਹਾਂ ਨਾਲ ਜ਼ਿਆਦਾ ਜੁੜ ਕੇ ਅਸਲੀ ਜ਼ਿੰਦਗੀ ਦੇ ਰਿਸ਼ਤਿਆਂ ਤੋਂ ਦੂਰ ਹੋ ਸਕਦੇ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਦੀ ਦੇਖਭਾਲ ਲਈ ਸਮਾਜਿਕ ਰੋਬੋਟ ਤਿਆਰ ਕਰਨਾ ਆਪਣੇ ਆਪ ਵਿੱਚ ਬਜ਼ੁਰਗਾਂ ਲਈ ਅਦਬ ਦੀ ਘਾਟ ਦਿਖਾਉਂਦਾ ਹੈ।
ਪ੍ਰੋਫੈਸਰ ਰੌਬਰਟ ਸਪੈਰੋ ਨੇ ਹੋਰ ਦੱਸਿਆ ਕਿ, “ਏਆਈ ਸਾਥੀਆਂ ਨੂੰ ਬਜ਼ੁਰਗ ਸੰਭਾਲ ਕਰਮਚਾਰੀਆਂ ਦੀ ਘਾਟ ਦਾ ਹੱਲ ਦੱਸਿਆ ਜਾ ਰਿਹਾ ਹੈ ਪਰ ਹਰ ਵਾਰ ਜਦੋਂ ਬਜ਼ੁਰਗ ਕਿਸੇ ਰੋਬੋਟ ਨਾਲ ਗੱਲ ਕਰਦੇ ਹਨ ਤਾਂ ਉਹਨਾਂ ਦਾ ਮਨੁੱਖ ਨਾਲ ਗੱਲ ਕਰਨ ਦਾ ਇੱਕ ਮੌਕਾ ਘੱਟ ਜਾਂਦਾ ਹੈ। ਇਹ ਡਿਜ਼ੀਟਲ ਸਾਥੀ ਵਧਦੀ ਉਮਰ ਵਾਲੀ ਅਬਾਦੀ ਲਈ ਹੱਲ ਵਜੋਂ ਵੇਚੇ ਜਾ ਰਹੇ ਹਨ, ਹਾਲਾਂਕਿ ਜੇ ਇਹਨਾਂ ਨੂੰ ਨੌਜਵਾਨਾਂ ਲਈ ਪੇਸ਼ ਕੀਤਾ ਜਾਂਦਾ ਤਾਂ ਇਹ ਪਸੰਦ ਨਹੀਂ ਕੀਤੇ ਜਾਣਗੇ।”
ਭਾਵਨਾਤਮਕ ਖਤਰਿਆਂ ਤੋਂ ਇਲਾਵਾ ਖੋਜਕਾਰਾਂ ਨੇ ਜ਼ੋਰ ਦਿੱਤਾ ਕਿ ਡਿਜ਼ੀਟਲ ਸਾਥੀ ਸਰੀਰਕ ਸਾਥ ਜਾਂ ਛੋਹ ਦੀ ਲੋੜ ਪੂਰੀ ਨਹੀਂ ਕਰ ਸਕਦੇ। ਉਹ ਚੇਤਾਵਨੀ ਦਿੰਦੇ ਹਨ ਕਿ ਜੇ ਇਹ ਵਿਆਪਕ ਤੌਰ ‘ਤੇ ਵਰਤੇ ਗਏ ਤਾਂ ਸਰੀਰਕ ਛੋਹ ਅਤੇ ਆਪਸੀ ਮਦਦ ਦੇ ਮੌਕੇ ਘੱਟ ਸਕਦੇ ਹਨ।
ਪ੍ਰੋਫੈਸਰ ਰੌਬਰਟ ਸਪੈਰੋ ਨੇ ਕਿਹਾ ਕਿ, “ਇਸ ਗੱਲ ਦਾ ਅਸਲੀ ਖਤਰਾ ਹੈ ਕਿ ਡਿਜ਼ੀਟਲ ਸਾਥੀ ਸੱਚੇ ਮਨੁੱਖੀ ਪਿਆਰ ਅਤੇ ਦੇਖਭਾਲ ਦਾ ਸਸਤਾ ਬਦਲ ਬਣ ਜਾਣ। ਸਰਕਾਰਾਂ ਜੇ ਅਸਲ ਨੀਤੀ ਸੁਧਾਰਾਂ ਦੀ ਥਾਂ ਲੋਕਾਂ ਨੂੰ ਏਆਈ ਕਲਪਨਾਤਮਕ ਦੋਸਤ ਦੇਣ ਲੱਗ ਪਈਆਂ ਤਾਂ ਇਹ ਸਮੱਸਿਆ ਨੂੰ ਹੋਰ ਵੀ ਖਰਾਬ ਕਰ ਸਕਦਾ ਹੈ।”
ਯੂਜ਼ਰ ਦੀ ਨਿੱਜਤਾ ਬਾਰੇ ਚਿੰਤਾਵਾਂ ਵੀ ਗੰਭੀਰ ਹਨ ਕਿਉਂਕਿ ਡਿਜ਼ੀਟਲ ਸਾਥੀ ਬਹੁਤ ਨਿੱਜੀ ਜਾਣਕਾਰੀ ਇਕੱਠੀ ਕਰ ਸਕਦੇ ਹਨ। ਖੋਜਕਾਰਾਂ ਦੇ ਅਨੁਸਾਰ ਇਹ ਸਾਥੀ ਯੂਜ਼ਰ ਦੀ ਸ਼ਖਸੀਅਤ ‘ਤੇ ਪ੍ਰਭਾਵ ਪਾ ਸਕਦੇ ਹਨ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦੇ ਵੱਡੇ ਮੌਕੇ ਪੈਦਾ ਕਰ ਸਕਦੇ ਹਨ। ਇਸ ਲਈ ਇਨ੍ਹਾਂ ਦੀ ਡਿਜ਼ਾਈਨ ਅਤੇ ਵਰਤੋਂ ਲਈ ਸਖ਼ਤ ਨਿਗਰਾਨੀ ਅਤੇ ਮਜ਼ਬੂਤ ਕਾਨੂੰਨੀ ਨਿਯਮ ਲਾਜ਼ਮੀ ਹਨ। ਅਖੀਰ ਵਿੱਚ ਲੇਖਕ ਵੱਡੀ ਜਨਤਕ ਚਰਚਾ ਅਤੇ ਸਪੱਸ਼ਟ ਨਿਯਮ ਬਨਾਉਣ ਦੀ ਮੰਗ ਕਰਦੇ ਹਨ ਤਾਂ ਜੋ ਡਿਜ਼ੀਟਲ ਸਾਥੀਆਂ ਨੂੰ ਇਕੱਲਤਾ ਅਤੇ ਸਮਾਜਿਕ ਇਕਾਂਤਵਾਸ ਦੇ ਅਸਲ ਹੱਲ ਵਜੋਂ ਨਾ ਮੰਨਿਆ ਜਾਵੇ, ਅਤੇ ਸਰਕਾਰਾਂ ਜ਼ਰੂਰੀ ਨੀਤੀ ਸੁਧਾਰ ਕਰਨ ਤੋਂ ਨਾ ਬਚ ਸਕਣ।